ਨੂਰਪੁਰ ਕਿਲੇ ਦੀ ਯਾਤਰਾ - ਭਾਗ 5
ਮੈਂ ਹੌਲੀ ਹੌਲੀ ਕਿਲੇ ਦੇ ਗੇਟ ਵੱਲ ਤੁਰਦਾ ਹਾਂ, ਸਭ ਤੋਂ ਪਹਿਲਾਂ ਥਾਣਾ ਆਉਂਦਾ ਹੈ ਜੋ ਕਿ ਕਿਲੇ ਦੇ ਇਕ ਭਾਗ ਵਿਚ ਬਣਿਆ ਹੈ ਅਤੇ ਫਿਰ ਤਹਿਸੀਲਦਾਰ ਦਾ ਦਫ਼ਤਰ। ਇਸ ਤੋਂ ਅੱਗੇ ਕੋਰਟ ਹੈ। ਇਸ ਸੜਕ ਤੇ ਅਰਜੀ ਨਵੀਸ਼
ਸੜਕ ਕਿਨਾਰੇ ਆਸਰੇ ਬਣਾ ਕੇ ਆਪਣੇ ਕੰਪਿਊਟਰ ਪ੍ਰਿੰਟਰ ਰੱਖੀ ਬੈਠੇ ਹਨ। ਕਾਫੀ ਚਹਿਲ ਪਹਿਲ ਹੈ। ਕਿਸੇ ਕਿਸੇ ਕੋਲ ਲੋਕ ਆਪਣੀ ਅਰਜੀ ਆਦਿ ਲਿਖਵਾ ਰਹੇ ਹਨ। ਕਾਲੇ ਕੋਟਾਂ ਵਿਚ ਵਕੀਲ ਵੀ ਇੱਧਰ ਓਧਰ ਆਉਂਦੇ ਜਾਂਦੇ ਦਿਖਦੇ ਹਨ। ਇਹ ਸਾਰਾ ਕੁਝ ਕਿਲੇ ਦੇ ਕੰਪਲੈਕਸ ਦੇ ਹੀ ਇਕ ਬਾਹਰੀ ਹਿੱਸੇ ਵੱਲ ਹੈ।ਕਿਲੇ ਦੀ ਮੁੱਖ ਢਿਓਡੀ ਵੱਲ ਮੁੜਦਿਆਂ ਹੀ ਇਕ ਛੋਟੇ ਪਾਰਕ ਵਿਚ ਘੋੜੇ ਤੇ ਸਵਾਰ ਸੁਤੰਰਤਾ ਸੰਗਰਾਮੀ ਵਜੀਰ ਰਾਮ ਸਿੰਘ ਦਾ ਬੁੱਤ ਧਿਆਨ ਖਿਚਦਾ ਹੈ। ਇਸ ਤੇ ਇਸ ਆਜਾਦੀ ਘੁਲਾਟੀਏ ਬਾਰੇ ਜੋ ਇਬਾਰਤ ਲਿਖੀ ਹੋਈ ਸੀ, ਉਸ ਨੂੰ ਪੜ੍ਹਨ ਲੱਗਦਾ ਹਾਂ।
ਵਜ਼ੀਰ ਰਾਮ ਸਿੰਘ ਪਠਾਣੀਆਂ ਦਾ ਜਨਮ 10 ਅਪ੍ਰੈਲ 1824 ਨੂੰ ਮਾਤਾ ਇੰਦੋਰੀ ਦੇਵੀ ਤੇ ਪਿਤਾ ਵਜ਼ੀਰ ਸ਼ਾਮ ਸਿੰਘ ਪਠਾਣੀਆਂ ਦੇ ਘਰ ਹੋਇਆ ਸੀ। ਇਸ ਦੌਰਾਨ ਨੂਰਪੁਰ ਦੇ ਰਾਜਾ ਵੀਰ ਸਿੰਘ ਦੀ ਮੌਤ ਸਮੇਂ ਉਸ ਦੇ ਰਾਜਕੁਮਾਰ ਜਸਵੰਤ ਸਿੰਘ ਦੀ ਉਮਰ 10 ਸਾਲ ਸੀ ਜਿਸ ਨੂੰ ਅੰਗਰੇਜ਼ਾਂ ਨੇ ਰਾਜੇ ਦੇ ਰੂਪ ਵਿੱਚ ਸਵੀਕਾਰ ਕਰਨ ਤੋਂ ਮਨਾ ਕਰ ਦਿੱਤਾ। ਅੰਗਰੇਜ਼ ਭਾਰਤੀ ਰਿਆਸਤਾਂ ਨੂੰ ਆਪਣੇ ਅਧੀਨ ਲਿਆਉਣ ਲਈ ਇਸੇ ਤਰਾਂ ਦੀਆਂ ਚਾਲਾਂ ਚਲਦੇ ਰਹਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਨੂੰ ਆਪਣੇ ਅਧੀਨ ਲਿਆਉਣ ਲਈ ਉਨ੍ਹਾਂ ਨੇ ਕੀ ਕੁਝ ਨਹੀਂ ਕੀਤਾ ਅਸੀਂ ਸਭ ਜਾਣਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਦਲੀਪ ਸਿੰਘ ਤੋਂ ਵੀ ਉਨ੍ਹਾਂ ਨੇ ਅਜਿਹੀਆਂ ਚਾਲਾਂ ਚੱਲ ਕੇ ਰਾਜ ਖੋਹਿਆ ਸੀ।
ਮੈਂ ਆਪਣੀ ਸੋਚਾਂ ਦੀ ਤੰਦ ਤੋੜ ਕੇ ਮੁੜ ਬੁੱਤ ਤੇ ਲਿਖੀ ਇਬਾਰਤ ਨੂੰ ਅੱਗੇ ਪੜ੍ਹਨ ਲੱਗਦਾ ਹਾਂ।
ਅੰਗਰੇਜਾਂ ਵੱਲੋਂ ਆਪਣੇ ਰਾਜਕੁਮਾਰ ਨੂੰ ਰਾਜਾ ਨਾ ਮੰਨਣ ਤੇ ਵਜ਼ੀਰ ਰਾਮ ਸਿੰਘ ਪਠਾਣੀਆ ਨੇ ਆਪਣੇ 500 ਸਾਥੀਆਂ ਨਾਲ ਮਮੂਨ ਕੈਂਟ ਤੇ ਅੰਗਰੇਜ਼ਾਂ ਤੇ 14 ਅਗਸਤ 1848 ਨੂੰ ਰਾਤ ਸਮੇਂ ਹਮਲਾ ਕਰ ਦਿੱਤਾ ਅਤੇ ਕੰਢੀ ਦੁਰਗ ਜਿੱਤ ਕੇ 15 ਅਗਸਤ 1848 ਦੀ ਸਵੇਰ ਨੂੰ ਇੱਥੇ ਅੰਗਰੇਜ਼ੀ ਝੰਡਾ ਉਤਾਰ ਕੇ ਸਾੜ ਦਿੱਤਾ ਤੇ ਆਪਣੇ ਰਾਜ ਦਾ ਝੰਡਾ ਫਹਿਰਾ ਦਿੱਤਾ। ਉਹਨਾਂ ਨੇ ਇੱਥੇ ਐਲਾਨ ਕੀਤਾ ਕਿ 10 ਸਾਲਾਂ ਦੇ ਜਸਵੰਤ ਸਿੰਘ ਨੂਰਪੁਰ ਰਿਆਸਤ ਦੇ ਰਾਜਾ ਹੋਣਗੇ ਅਤੇ ਉਹ ਖੁਦ ਉਹਨਾਂ ਦਾ ਸੈਨਾਪਤੀ ਹੋਵੇਗਾ। ਇਥੋਂ ਵਜ਼ੀਰ ਰਾਮ ਸਿੰਘ ਪਠਾਣੀਆਂ ਨੇ ਅੰਗਰੇਜ਼ਾਂ ਨੂੰ ਪੰਜਾਬ ਵਾਲੇ ਪਾਸੇ ਨੂੰ ਪਛਾੜਨਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਅੰਗਰੇਜ਼ਾਂ ਨੇ ਇੱਕ ਵੱਡੀ ਸੈਨਾ ਇਸ ਵਿਦਰੋਹ ਨੂੰ ਰੋਕਣ ਲਈ ਭੇਜੀ। ਕੋਪੜਾ ਦੀਆਂ ਪਹਾੜੀਆਂ ਵਿੱਚ ਘਮਾਸਾਨ ਦਾ ਯੁੱਧ ਹੋਇਆ ਅਤੇ ਇੱਥੇ ਫਿਰੰਗੀ ਸੈਨਾ ਨੂੰ ਹਾਰ ਹੋਈ। ਅੰਗਰੇਜ਼ੀ ਸਰਕਾਰ ਨੇ ਇਸ ਅੰਦੋਲਨ ਨੂੰ ਦਬਾਉਣ ਲਈ ਬ੍ਰਿਗੇਡੀਅਰ ਵਹੀਲਰ ਨੂੰ ਕਲਕੱਤਾ ਤੋਂ ਅਤੇ ਲਾਹੌਰ ਤੋਂ ਇੱਕ ਵੱਖਰੀ ਫੌਜ ਨੂਰਪੁਰ ਭੇਜੀ। ਡੱਲੇ ਦੀ ਧਾਰ ਤੇ 16-17 ਜਨਵਰੀ 1849 ਨੂੰ ਮੁੜ ਭਿਅੰਕਰ ਗੁਰੀਲਾ ਯੁੱਧ ਹੋਇਆ, ਜਿਸ ਵਿੱਚ ਕਿਹਾ ਜਾਂਦਾ ਹੈ ਕਿ ਵਜੀਰ ਰਾਮ ਸਿੰਘ ਪਠਾਣੀਆਂ ਨੇ ਆਪਣੀ ਚੰਡੀ ਨਾਮਕ ਤਲਵਾਰ ਨਾਲ ਜੋਨ ਪੀਲ੍ਹ ਅਤੇ ਹੋਰ ਕਈ ਵੱਡੇ ਅੰਗਰੇਜ਼ ਅਫਸਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਯੁੱਧ ਦੇ ਮੈਦਾਨ ਵਿੱਚ ਮੂੰਹ ਦੀ ਖਾਣ ਤੋਂ ਬਾਅਦ ਅੰਗਰੇਜ਼ਾਂ ਨੇ ਕੁਝ ਲੋਕਾਂ ਨੂੰ ਲਾਲਚ ਦੇ ਕੇ ਵਜੀਰ ਰਾਮ ਸਿੰਘ ਪਠਾਣੀਆ ਉਸ ਸਮੇਂ ਘੇਰ ਲਿਆ ਜਦੋਂ ਉਹ ਪੂਜਾ ਕਰ ਰਹੇ ਸਨ। ਤਦ ਵੀ ਉਸਨੇ ਛੇ ਅੰਗਰੇਜ਼ੀ ਸੈਨਿਕਾਂ ਨੂੰ ਕਾਬੂ ਆਉਣ ਤੋਂ ਪਹਿਲਾਂ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ ਵਿੱਚ ਵਜ਼ੀਰ ਰਾਮ ਸਿੰਘ ਪਠਾਣੀਆਂ ਨੂੰ ਅੰਗਰੇਜ਼ਾਂ ਨੇ ਦੇਸ਼ ਨਿਕਾਲਾ ਦੇ ਰੰਗੂਨ ਭੇਜ ਦਿੱਤਾ ਅਤੇ ਉੱਥੇ ਹੀ 11 ਨਵੰਬਰ 1856 ਨੂੰ ਦੇਸ਼ ਦੇ ਇਸ ਮਹਾਨ ਸਪੂਤ ਦੀ ਮੌਤ ਹੋ ਗਈ।
ਪੰਜਾਬ ਦੇ ਰਾਜ ਕੁਮਾਰ ਦਲੀਪ ਸਿੰਘ ਨਾਲ ਵੀ ਅਜਿਹਾ ਹੀ ਹੋਇਆ ਸੀ, ਇਕ ਵਾਰ ਵਤਨਾਂ ਤੋਂ ਦੂਰ ਕਰਨ ਤੋਂ ਬਾਅਦ ਫਰੰਗੀਆਂ ਨੇ ਉਸਨੂੰ ਮੁੜ ਭਾਰਤ ਨਾ ਮੁੜਨ ਦਿੱਤਾ। ਮੈਨੂੰ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਮੁੜ ਮੁੜ ਯਾਦ ਆ ਰਿਹਾ ਸੀ ਕਿਉਂਕਿ ਕਦੇ ਇਸ ਇਲਾਕੇ ਤੱਕ ਇਕ ਸਿੱਖ ਰਾਜੇ ਦਾ ਧਰਮ ਨਿਰਪੱਖ ਰਾਜ ਸੀ। ਨੂਰਪੁਰ ਰਿਆਸਤ ਨਾਲ ਜੋ ਇਸ ਸਮੇਂ (1848-49 ਵਿਚ) ਹੋਇਆ, ਅਜਿਹਾ ਹੀ ਵਰਤਾਰਾ ਇਸਤੋਂ ਕੋਈ 10 ਸਾਲ ਪਹਿਲਾਂ ਤੋਂ ਲਾਹੌਰ ਦਰਬਾਰ ਵਿਚ ਵਾਪਰ ਰਿਹਾ ਸੀ ਅਤੇ ਅੰਗਰੇਜ ਭਾਰਤ ਦੀ ਆਖਰੀ ਆਜਾਦ ਰਿਆਸਤ ਨੂੰ ਆਪਣੇ ਦੁਨੀਆਂ ਦੇ ਸਭ ਤੋਂ ਵੱਡੇ ਰਾਜ ਵਿਚ ਮਿਲਾਉਣ ਲਈ ਘਿਨਾਉਣੀਆਂ ਚਾਲਾਂ ਚੱਲ ਰਹੇ ਸਨ।
ਕਿਲੇ ਦੇ ਮੁੱਖ ਗੇਟ ਤੇ ਆਪਣੇ ਸਾਹਮਣੇ ਬੈਠਾ ਇਕ ਮੁਲਾਜਮਾ ਆਉਣ ਵਾਲੇ ਸੈਲਾਨੀਆਂ ਦੀ ਐਂਟਰੀ ਕਰ ਰਿਹਾ ਹੈ। ਪਹਿਚਾਣ ਦਾ ਸਬੂਤ ਲੈਕੇ ਉਹ ਮੇਰਾ ਨਾਂ ਆਪਣੇ ਰਜਿਸਟਰ ਵਿਚ ਲਿਖਦਾ ਹੈ ਅਤੇ ਮੈਨੂੰ ਅੰਦਰ ਜਾਣ ਦਾ ਇਸਾਰਾ ਕਰਦਾ ਹੈ। ਇੱਥੇ ਕਿਲਾ ਵੇਖਣ ਦੀ ਕੋਈ ਫੀਸ ਨਹੀਂ ਹੈ। ਇਸ ਨੂੰ ਪੁਰਾਤੱਤਵ ਵਿਭਾਗ ਵੱਲੋਂ ਸੁਰੱਖਿਅਤ ਸਥਾਨ ਐਲਾਣਿਆ ਹੋਇਆ ਹੈ। ਜਿਸ ਕਿਲੇ ਨੂੰ ਅੰਗਰੇਜਾਂ ਨੇ ਸਾਜਿਸ਼ਾ ਨਾਲ ਜਿੱਤਿਆ ਸੀ ਉਸਦੇ ਦੁਆਰ ਨਾਲ ਅੱਜ ਸ਼ਾਨ ਨਾਲ ਤਿੰਰਗਾ ਲਹਿਰਾ ਰਿਹਾ ਹੈ। ਮੈਂ ਗੇਟ ਰਾਹੀਂ ਕਿਲੇ ਦੇ ਅੰਦਰ ਵੱਲ ਤੁਰਦਾ ਹਾਂ।
ਚਲਦਾ...
ਅਗਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ
ਪਿੱਛਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ
ਸਭ ਤੋਂ ਪਹਿਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ।
To read in English Click Here
हिंदी में पढ़ने के लिए यहाँ क्लिक करें

.jpeg)
.jpeg)
No comments:
Post a Comment