ਹਿਮਾਚਲ ਵਾਲੇ ਯਾਤਰੀ ਦੇ ਫੋਨ ਦੀ ਰਿੰਗ ਵੱਜਦੀ ਹੈ। ਉਸਦੇ ਭਤੀਜੇ ਦੀ ਕਾਲ ਸੀ। ਉਹ ਪੁੱਛ ਰਿਹਾ ਸੀ ਕਿ ਕਿੰਨੀ ਦੇਰ ਵਿਚ ਬੱਸ ਅੱਡੇ ਤੇ ਆ ਜਾਵੇਗੀ। ਹੁਣ ਉਸਦਾ ਬੱਸ ਅੱਡਾ ਬਸ ਆ ਹੀ ਗਿਆ ਸੀ। ਉਸਦਾ ਪਿੰਡ ਮੁੱਖ
ਇਸ ਤੋਂ ਬਾਅਦ ਜਸੂਰ ਤੱਕ ਮੈਂ ਸੜਕ ਕਿਨਾਰੇ ਨਿਹਾਰਦਾ ਸਫਰ ਕਰਦਾ ਰਹਿੰਦਾ ਹੈ। ਜਸੂਰ ਇਕ ਟੀ ਪੁਆਇੰਟ ਬਣਦਾ ਹੈ। ਤਲਵਾੜੇ ਵਾਲੇ ਪਾਸਿਓ ਜਾਇਆਂ ਖੱਬੇ ਹੱਥ ਨੂੰ ਪਠਾਨਕੋਟ Pathankotਨੂੰ ਸੜਕ ਜਾਂਦੀ ਹੈ ਅਤੇ ਸੱਜੇ ਹੱਥ ਨੂਰਪੁਰ Noorpur ਵਿਚਦੀ ਕਾਂਗੜਾ Kangra ਨੂੰ। ਬੱਸ ਕੰਡਕਟਰ ਮੈਨੂੰ ਇਸਾਰੇ ਨਾਲ ਸੜਕੇ ਦੇ ਦੂਜੇ ਪਾਸੇ ਖੜੀਆਂ ਬੱਸਾਂ ਵੱਲ ਇਸਾਰਾ ਕਰਕੇ ਉਥੋਂ ਬੱਸ ਫੜਨ ਦੀ ਗੱਲ ਆਖਦਾ ਹੈ। ਭਾਂਵੇਂ ਜਸੂਰ ਦਾ ਛੋਟਾ ਜਿਹਾ ਬੱਸ ਅੱਡਾ ਅੱਗੇ ਸੀ ਪਰ ਇਹ ਟੀ ਪੁਆਇੰਟ ਹੀ ਅਸਲ ਬੱਸ ਅੱਡਾ ਬਣਿਆ ਹੋਇਆ ਹੈ।
ਜਸੂਰ ਵਿਚ ਐਨਡੀਆਰਐਫ NDRF ਦੀ 14ਵੀਂ ਬਟਾਲੀਅਨ ਦਾ ਹੈਡਕੁਆਰਟਰ ਵੀ ਹੈ। ਭਾਵੇਂ ਇਹ ਇਕ ਛੋਟਾ ਕਸਬਾ ਜਿਹਾ ਹੀ ਜਾਪਦਾ ਸੀ। ਐਨਡੀਆਰਐਫ ਦੀ ਭੁਮਿਕਾ ਕੁਦਰਤੀ ਆਫਤਾਂ ਵਿਚ ਬਹੁਤ ਵੱਧ ਜਾਂਦੀ ਹੈ। 2023 ਅਤੇ 2025 ਵਿਚ ਆਏ ਹੜ੍ਹਾਂ ਦੌਰਾਨ ਫਾਜ਼ਿਲਕਾ Fazilka ਜ਼ਿਲ੍ਹੇ ਵਿਚ ਆਪਣੀ ਡਿਊਟੀ ਦੌਰਾਨ ਇਸ ਫੋਰਸ ਦੇ ਕੰਮਕਾਜ ਨੂੰ ਨੇੜਿਓ ਵੇਖਿਆ। ਕੁਦਰਤੀ ਆਫ਼ਤਾ ਸਮੇਂ ਮਨੁੱਖੀ ਜਾਨਾਂ ਬਚਾਉਣ ਵਿਚ ਇੰਨਾਂ ਦਾ ਯੋਗਦਾਨ ਅਹਿਮ ਹੋ ਜਾਂਦਾ ਹੈ।
ਪਰ ਕੁਦਰਤ ਜੋ ਸਾਡੇ ਤੇ ਐਨ੍ਹੀ ਮਿਹਰਬਾਨ ਵੀ ਹੈ ਤਾਂ ਫਿਰ ਉਹ ਆਫਤ ਕਿਵੇਂ ਬਣਦੀ ਹੈ। ਜਸੂਰ ਵਿਚ ਫਲਾਈ ਓਵਰ ਬਣ ਰਿਹਾ ਹੈ। ਇਸ ਕਰਕੇ ਟਰੈਫਿਕ ਹੌਲੀ ਹੈ। ਪਹਾੜੀ ਰਾਜਾਂ ਵਿਚ ਤੇਜੀ ਨਾਲ ਸੜਕੀ ਨੈਟਵਰਕ ਮਜਬੂਤ ਕੀਤਾ ਜਾ ਰਿਹਾ ਹੈ। ਇਸਦੀ ਜਰੂਰਤ ਵੀ ਹੈ ਪਰ ਇਹ ਕੋਸ਼ਿਸ ਪਹਾੜਾਂ ਦੀ ਸੁੰਦਰਤਾ ਵੀ ਵਿਗਾੜ ਰਹੀ ਹੈ ਅਤੇ ਵਾਤਾਵਰਨ ਲਈ ਵੀ ਚੁਣੋਤੀ ਹੈ। ਪਹਾੜਾਂ ਨੂੰ ਭੋਰ ਭੋਰ ਕੇ ਸੜਕਾ ਨੂੰ ਚੌੜਾ ਕੀਤਾ ਜਾ ਰਿਹਾ ਹੈ। ਮਲਬਾ ਖੱਡਾ, ਨਾਲਿਆਂ ਤੇ ਨਦੀਆਂ ਵਿਚ ਧੱਕ ਦਿੱਤਾ ਜਾਂਦਾ ਹੈ। ਬਾਰਿਸ਼ਾਂ ਦੇ ਪਾਣੀ ਨਾਲ ਇਹ ਮਲਬਾ ਅੱਗੇ ਜਾਂ ਤਾਂ ਡੈਮਾਂ ਵਿਚ ਆ ਕੇ ਭਰਦਾ ਹੈ ਤੇ ਉਨ੍ਹਾਂ ਦੀ ਜਲ ਭੰਡਾਰਨ ਸਮੱਰਥਾ ਘੱਟ ਕਰਦਾ ਹੈ ਤੇ ਜਾਂ ਨਦੀਆਂ ਵਿਚ ਜਾ ਕੇ ਉਨ੍ਹਾਂ ਦੀ ਪਾਣੀ ਪ੍ਰਵਾਹ ਦੀ ਸਮਰੱਥਾ ਵਿਚ ਰੁਕਾਵਟ ਬਣਕੇ ਹੜ੍ਹਾ ਦਾ ਕਾਰਨ ਬਣਦਾ ਹੈ। ਅਸਲ ਵਿਚ ਮਨੁੱਖ ਹੀ ਹੈ ਜੋ ਕੁਦਰਤ ਨੂੰ ਵਰਦਾਨ ਤੋਂ ਸਰਾਪ ਬਣਨ ਲਈ ਮਜਬੂਰ ਕਰਦਾ ਹੈ।
ਜਸੂਰ Jassur ਤੋਂ ਬੱਸ ਫੜ ਕੇ ਮੈਂ ਨੂਰਪੁਰ ਦੀ ਟਿਕਟ ਲੈਂਦਾ ਹਾਂ। ਕੰਡਕਟਰ ਨੂੰ ਆਖ ਦਿੰਦਾ ਹਾਂ ਕਿ ਉਥੇ ਉਤਾਰ ਦੇਵੇ ਜਿੱਥੋਂ ਕਿਲਾ ਨੇੜੇ ਹੋਵੇ। ਬਹੁਤ ਥੋੜੇ ਜਿਹੇ ਫਾਸਲੇ ਤੇ ਹੀ ਨੂਰਪੁਰ ਆ ਜਾਂਦਾ ਹੈ। ਮੁੱਖ ਸੜਕ ਤੇ ਛੋਟਾ ਜਿਹਾ ਬਜਾਰ ਹੈ। 50 ਕੁ ਦੁਕਾਨਾਂ ਹੋਣਗੀਆਂ ਜਿੱਥੇ ਕੰਡਕਟਰ ਮੈਨੂੰ ਉਤਾਰਦਾ ਹੈ।
ਮੈਂ ਕਿਲੇ ਦਾ ਰਾਹ ਪੁੱਛਦਾ ਹਾਂ। ਦੁਕਾਨ ਵਾਲਾ ਭਾਈ ਸਾਹਮਣੇ ਮੁੱਖ ਬਜਾਰ ਵਾਲੀ ਗਲੀ ਵੱਲ ਇਸ਼ਾਰਾ ਕਰ ਦਿੰਦਾ ਹੈ। ਇਹ 12 ਜਾਂ 15 ਕੁ ਫੁੱਟ ਚੌੜੀ ਗਲੀ ਹੈ। ਇਹ ਗਲੀ ਹੀ ਅਸਲ ਵਿਚ ਨੂਰਪੁਰ ਦਾ ਮੁੱਖ ਬਜਾਰ ਹੈ। ਇਹ ਗਲੀ ਇਸ ਪਾਸਿਓ ਲੱਗ ਕੇ ਸ਼ਹਿਰ ਦੇ ਦੂਜੇ ਪਾਸੇ ਮੁੜ ਉਸੇ ਮੁੱਖ ਸੜਕ ਤੇ ਉਤਰਦੀ ਹੈ ਜਦ ਕਿ ਮੁੱਖ ਸੜਕ ਪਹਾੜੀ ਤੇ ਵਸੇ ਇਸ ਸ਼ਹਿਰ ਦਾ ਚੱਕਰ ਲਗਾ ਕੇ ਦੂਜੇ ਪਾਸੇ ਪੁੱਜਦੀ ਹੈ।
ਗਲੀ ਅੱਧ ਤੱਕ ਲਗਾਤਾਰ ਚੜਾਈ ਵਾਲੀ ਸੀ। ਕਿਤੇ ਕਿਤੇ ਤਾਂ ਬਿੱਲਕੁਲ ਤਿੱਖੀ ਚੜਾਈ। ਹਰ ਪ੍ਰਕਾਰ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ। ਇਕ ਮੰਦਰ ਕੋਲ ਜਾ ਕੇ ਮੈਂ ਦੁਬਾਰਾ ਕਿਲੇ ਦਾ ਰਾਹ ਪੁੱਛਿਆਂ ਤਾਂ ਇਕ ਦੁਕਾਨਦਾਰ ਨੇ ਇਕ ਭੀੜੀ ਗਲੀ ਵੱਲ ਮੋੜਦਿਆਂ ਕਿਹਾ, ਇੱਧਰੋਂ ਚਲੇ ਜਾਓ, ਪਹਿਲਾਂ ਕਾਲਜ ਆਵੇਗਾ ਤੇ ਫਿਰ ਕਿਲਾ।
ਥੋੜੀ ਹੋਰ ਚੜਾਈ ਚੜ ਕੇ ਸਰਕਾਰੀ ਕਾਲਜ ਨੂਰਪੁਰ ਦਾ ਗੇਟ ਦਿਖਦਾ ਹੈ। ਮੁੰਡੇ ਕੁੜੀਆਂ ਕਾਲਜ ਦੇ ਗੇਟ ਦੇ ਲਾਗੇ ਤਾਗੇ ਖੜੇ ਹਨ। 50 ਕੁ ਕਦਮ ਚੱਲਣ ਤੇ ਸੱਜੇ ਪਾਸੇ ਕਿਲੇ ਦੇ ਢਹੇ ਬਨੇਰੇ ਦਿੱਖਣ ਲੱਗਦੇ ਹਨ ਜਦ ਕਿ ਖੱਬੇ ਹੱਥ ਚੱਕੀ ਦਰਿਆ Chakki River ਦਾ ਸਹਾਇਕ ਨਾਲਾ ਵਿਸ਼ਾਲ ਨਾਗ ਵਾਂਗ ਵੱਲ ਖਾਂਦਾ ਹੋਇਆ ਕਿਲੇ ਦੇ ਓਹਲਿਓ ਪ੍ਰਗਟ ਹੋ ਧੁਰ ਪੱਛਮ ਵਾਲੇ ਪਾਸੇ ਨੂੰ ਜਾਂਦਾ ਵਿਖਾਈ ਦਿੰਦਾ ਹੈ। ਇੱਥੋਂ ਥੋੜਾ ਅੱਗੇ ਜਾ ਕੇ ਇਹ ਚੱਕੀ ਦਰਿਆ ਵਿਚ ਮਿਲ ਜਾਂਦਾ ਹੈ। ਮੈਂ ਕਿਲੇ ਦੇ ਗੇਟ ਵੱਲ ਮੁੜ ਜਾਂਦਾ ਹਾਂ। ਕਿਲਾ ਜੋ 1000 ਸਾਲ ਪੁਰਾਣਾ ਹੈ ਅਤੇ ਜਿਸ ਤੇ ਮਹਾਰਾਜਾ ਰਣਜੀਤ ਸਿੰਘ Maharaja Ranjit Singh ਦਾ ਵੀ ਰਾਜ ਰਿਹਾ ਹੈ।
ਚਲਦਾ।
ਅਗਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ
ਪਿੱਛਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਸ ਲੜੀ ਦਾ ਪਹਿਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ।
To read in English Click Here
हिंदी में पढ़ने के लिए यहाँ क्लिक करें

.jpeg)
No comments:
Post a Comment