Thursday, March 19, 2026

ਪ੍ਰਾਚੀਨ ਚੋਮੁੱਖਾ ਮਹਾਦੇਵ ਮੰਦਰ

ਅਸੀਂ ਜਿਸ ਸੜਕ ਤੇ ਜਾ ਰਹੇ ਸੀ ਇਹ Himachal Pradesh ਦੇ ਅੰਬ Amb ਤੋਂ ਨਾਦੌਨ Nadaun ਵੱਲ ਜਾਂਦੀ ਹੈ। ਬਹੁਤ ਜਿਆਦਾ ਟ੍ਰੇਫਿਕ ਨਹੀਂ ਸੀ। ਸੜਕ ਦੇ ਆਸੇਪਾਸੇ ਪਹਾੜੀਆਂ ਅਤੇ ਨਾਲ ਨਾਲ ਬਿਆਸ ਵਹਿ ਰਹੀ ਸੀ। ਉਹੀ ਬਿਆਸ Beas River ਜਿਸ ਦਾ ਪੁਰਾਤਨ ਸ਼ਾਸਤਰਾਂ ਵਿਚ ਨਾਂ ਵਿਪਾਸਾ ਨਦੀ ਕਰਕੇ ਲਿਖਿਆ ਮਿਲਦਾ ਹੈ। 

ਵੇਦ-ਸ਼ਾਸਤਰਾਂ ਦੇ ਅਨੁਸਾਰ ਪ੍ਰਾਚੀਨ ਸਮੇਂ ਵਿੱਚ ਬਿਆਸ ਇੱਥੇ ਇਕ ਟਾਪੂ ਬਣਾਉਂਦੀ ਸੀ। ਜਿਸ ’ਤੇ ਕੇਵਲ ਰਾਕਸ਼ਸ ਹੀ ਵੱਸਦੇ ਸਨ। ਉਸ ਸਮੇਂ ਬਿਆਸ ਨਦੀ ਦਾ ਪਾਣੀ ਇਸ ਟਾਪੂ ਦੇ ਦੋਹਾਂ ਪਾਸਿਆਂ ਵਗਦਾ ਸੀ। ਇੱਥੇ ਦੇਵਤਿਆਂ ਅਤੇ ਰਾਕਸ਼ਸਾਂ ਵਿਚ ਭਿਆਨਕ ਯੁੱਧ ਹੁੰਦੇ ਰਹਿੰਦੇ ਸਨ। ਰਾਕਸ਼ਸਾਂ ਦੇ ਜੁਲਮਾਂ ਕਾਰਨ ਇੱਥੋਂ ਲੰਘਣ ਵਾਲੇ ਰਿਸ਼ੀ-ਮੁਨੀ ਦੁੱਖੀ ਰਹਿੰਦੇ ਸਨ। ਇਸ ਲਈ ਦੁਖੀ ਹੋ ਕੇ ਰਿਸ਼ੀ-ਮੁਨੀ ਵੈਕੁੰਠ ਧਾਮ ਵਿੱਚ ਭਗਵਾਨ ਵਿਸ਼ਨੁ ਜੀ ਦੀ ਸ਼ਰਨ ਵਿੱਚ ਗਏ। ਫਿਰ ਭਗਵਾਨ ਵਿਸ਼ਨੁ ਜੀ ਨੂੰ ਨਾਲ ਲੈਕੇ ਰਿਸ਼ੀ-ਮੁਨੀ ਕੈਲਾਸ਼ ਪਹਾੜ ’ਤੇ ਭਗਵਾਨ ਸ਼ੰਕਰ ਜੀ ਕੋਲ ਇਸ ਬਿਪਤਾ ਦਾ ਕੋਈ ਉਪਾਅ ਕਰਨ ਦੀ ਬੇਨਤੀ ਲੈਕੇ ਪਹੁੰਚੇ।

ਆਖਦੇ ਹਨ ਕਿ, ਭਗਵਾਨ ਸ਼ੰਕਰ ਜੀ ਨੇ ਚਤੁਰਮੁਖ-ਅਸ਼ਟਭੁਜ ਰੂਪ ਧਾਰਨ ਕਰਕੇ ਪਾਂਡਵਾਂ ਤੋਂ ਕਾਲੀਧਾਰ ਕੈਲਾਸ਼ ਪਹਾੜ ਤੋਂ ਰਾਕਸ਼ਸਾਂ ਨੂੰ ਮਾਰਣ ਲਈ ਚਾਰ ਤੀਰ ਚਲਵਾਏ। ਜਦੋਂ ਉਹ ਤੀਰ ਰਾਕਸ਼ਸਾਂ ਨੂੰ ਲੱਗੇ ਤਾਂ ਉਹ ਖੈਰਨ-ਖੱਡ ਦੇ ਨੇੜੇ ਦੰਤ-ਵਲਡਾਹ ਨਾਮਕ ਥਾਂ ’ਤੇ ਜਾ ਡਿੱਗੇ ਅਤੇ ਉਨ੍ਹਾਂ ਨੇ ਪ੍ਰਾਣ ਤਿਆਗ ਦਿੱਤੇ।

ਇਸ ਤੋਂ ਬਾਅਦ ਪਾਂਡਵਾਂ ਨੇ ਇੱਥੇ ਨਿਵਾਸ ਕਰਕੇ ਮੰਦਰ ਬਣਾਇਆ। ਫਿਰ ਭਗਵਾਨ ਸ਼ੰਕਰ ਜੀ ਚਤੁਰਮੁਖ-ਅਸ਼ਟਭੁਜ ਰੂਪ ਧਾਰਨ ਕਰਕੇ ਰਾਕਸ਼ਸਾਂ ਦੇ ਸਥੂਲ ਦੇਹ ਦਾ ਤਿਆਗ ਕਰਵਾ ਕੇ ਮੰਦਰ ਵਿੱਚ ਵਿਸ਼ਰਾਮੀ ਹੋਏ। ਤਦੋਂ ਤੋਂ ਇਹ ਸਥਾਨ ਚੋਮੁੱਖਾ ਮਹਾਦੇਵ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ।

ਇਹ ਸਭ ਕੁਝ ਸਾਨੂੰ ਪੜ੍ਹਨ ਨੂੰ ਮਿਲਿਆ ਜਦ ਅਸੀਂ ਸੜਕ ਕਿਨਾਰੇ ਬਣੇ ਪ੍ਰਾਚੀਨ ਚੋਮੁੱਖਾ ਮਹਾਦੇਵ ਮੰਦਰ Ancient Chaumukha Mahadev Temple  ਵਿਚ ਪ੍ਰਵੇਸ਼ ਕੀਤਾ ਅਤੇ ਭਗਵਾਨ ਸ਼ਿਵ ਦੇ ਇਸ ਦਰ ਤੇ ਪਹੁੰਚੇ। ਮੰਦਰ ਦੇ ਅੰਦਰ ਭਗਵਾਨ ਸ਼ਿਵ ਦੀ ਚਾਰ ਮੁੰਹਾਂ ਵਾਲੀ ਮੂਰਤੀ ਲੱਗੀ ਹੋਈ ਹੈ ਅਤੇ ਬਾਹਰ ਨੰਦੀ ਬਿਰਾਜਮਾਨ ਹੈ। ਕੁਦਰਤ ਦੀ ਗੋਦ ਵਿਚ ਬਣੇ ਇਸ ਮੰਦਰ ਵਿਚ ਬਾਕਮਾਲ ਸਾਂਤੀ ਸੀ ਅਤੇ ਇਸ ਦੇ ਨਾਲ ਵਹਿ ਰਹੀ ਬਿਆਸ ਦੇ ਪਾਣੀ ਦੀ ਕਲਕਲ ਇਸ ਨੂੰ ਹੋਰ ਵੀ ਅਧਿਆਤਮਕ ਰੂਪ ਦੇ ਰਹੀ ਸੀ। ਅਸੀਂ ਮੰਦਰ ਅੰਦਰ ਮੱਥਾ ਟੇਕਣ ਤੋਂ ਬਾਅਦ ਇੱਥੇ ਪੁਜਾਰੀ ਕੋਲ ਪੁਰਾਤਨ ਤੀਰਾਂ ਬਾਰੇ ਹੋਰ ਜਾਣਕਾਰੀ ਲੈਣ ਲੱਗਦੇ ਹਨ। 

ਪੁਜਾਰੀ ਕਥਾ ਅੱਗੇ ਤੋਰਦੇ ਹਨ।

ਹਿਮਾਚਲ ਦੇਵਭੂਮੀ ਹੈ। Ancient Chaumukha Mahadev Temple  ਮੰਦਰ ਵਿੱਚ “ਓਮ ਨਮਹ ਸ਼ਿਵਾਏ” ਦਾ ਜਾਪ ਕੀਤਾ ਜਾਂਦਾ ਹੈ, ਜਿਸ ਨਾਲ ਪਾਪਾਂ ਤੋਂ ਮੁਕਤੀ ਮਿਲਦੀ ਹੈ ਅਤੇ ਹਰ ਕਿਸਮ ਦੇ ਦੁੱਖਾਂ ਦਾ ਨਾਸ ਹੋ ਕੇ ਮੋਖ ਦੀ ਪ੍ਰਾਪਤੀ ਹੁੰਦੀ ਹੈ।

“ਬੋਲੋ ਚੋਮੁੱਖਾ ਮਹਾਦੇਵ ਕੀ ਜੈ”

ਅਸੀਂ ਵੀ ਪਿੱਛੇ ਚੋਮੁੱਖਾ ਮਹਾਦੇਵ ਕੀ ਜੈ ਬੋਲਦੇ ਹਾਂ।

ਪੁਜਾਰੀ ਜੀ ਦੱਸਣ ਲੱਗਦੇ ਹਨ ਕਿ ਇੱਥੇ ਪਾਂਡਵਾਂ ਵੱਲੋਂ ਮਾਰੇ ਗਏ ਚਾਰ ਤੀਰ ਮੌਜੂਦ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਵਿੱਚੋਂ ਤਿੰਨ ਤੀਰ ਸਾਬਤ (ਪੂਰੇ) ਹਨ ਅਤੇ ਇੱਕ ਤੀਰ ਅੱਧਾ ਹੈ। ਉਹ ਦੱਸਦੇ ਹਨ ਕਿ ਇਹ ਥਾਂ ਨਦੌਨ ਜਿਸਦਾ ਪੁਰਾਣਾ ਨਾਂਅ ਅਮਤਰ ਸੀ ਦੇ ਰਾਜੇ ਦੇ ਅਧੀਨ ਸੀ।

ਰਾਜੇ ਨੂੰ ਇਹਨਾਂ ਚਾਰ ਤੀਰਾਂ ਬਾਰੇ ਰਿਸ਼ੀ-ਮੁਨੀਆਂ ਤੋਂ ਪਤਾ ਲੱਗਿਆ। ਤਦ ਉਸ ਨੇ ਪਹਿਲਾਂ ਆਪਣੇ ਸੈਨਿਕਾਂ ਨੂੰ ਚੋਮੁੱਖਾ ਮਹਾਦੇਵ ਮੰਦਰ ਵਿੱਚ ਭੇਜਿਆ ਕਿ ਜਾ ਕੇ ਜਾਂਚ ਕਰੋ ਕਿ ਪਾਂਡਵਾਂ ਵੱਲੋਂ ਮਾਰੇ ਗਏ ਚਾਰ ਤੀਰ ਵਾਕਈ ਮੌਜੂਦ ਹਨ ਜਾਂ ਨਹੀਂ।

ਸੈਨਿਕਾਂ ਨੇ ਚਾਰ ਤੀਰ ਲੱਭ ਕੇ ਰਾਜੇ ਨੂੰ ਦੱਸਿਆ ਕਿ ਉੱਥੇ ਚਾਰ ਤੀਰ ਮੌਜੂਦ ਹਨ। ਇਸ ਤੋਂ ਬਾਅਦ ਰਾਜਾ ਹਾਥੀਆਂ, ਘੋੜਿਆਂ ਅਤੇ ਸੈਨਿਕਾਂ ਸਮੇਤ ਖੁਦ ਉਹਨਾਂ ਤੀਰਾਂ ਨੂੰ ਦੇਖਣ ਲਈ ਚੋਮੁੱਖਾ ਮਹਾਦੇਵ ਜੀ ਦੇ ਮੰਦਰ Ancient Chaumukha Mahadev Temple  ਵੱਲ ਰਵਾਨਾ ਹੋਇਆ, ਅਤੇ ਇੱਥੇ ਆ ਕੇ ਉਸਨੇ ਇੰਨ੍ਹਾਂ ਤੀਰਾਂ ਦੀ ਸ਼ਕਤੀ ਪਰਖਣ ਦੀ ਗਲਤੀ ਕੀਤੀ। ਇਸਤੋਂ ਬਾਅਦ ਇਕ ਤੀਰ ਖੰਡਿਤ ਹੋ ਗਿਆ। 

ਇੱਥੇ ਅੱਜ ਵੀ ਮੰਦਰ ਦੇ ਚਾਰ ਕੋਨਿਆਂ ਤੇ ਇਹ ਪੱਥਰ ਤੇ ਤੀਰ ਲੱਗੇ ਹੋਏ ਹਨ ਜਿੰਨ੍ਹਾਂ ਵਿਚੋਂ 3 ਪੂਰੇ ਹਨ ਅਤੇ ਇਕ ਖੰਡਿਤ ਹੈ।

ਮੈਂ ਸੋਚਣ ਲੱਗਦਾ ਹਾਂ ਕਿ ਸੱਤਾ ਦਾ ਨਸ਼ਾ ਵੀ ਕਿੰਨੀ ਅਜੀਬ ਸ਼ੈਅ ਹੈ। ਭਗਵਾਨ ਸ਼ਿਵ ਦੇ ਤੀਰਾਂ ਦੀ ਸ਼ਕਤੀ ਪਰਖਣ ਲੱਗ ਪਿਆ। ਨਾਲ ਹੀ ਮੇਰੀ ਪਤਨੀ ਬੋਲੀ ਕਿ ਇਹ ਰਾਕਸ਼ਸ ਹੁਣ ਕਿੱਧਰ ਚੱਲੇ ਗਏ। ਮੈਂ ਕਿਹਾ, ਰਾਕਸ਼ਸ ਕਿੱਧਰੇ ਨਹੀਂ ਗਏ, ਮਨੁੱਖਾਂ ਵਿਚ ਹੀ ਲੁਕੇ ਹੋਏ ਹਨ, ਥੋੜਾ ਥੋੜਾ ਰਾਕਸ਼ਸ ਤਾਂ ਹਰੇਕ ਅੰਦਰ ਹੈ, ਜਿੰਨ੍ਹੀ ਦੇਰ ਮਨੁੱਖ ਆਪਣੇ ਦੈਵੀ ਗੁਣਾਂ ਨਾਲ ਉਸਨੂੰ ਦਬਾਈ ਰੱਖਦਾ ਹੈ ਉਹ ਸੁਪਤ ਪਿਆ ਰਹਿੰਦਾ ਹੈ ਤੇ ਜਦ ਦੈਵੀ ਗੁਣ ਕਮਜੋਰ ਪੈਣ ਲੱਗਣ ਤਾਂ ਉਹ ਪ੍ਰਗਟ ਹੋ ਜਾਂਦਾ ਹੈ। ਸਮਾਜ ਦਾ ਅਪਰਾਧ ਇਹੀ ਰਾਕਸ਼ਸ ਕਰਦੇ ਹਨ। ਇਸ ਲਈ ਜਰੂਰੀ ਹੈ ਕਿ ਅਧਿਆਤਮ ਨਾਲ, ਪਰਿਵਾਰਾਂ ਦੇ ਚੰਗੇ ਸੰਸਕਾਰਾਂ ਨਾਲ ਅਤੇ ਧਰਮ ਦੀ ਸ਼ਕਤੀ ਨਾਲ ਮਨੁੱਖ ਦੇ ਦੈਵੀ ਗੁਣ ਮਜਬੂਤ ਰਹਿਣ, ਇਸੇ ਵਿਚ ਹੀ ਸਮਾਜ ਤੇ ਮਨੁੱਖ ਦੀ ਭਲਾਈ ਹੈ। 

ਅਸੀਂ ਕੁਝ ਸਮਾਂ ਇੱਸ ਸਾਂਤ ਸਥਾਨ ਤੇ ਭਗਵਾਨ ਸ਼ਿਵ ਦੇ ਇਸ ਮੰਦਰ ਵਿਚ ਬਿਤਾਉਣ ਤੋਂ ਬਾਅਦ ਆਪਣੇ ਅਗਲੇ ਸਫਰ ਲਈ ਰਵਾਨਾ ਹੋ ਗਏ ਜੋ ਕਿ ਸਾਡੇ ਅਗਲੇ ਟਿਕਾਣੇ ਗੁਰਦੁਆਰਾ 10ਵੀਂ ਪਾਤਿਸਾਹੀ ਨਾਦੌਨ ਵੱਲ ਸੀ।  


इसे हिंदी में पढ़ने के लिए यहाँ क्लिक करें 

ਇਸਤੋਂ ਪਿੱਛਲਾ ਯਾਤਰਾ ਭਾਗ ਪੜ੍ਹਨ ਲਈ (ਪੰਚਮ ਤੀਰਥ—ਸ੍ਰੀ ਕਾਲੀਨਾਥ ਕਾਲੇਸ਼ਵਰ ਮਹਾਂਦੇਵ) 

 ਇੱਥੇ ਕਲਿੱਕ ਕਰੋ


Tuesday, March 17, 2026

ਪੰਚਮ ਤੀਰਥ—ਸ੍ਰੀ ਕਾਲੀਨਾਥ ਕਾਲੇਸ਼ਵਰ ਮਹਾਂਦੇਵ Sri Kalinath Kaleshavr Mahadev Mandir

ਗਰਲੀ ਤੋਂ ਅਸੀਂ ਇਕ ਤੰਗ ਪਹਾੜੀ ਸੜਕ ਰਾਹੀਂ ਅੱਗੇ ਵੱਧਦੇ ਹਾਂ ਤਾਂ 4-5 ਕਿਲੋਮੀਟਰ ਅੱਗੇ ਜਾ ਕੇ ਇਸ ਸੜਕ

ਰਾਹੀਂ ਬਿਆਸ ਨਦੀ ਦੇ ਕਿਨਾਰੇ ਤੇ ਪੁੱਜ ਜਾਂਦੇ ਹਾਂ। ਬਿਆਸ ਨਦੀ Beas River ਸਾਂਤ ਵਹਿ ਰਹੀ ਸੀ। ਹਵਾ ਵਿੱਚ ਇੱਕ ਅਗੰਮੀ ਮਹਿਕ ਸੀ, ਜਿਵੇਂ ਪਹਾੜਾਂ ਨੇ ਸਦੀਆਂ ਦੀ ਤਪੱਸਿਆ ਦਾ ਅਰਕ ਘੋਲਿਆ ਹੋਵੇ। ਮੈਂ ਤੇ ਮੇਰੀ ਪਤਨੀ ਕੁਝ ਦੇਰ ਨਦੀ ਕਿਨਾਰੇ ਬੈਠਦੇ ਹਾਂ ਤੇ ਅਨੰਤ ਕੁਦਰਤ ਨੂੰ ਆਪਣੇ ਧੁਰ ਅੰਦਰ ਤੱਕ ਮਹਿਸੂਸ ਕਰਦੇ ਹਾਂ। ਇੱਥੇ ਅਸੀਂ ਨਦੀ ਦੇ ਨਾਲ ਨਾਲ ਉਸ ਪਾਸੇ ਨੂੰ ਜਾਣ ਲੱਗਦੇ ਹਾਂ ਜਿਸ ਪਾਸੇ ਤੋਂ ਪਾਣੀ ਆ ਰਿਹਾ ਸੀ। ਨਦੀ ਦੇ ਦੱਖਣੀ ਕਿਨਾਰੇ ਤੇ ਇਕ ਪਾਸੇ ਡੁੰਘੀ ਖੱਡ ਵਿਚ ਨਦੀ ਵਹਿ ਰਹੀ ਸੀ ਤੇ ਦੂਜੇ ਪਾਸੇ ਸਨ ਉੱਚੀਆਂ ਪਹਾੜੀਆਂ, ਜੋ ਵਨਸਪਤੀ ਨਾਲ ਢਕੀਆ ਹੋਈਆਂ ਸੀ। ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਸਾਡੀ ਕਾਰ ਦੇ ਨਾਲ ਨਾਲ ਜਿਵੇਂ ਦੋ ਮੁਟਿਆਰਾ ਦੌੜ ਰਹੀਆਂ ਹੋਣ ਜਿਸ ਵਿਚੋਂ ਇਕ ਨੇ ਨੀਲੀ ਚੁੰਨੀ ਲਈ ਹੋਵੇ ਤੇ ਦੂਜੀ ਨੇ ਹਰੀ। ਥੋੜੀ ਦੇਰ ਵਿਚ ਹੀ ਅਸੀਂ ਸ੍ਰੀ ਕਾਲੀ ਨਾਥ ਕਾਲੇਸ਼ਵਰ ਮਹਾਂਦੇਵ ਮੰਦਰ Sri Kalinath Kaleshavr Mahadev Mandir ਤੇ ਪਹੁੰਚ ਜਾਂਦੇ ਹਾਂ। 

ਕਾਰ ਪਾਰਕ ਕਰਕੇ ਜਦ ਅਸੀਂ ਬਿਆਸ ਕਿਨਾਰੇ ਇਸ ਪੁਰਾਤਨ ਮੰਦਰ ਪਹੁੰਚੇ ਤਾਂ ਨਾਲ ਵਹਿ ਰਹੀ ਬਿਆਸ ਦੇ ਪਾਣੀਆਂ ਦੀ ਕਲ-ਕਲ ਸੁਣਾਈ ਦੇਣ ਲੱਗੀ, ਜੋ ਮਨ ਦੀਆਂ ਉਲਝਣਾਂ ਨੂੰ ਸ਼ਾਂਤ ਕਰਨ ਲਈ ਕਾਫ਼ੀ ਸੀ। ਬਿਆਸ ਕੁੰਡ Beas Kund ਤੋਂ ਨਿਕਲਣ ਵਾਲੀ ਬਿਆਸ ਇੱਥੋਂ ਥੋੜਾ ਅੱਗੇ ਆ ਕੇ ਮਨੁੱਖ ਵੱਲੋਂ ਬਣਾਏ ਮਹਾਂਕੁੰਡ ਪੋਂਗ ਡੈਮ Pong Dam ਵਿਚ ਆ ਕੇ ਵਿਸ਼ਰਾਮ ਕਰਦੀ ਹੈ, ਜਿਵੇਂ ਪਹਾੜਾਂ ਦੀ ਤੇਜ ਚਾਲ ਦੀ ਥਕਾਵਟ ਲਾਉਂਦੀ ਹੋਵੇ।

ਮੰਦਰ ਅੱਗੇ ਬਣੇ ਇਕ ਛੋਟੇ ਬਜਾਰ ਵਿਚੋਂ ਪੂਜਾ ਦੀ ਥਾਲੀ ਲੈਣ ਤੋਂ ਬਾਅਦ ਅਸੀਂ ਮੰਦਰ ਪਹੁੰਚਦੇ ਹਾਂ। ਮੰਦਰ ਦੇ ਮੁੱਖ ਦੁਆਰ ਦੇ ਅੰਦਰ ਮੁੱਖ ਮੰਦਰ ਤੋਂ ਇਲਾਵਾ ਕੁਝ ਹੋਰ ਛੋਟੇ ਮੰਦਰ ਵੀ ਹਨ। ਸੋਨ ਰੰਗੇ ਗੁੰਬਦਾਂ ਵਾਲੇ ਇਹ ਮੰਦਰ ਅਲੌਕਿਕ ਦ੍ਰਿਸ਼ ਸਿਰਜ ਰਹੇ ਹਨ ਜਿੱਥੇ ਆ ਕੇ ਮਨ ਦੁਨੀਆਵੀ ਉਲਝਣਾ ਤੋਂ ਮੁਕਤ ਹੋਇਆ ਪ੍ਰਤੀਤ ਹੁੰਦਾ ਹੈ। ਮੰਦਰ ਦੀ ਪੁਰਾਤਨ ਇਮਾਰਤਸ਼ਾਜ਼ੀ ਵਿੱਚ ਕਟੋਚ ਰਾਜਵੰਸ਼ (ਕਾਂਗੜਾ ਦੇ ਰਾਜੇ) ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਸਮੇਂ-ਸਮੇਂ 'ਤੇ ਇਸ ਮੰਦਰ ਦੀ ਸੇਵਾ ਸੰਭਾਲ ਅਤੇ ਨਵਿਆਉਣ ਦਾ ਕੰਮ ਕਰਵਾਇਆ।

ਮੰਦਰ ਦੇ ਅੰਦਰੂਨੀ ਗਰਭ-ਗ੍ਰਹਿ ਵਿੱਚ ਧਰਤੀ ਥੱਲੇ ਨੂੰ ਜਾ ਰਹੇ ਸਥਾਪਿਤ ਸ਼ਿਵਲਿੰਗ ਦੇ ਦਰਸ਼ਨ ਕਰਦਿਆਂ ਇੱਕ ਅਜੀਬ ਜਿਹੀ ਠੰਢਕ ਮਹਿਸੂਸ ਹੋਈ। ਧੂਫ਼-ਬੱਤੀਆਂ ਦੀ ਖੁਸ਼ਬੂ ਅਤੇ ਘੰਟੀਆਂ ਦੀ ਆਵਾਜ਼ ਨੇ ਮਾਹੌਲ ਨੂੰ ਬ੍ਰਹਿਮੰਡੀ ਬਣਾ ਦਿੱਤਾ ਸੀ। ਅੱਖਾਂ ਬੰਦ ਕਰਦਿਆਂ ਹੀ ਇੰਝ ਲੱਗਾ ਜਿਵੇਂ ਸਾਰੀ ਕਾਇਨਾਤ ਇੱਕੋ ਨੁਕਤੇ 'ਤੇ ਸਿਮਟ ਆਈ ਹੋਵੇ। ਇੱਥੇ ਮੰਗਣ ਲਈ ਕੁਝ ਨਹੀਂ ਸੀ, ਬੱਸ ਸ਼ੁਕਰਾਨਾ ਸੀ। 

ਅਸੀਂ ਇੱਥੇ ਮੰਦਰ ਵਿਚ ਨਤਮਸਤਕ ਹੋਣ ਤੋਂ ਬਾਅਦ ਕੁਝ ਦੇਰ ਬੈਠਦੇ ਹਾਂ ਅਤੇ ਪੁਜਾਰੀ ਤੋਂ ਇੱਥੋਂ ਦੀ ਕਥਾ ਸੁਣਦੇ ਹਾਂ।

ਪੁਜਾਰੀ ਕਥਾ ਸੁਣਾਉਣ ਲੱਗਦਾ ਹੈ, ਕਹਿੰਦੇ ਹਨ ਕਿ ਸਤਯੁਗ ਵਿਚ ਜਦੋਂ ਦੈਂਤਾਂ ਨੇ ਭਗਵਾਨ ਸ਼ਿਵ Lord Shiva ਤੋਂ ਵਰ ਪ੍ਰਾਪਤ ਕਰ ਲਏ ਤਾਂ ਉਨ੍ਹਾਂ ਨੇ ਧਰਤੀ ਤੇ ਆਪਣੇ ਜੁਲਮੋ ਸਿਤਮ ਨਾਲ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ। ਤ੍ਰਿਲੋਕੀ ਵਿਚ ਹਾਹਾਕਾਰ ਮੱਚ ਗਈ। ਦੇਵਤੇ ਪੰਚਾਇਤ ਰੂਪ ਵਿਚ ਭਗਵਾਨ ਸ਼ਿਵ ਜੀ ਕੋਲ ਮਦਦ ਦੀ ਗੁਹਾਰ ਲੈਕੇ ਪਹੁੰਚੇ। ਭਗਵਾਨ ਸ਼ਿਵ ਨੇ ਆਪਣੀ ਯੋਗਮਾਇਆ ਨਾਲ ਮਾਤਾ ਮਹਾਕਾਲੀ Mata Mahakali ਦੀ ਸਿਰਜਣਾ ਕੀਤੀ ਅਤੇ ਉਨ੍ਹਾਂ ਨੂੰ ਦੈਂਤਾਂ ਦਾ ਨਾਸ਼ ਕਰਨ ਲਈ ਭੇਜਿਆ। ਮਾਤਾ ਮਹਾਕਾਲੀ ਨੇ ਦੈਂਤ ਮਾਰ ਮੁਕਾਏ ਪਰ ਇਸ ਸੰਘਰਸ਼ ਵਿਚ ਉਹ ਬਹੁਤ ਕ੍ਰੋਧ ਵਿਚ ਆ ਗਏ। ਦੇਵਤਿਆਂ ਨੂੰ ਫਿਰ ਫਿਕਰ ਪਿਆ ਕਿ ਕਿਤੇ ਮਾਤਾ ਮਹਾਕਾਲੀ ਦਾ ਇਹ ਕ੍ਰੋਧ ਸ੍ਰਿਸ਼ਟੀ ਨੂੰ ਨਾ ਸਾੜ ਦੇਵੇ। ਉਹ ਫਿਰ ਭਗਵਾਨ ਦੇ ਦਰ ਤੇ ਆ ਸੁਆਲੀ ਬਣੇ। ਅਸੀਂ ਉਤਸੁਕਤਾ ਨਾਲ ਸੁਣ ਰਹੇ ਸੀ।

ਪੁਜਾਰੀ ਜੀ ਅੱਗੇ ਦੱਸਦੇ ਹਨ, ਭਗਵਾਨ ਸ਼ਿਵ ਮਾਨਵ ਰੂਪ ਵਿਚ ਮਾਤਾ ਮਹਾਕਾਲੀ ਦੇ ਰਾਹ ਵਿਚ ਲੇਟ ਗਏ। ਜਦ ਮਾਤਾ ਮਹਾਕਾਲੀ ਦਾ ਪੈਰ ਭਗਵਾਨ ਸ਼ਿਵ ਦੇ ਹਿਰਦੇ ਨੂੰ ਛੁਹਿਆ ਤਾਂ ਉਨ੍ਹਾਂ ਦਾ ਗੁੱਸਾ ਇਕਦਮ ਸ਼ਾਂਤ ਹੋ ਗਿਆ। ਪਰ ਹੁਣ ਮਾਤਾ ਮਹਾਕਾਲੀ ਨੂੰ ਪਸਚਾਤਾਪ ਹੋਣ ਲੱਗਿਆ ਕਿ ਉਨ੍ਹਾਂ ਨੇ ਆਪਣੇ ਪੈਰ ਨਾਲ ਭਗਵਾਨ ਸ਼ਿਵ ਨੂੰ ਛੁਹਿਆ ਹੈ ਜੋ ਸਭ ਦੇ ਅਰਾਧਿਆ ਹਨ। ਤਾਂ ਮਾਤਾ ਮਹਾਕਾਲੀ ਨੇ ਭਗਵਾਨ ਸ਼ਿਵ ਨੂੰ ਬੇਨਤੀ ਕੀਤੀ ਕਿ ਇਸ ਗੁਨਾਹ ਦੀ ਮਾਫੀ ਕਿਵੇਂ ਮਿਲੇ। ਭਗਵਾਨ ਸ਼ਿਵ ਨੇ ਉਨ੍ਹਾਂ ਨੂੰ ਇਸ ਥਾਂ ਤੇ ਤਪੱਸਿਆ ਕਰਨ ਲਈ ਕਿਹਾ। ਇੱਥੇ ਮੁੱਖ ਮੰਦਰ ਵਿਚ ਜੋ ਪਵਿੱਤਰ ਸ਼ਿਵ ਲਿੰਗ ਹੈ ਉਹ ਇਕ ਡੁੰਘੇ ਟੋਏ ਵਿਚ ਹੈ। ਇਹ ਹਰ ਸਾਲ ਚਾਵਲ ਦੇ ਦਾਣੇ ਜਿੰਨ੍ਹਾਂ ਨੀਚੇ ਜਾ ਰਿਹਾ ਹੈ। 

ਪੁਜਾਰੀ ਅੱਗੇ ਦੱਸਦਾ ਹੈ, ਜਦ ਇਹ ਪੂਰੀ ਤਰਾਂ ਧਰਤੀ ਵਿਚ ਸਮਾਂ ਜਾਵੇਗਾ ਤਾਂ ਕਲਯੁਗ ਦਾ ਅੰਤ ਹੋ ਜਾਵੇਗਾ। 

ਮੈਂ ਸੋਚਣ ਲੱਗਦਾ ਹਾਂ, ਫਿਰ ਸਤਯੁਗ ਵਿਚ ਸ਼ੁਰੂ ਹੋਈ ਇਹ ਇਕ ਮਹਾਕਥਾ ਚਾਰ ਯੁਗਾਂ ਤੱਕ ਫੈਲ ਜਾਵੇਗੀ। ਕਰਤੇ ਦੀ ਕਾਇਨਾਤ ਦਾ ਕੈਨਵਸ ਕਿੰਨਾ ਵੱਡਾ ਹੈ। 

ਇਸਦੇ ਨਾਲ ਹੀ ਇਕ ਪੰਚਤੀਰਥ ਮੰਦਰ Panchtirath Temple ਹੈ। ਸ੍ਰੀ ਕਾਲੀਨਾਥ ਕਾਲੇਸ਼ਵਰ ਮਹਾਂਦੇਵ Sri Kalinath Kaleshavr Mahadev Mandir ਤੋਂ ਬਾਅਦ ਅਸੀਂ ਇਸ ਮੰਦਰ ਵਿਚ ਪਹੁੰਚਦੇ ਹਾਂ। ਕਿਹਾ ਜਾਂਦਾ ਹੈ ਕਿ ਆਪਣੇ ਵਨਵਾਸ ਦੌਰਾਨ ਪਾਂਡਵ ਇੱਥੇ ਰੁਕੇ ਹੋਏ ਸਨ ਤਾਂ ਉਸ ਸਮੇਂ ਕੁੰਭ ਦਾ ਇਸ਼ਨਾਨ ਆ ਗਿਆ। ਜੰਗਲਵਾਸ ਕਰ ਰਹੇ ਪਾਂਡਵ ਅਤੇ ਦਰੋਪਤੀ ਕਾਸ਼ੀ ਨਹੀਂ ਜਾ ਸਕਦੇ ਸੀ ਇਸ ਲਈ ਪਾਂਡਵਾਂ ਨੇ ਪ੍ਰਭੂ ਦੀ ਅਰਾਧਨਾ ਕਰਕੇ ਤੀਰ ਮਾਰ ਕੇ ਇੱਥੇ ਹੀ ਇਕ ਜਲਧਾਰਾ ਪ੍ਰਗਟ ਕੀਤੀ।  ਕਹਿੰਦੇ ਹਨ ਕਿ ਇਹ ਅਸਥਾਨ ਉਨਾ ਹੀ ਪਵਿੱਤਰ ਹੈ ਜਿੰਨਾ ਕਾਸ਼ੀ (ਬਨਾਰਸ)। ਇਸ ਮੰਦਰ ਵਿਚ ਇਕ ਕੁੰਡ ਵਿਚ ਅੱਜ ਵੀ ਇਕ ਜਲ ਧਾਰਾ ਪਰਬਤ ਵਿਚੋਂ ਆਉਂਦੀ ਹੈ ਅਤੇ ਇੱਥੇ ਇਸਨਾਨ ਕਰਨ ਤੇ ਪੰਜ ਤੀਰਥਾਂ ਦੇ ਇਸ਼ਨਾਨ ਜਿੰਨ੍ਹਾਂ ਪੁੰਨ ਲੱਗਣ ਦੀ ਗੱਲ ਇੱਥੋਂ ਦੇ ਪੁਜਾਰੀ ਦੱਸਦੇ ਹਨ। 

ਨਾਲ ਵਹਿ ਰਹੀ ਬਿਆਸ ਦਾ ਨਿਰਮਲ ਪਾਣੀ ਇੰਨਾ ਪਾਰਦਰਸ਼ੀ ਕਿ ਨੀਚੇ ਪਏ ਪੱਥਰ ਵੀ ਮਨ ਦੇ ਕਿਸੇ ਸਾਫ਼ ਖ਼ਿਆਲ ਵਾਂਗ ਨਜ਼ਰ ਆ ਰਹੇ ਸਨ। ਇੱਥੇ ਬੈਠ ਕੇ ਮਹਿਸੂਸ ਹੋਇਆ ਕਿ ਮਨੁੱਖ ਕੁਦਰਤ ਦੇ ਕਿੰਨਾ ਕਰੀਬ ਹੈ। ਲਹਿਰਾਂ ਦੀ ਆਵਾਜ਼ 'ਓਮ ਨਮਹ ਸ਼ਿਵਾਏ' ਦੇ ਜਾਪ ਵਰਗੀ ਲੱਗ ਰਹੀ ਸੀ। ਸ਼ਰਧਾਲੂ ਪੰਜ ਤੀਰਥ ਕੁੰਡ Panj Tirath Kund ਦੇ ਪਵਿੱਤਰ ਜਲ ਵਿੱਚ ਇਸ਼ਨਾਨ ਕਰਕੇ ਆਪਣੇ ਮਨਾਂ ਦੀ ਮੈਲ ਧੋ ਰਹੇ ਸਨ। ਜਿਸ ਨੂੰ 'ਮਾਤ੍ਰਿਕਾ ਕੁੰਡ' ਵੀ ਕਿਹਾ ਜਾਂਦਾ ਹੈ। 

ਗੱਲ ਪਾਂਡਵਾਂ ਦੀ ਚੱਲੀ ਤਾਂ ਮਿਥਿਹਾਸਕ ਮਾਨਤਾਵਾਂ ਅਨੁਸਾਰ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ, ਜਦੋਂ ਪਾਂਡਵ ਆਪਣੇ ਬਨਵਾਸ (ਅਗਿਆਤਵਾਸ) ਦੌਰਾਨ ਇੱਥੇ ਰੁਕੇ ਸਨ, ਤਾਂ ਉਨ੍ਹਾਂ ਨੇ ਇਸ ਪਵਿੱਤਰ ਅਸਥਾਨ 'ਤੇ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ ਸੀ। ਇੱਕ ਪ੍ਰਚਲਿਤ ਕਥਾ ਹੈ ਕਿ ਪਾਂਡਵਾਂ ਨੇ ਇੱਥੇ ਬਿਆਸ ਨਦੀ ਦੇ ਕੰਢੇ ਤੋਂ ਸਵਰਗ ਤੱਕ ਪਹੁੰਚਣ ਲਈ 'ਸਵਰਗ ਦੀ ਪੌੜੀ' Stair to Heaven ਬਣਾਉਣ ਦੀ ਕੋਸ਼ਿਸ਼ ਕੀਤੀ ਸੀ।

ਸ਼ਰਤ ਇਹ ਸੀ ਕਿ ਇਹ ਪੌੜੀ ਇੱਕੋ ਰਾਤ ਵਿੱਚ ਮੁਕੰਮਲ ਹੋਣੀ ਚਾਹੀਦੀ ਸੀ।

ਪਾਂਡਵਾਂ ਨੇ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ, ਪਰ ਜਦੋਂ ਉਹ ਆਖਰੀ ਪੌੜੀ ਬਣਾ ਰਹੇ ਸਨ, ਤਾਂ ਭਗਵਾਨ ਨੇ ਉਨ੍ਹਾਂ ਦੀ ਪ੍ਰੀਖਿਆ ਲੈਣ ਲਈ ਮੁਰਗੇ ਦੀ ਬਾਂਗ ਦੀ ਆਵਾਜ਼ ਕੱਢ ਦਿੱਤੀ। ਪਾਂਡਵਾਂ ਨੂੰ ਲੱਗਾ ਕਿ ਸਵੇਰ ਹੋ ਗਈ ਹੈ ਅਤੇ ਕੰਮ ਅਧੂਰਾ ਰਹਿ ਗਿਆ। 

ਇਹ ਸਥਾਨ ਇਕ ਹੋਰ ਪੱਖ ਤੋਂ ਵੀ ਨਿਵੇਕਲਾ ਹੈ। ਇੱਥੇ ਬਿਆਸ ਨਦੀ ਦਾ ਉਲਟਾ ਵਹਾਅ (ਵਾਮ-ਵਾਹਿਨੀ) ਹੈ। ਇਸ ਅਸਥਾਨ ਦੀ ਸਭ ਤੋਂ ਵੱਡੀ ਭੂਗੋਲਿਕ ਅਤੇ ਅਧਿਆਤਮਿਕ ਖ਼ੂਬਸੂਰਤੀ ਇਹ ਹੈ ਕਿ ਇੱਥੇ ਬਿਆਸ ਨਦੀ ਦਾ ਵਹਾਅ ਉੱਤਰ ਵੱਲ (ਉਲਟੀ ਦਿਸ਼ਾ ਵਿੱਚ) ਹੋ ਜਾਂਦਾ ਹੈ। ਹਿੰਦੂ ਸ਼ਾਸਤਰਾਂ ਵਿੱਚ ਜਿੱਥੇ ਵੀ ਨਦੀ 'ਉੱਤਰ-ਵਾਹਿਨੀ' ਹੁੰਦੀ ਹੈ, ਉਸ ਸਥਾਨ ਨੂੰ ਬੇਹੱਦ ਪਵਿੱਤਰ ਅਤੇ ਮੁਕਤੀ ਪ੍ਰਦਾਨ ਕਰਨ ਵਾਲਾ ਮੰਨਿਆ ਜਾਂਦਾ ਹੈ। ਇਸੇ ਕਾਰਨ ਇਸ ਨੂੰ 'ਛੋਟਾ ਹਰਿਦੁਆਰ' ਵੀ ਕਿਹਾ ਜਾਂਦਾ ਹੈ।

ਧਾਰਮਿਕ ਗ੍ਰੰਥਾਂ ਅਨੁਸਾਰ, ਕਾਲੇਸ਼ਵਰ ਮਹਾਂਦੇਵ Sri Kalinath Kaleshavr Mahadev Mandir ਵਿੱਚ ਕੀਤਾ ਗਿਆ ਇਸ਼ਨਾਨ ਅਤੇ ਪੂਜਾ ਉਨੀ ਹੀ ਫਲਦਾਇਕ ਹੈ ਜਿੰਨੀ ਕਾਸ਼ੀ (ਬਨਾਰਸ) ਵਿੱਚ ਹੁੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਹਰਿਦੁਆਰ ਜਾਂ ਕਾਸ਼ੀ ਨਹੀਂ ਜਾ ਸਕਦਾ, ਤਾਂ ਕਾਲੇਸ਼ਵਰ ਦੇ ਦਰਸ਼ਨਾਂ ਨਾਲ ਹੀ ਉਸ ਨੂੰ ਮੁਕਤੀ ਮਿਲ ਜਾਂਦੀ ਹੈ। ਇੱਥੇ ਭਗਵਾਨ ਸ਼ਿਵ ਦਾ 'ਕਾਲੇਸ਼ਵਰ' (ਕਾਲ ਦੇ ਸੁਆਮੀ) ਰੂਪ ਵਿੱਚ ਹੋਣਾ ਇਸ ਨੂੰ ਮੌਤ ਅਤੇ ਮੁਕਤੀ ਦੇ ਮਹਾਤਮ ਨਾਲ ਜੋੜਦਾ ਹੈ।

ਜਦ ਅਸੀਂ ਗਰਲੀ ਤੋਂ ਚੱਲੇ ਸੀ ਤਾਂ ਸਾਨੂੰ ਇਸ ਮੰਦਰ ਦਾ ਪਤਾ ਲੱਗਿਆ ਸੀ ਅਤੇ ਇੱਥੋਂ ਤੱਕ ਆਏ ਸੀ, ਪਰ ਇੱਥੇ ਪੁੱਜ ਕੇ ਅੱਗੇ ਨੇੜੇ ਹੀ ਇਕ ਹੋਰ ਚੋਮੁੱਖ ਸ਼ਿਵ ਮੰਦਰ ਜਾਣ ਲਈ ਇਕ ਸਥਾਨਕ ਬਸਿੰਦਾ ਸਾਡਾ ਰਾਹ ਦਸੇਰਾ ਬਣਦਾ ਹੈ। ਸਾਡੇ ਕੋਲ ਟਾਇਮ ਤਾਂ ਬਹੁਤ ਸੀ ਅਸੀਂ ਵਾਪਿਸ ਮੁੜਨ ਦੀ ਬਜਾਏ ਅੱਗੇ ਨਦੌਨ ਵੱਲ ਜਾਂਦੀ ਸੜਕ ਤੇ ਗੱਡੀ ਪਾ ਲੈਂਦੇ ਹਾਂ। ਇਸਤੋਂ ਅਗਲੀ ਰੋਚਕ ਕਥਾ ਅਗਲੀ ਕੜੀ ਵਿਚ। 

ਇਸ ਨੂੰ ਹਿੰਦੀ ਵਿਚ ਪੜ੍ਹਨ ਲਈ ਨਿਮਨ ਲਿੰਕ ਤੇ ਕਲਿੰਕ ਕਰੋ।

पंचम तीर्थ — श्री कालीनाथ कालेेश्वर महादेव

ਇਸ ਲੜੀ ਦਾ ਇਸਤੋਂ ਪਹਿਲਾਂ ਭਾਗ ਪੜਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ।

ਦੇਸ਼ ਦੇ ਪਹਿਲੇ ਵਿਰਾਸਤੀ ਪਿੰਡ ਦੀ ਯਾਤਰਾ


Sunday, March 15, 2026

ਦੇਸ਼ ਦੇ ਪਹਿਲੇ ਵਿਰਾਸਤੀ ਪਿੰਡ ਦੀ ਯਾਤਰਾ First Heritage Village of India

ਫਰਵਰੀ ਮਹੀਨੇ ਦੇ ਆਖਰੀ ਵੀਕ ਐਂਡ, ਅਸੀਂ ਹਿਮਾਚਲ ਪ੍ਰਦੇਸ਼ Heritage Villages of Himachal Pradesh ਦੇ ਵਿਰਾਸਤੀ ਪਿੰਡ ਪਰਾਗਪੁਰ ਤੇ ਗਰਲੀ Pragpur and Garali ਜਾਣ ਲਈ ਨਿਕਲੇ। ਇਨ੍ਹਾਂ ਨੂੰ ਦੇਸ਼ ਦੇ ਪਹਿਲੇ ਵਿਰਾਸਤੀ ਪਿੰਡ ਹੋਣ ਦਾ ਮਾਣ First Heritage Villages of India ਹਾਸਲ ਹੈ। ਮੇਰੇ ਨਾਲ ਖੱਬੇ ਪਾਸੇ ਦੀ ਸੀਟ ਤੇ ਮੇਰੀ ਪਤਨੀ ਬੈਠੀ ਸੀ। 

ਸਵੇਰ ਦੀ ਨਰਮ ਧੁੱਪ ਤਲਵਾੜਾ Talwara ਦੇ ਦਰੱਖਤਾਂ ਦੇ ਪੱਤਿਆਂ ਵਿੱਚੋਂ ਛਣ ਕੇ ਕਾਰ ਦੇ ਸ਼ੀਸ਼ਿਆਂ 'ਤੇ ਦਸਤਕ ਦੇ ਰਹੀ ਸੀ। ਮੈਂ ਸਟੀਅਰਿੰਗ ਸੰਭਾਲਿਆ ਅਤੇ ਮੇਰੀ ਪਤਨੀ ਨੇ ਮਿਊਜ਼ਿਕ ਸਿਸਟਮ 'ਤੇ ਕੋਈ ਮੱਧਮ ਜਿਹਾ ਸੁਰ ਛੇੜ ਦਿੱਤਾ। ਅਸੀਂ ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲੀ ਸੜਕ ਰਾਹੀਂ ਦੌਲਤਪੁਰ ਚੌਕ Daulat Pura Chauk ਨਾਂਅ ਦੇ ਸ਼ਹਿਰ ਵਾਲੀ ਸੜਕ ਤੇ ਜਾ ਰਹੇ ਸੀ। ਸਾਡੇ ਖੱਬੇ ਪਾਸੇ ਹਿਮਾਚਲ ਦੀਆਂ ਪਹਾੜੀਆਂ ਸਨ ਤੇ ਸਾਡੀ ਸੜਕ ਦੇ ਸੱਜੇ ਪਾਸੇ ਦੌਲਤਪੁਰ ਤੋਂ ਬਰਾਸਤਾ ਤਲਵਾੜਾ ਮੁਕੇਰੀਆਂ ਤੱਕ ਨਵੀਂ ਬਣ ਰਹੀ ਰੇਲਵੇ ਲਾਇਨ ਚੱਲ ਰਹੀ ਸੀ। ਇਸ ਦਾ ਕੰਮ ਆਖਰੀ ਪੜਾਅ ਵੱਲ ਹੈ ਅਤੇ ਹੋਰ ਇਕ ਸਾਲ ਤੱਕ ਇਹ ਨਵਾਂ ਰੇਲ ਲਿੰਕ ਸ਼਼ੁਰੂ ਹੋਣ ਦੀ ਆਸ ਹੈ ਜਿਸ ਨਾਲ ਚੰਡੀਗੜ੍ਹ ਦਿੱਲੀ ਤੋਂ ਪਠਾਨਕੋਟ ਜੰਮੂ ਲਈ ਇਕ ਬਦਲਵਾਂ ਰੇਲ ਰੂਟ ਉਪਲਬੱਧ ਹੋਵੇਗਾ, ਉਥੇ ਹੀ ਇਸ ਇਲਾਕੇ ਦੀ ਟੂਰੀਸਟ ਇੰਡਸਟਰੀ ਨੂੰ ਹੁੰਗਾਰਾ ਮਿਲੇਗਾ। 

ਜਦ ਅਸੀਂ ਦੌਲਤਪੁਰ ਚੌਕ ਵਿਚੋਂ ਦੀ ਲੰਘੇ ਤਾਂ ਕੋਈ ਕੋਈ ਦੁਕਾਨ ਖੁਲੀ ਸੀ ਇੱਥੋਂ ਅਸੀਂ ਮੁਬਾਰਕਪੁਰ Mubarikpur ਨੂੰ ਨਿਕਲ ਗਏ ਅਤੇ ਮੁਬਾਰਕਪੁਰ ਦੇ ਬਾਜਾਰ ਦੀ ਭੀੜੀ ਗਲ੍ਹੀ ਵਿਚੋਂ ਦੀ ਲੰਘਦੇ ਹੋਏ ਇਕ ਚੌਕ ਤੋਂ ਲੰਘ ਕੇ ਅੰਬ Amb Town ਨਾਂ ਤੇ ਸ਼ਹਿਰ ਵਾਲੀ ਸੜਕ ਨੂੰ ਪੈ ਜਾਂਦੇ ਹੈ। ਇੱਧਰ ਹੀ ਡੇਰਾ ਵਡਭਾਗ ਸਿੰਘ Dera Vadbhag Singh ਹੋਣ ਕਾਰਨ ਬਹੁਤ ਸਾਰੀ ਸੰਗਤ ਟਰੈਕਟਰ ਟਰਾਲੀਆਂ ਤੇ ਜਾ ਰਹੀ ਸੀ। ਨੌਜਵਾਨ ਮੋਟਰ ਸਾਇਕਲਾਂ ਤੇ ਵੀ ਜਾ ਰਹੇ ਸਨ। ਅੰਬ ਸ਼ਹਿਰ ਦੇ ਬਜਾਰਾਂ ਵਿਚ ਦਿਨ ਦੀ ਚਹਿਲ ਪਹਿਲ ਸ਼ੁਰੂ ਹੁੰਦੀ ਉਸਤੋਂ ਪਹਿਲਾਂ ਹੀ ਅਸੀਂ ਇਸ ਨੂੰ ਵੀ ਪਾਰ ਕਰਕੇ ਇੱਥੋਂ ਨਾਦੌਨ Amb-Nadaun Road ਨੂੰ ਜਾਣ ਵਾਲੀ ਪਹਾੜੀ ਸੜਕ ਤੇ ਮੁੜ ਗਏ। 

ਰਾਹ ਵਿਚ ਕਈ ਪਹਾੜੀ ਨਾਲੇ ਆਏ ਜਿੰਨ੍ਹਾਂ ਵਿਚ ਫਿਲਹਾਲ ਖੁ਼ਸ਼ਕ ਮੌਸਮ ਹੋਣ ਕਾਰਨ ਪਾਣੀ ਨਾ ਦੇ ਬਰਾਬਰ ਹੀ ਸੀ। ਦੌਲਤਪੁਰ ਤੋਂ ਤਲਵਾੜੇ ਵਾਲੇ ਪਾਸੇ ਜਿੰਨ੍ਹੇ ਵੀ ਅਜਿਹੇ ਪਹਾੜੀ ਨਾਲੇ ਆਏ ਉਨ੍ਹਾਂ ਦਾ ਪਾਣੀ ਪੋਂਗ ਡੈਮ Pong Dam ਵਾਲੇ ਪਾਸੇ ਨੂੰ ਆਕੇ ਪੋਂਗ ਡੈਮ ਦੇ ਅਗਲੇ ਪਾਸੇ ਬਿਆਸ Beas River ਵਿਚ ਪੈਂਦਾ ਹੈ ਅਤੇ ਦੌਲਤਪੁਰ ਤੋਂ ਅੱਬ ਵਾਲੇ ਪਾਸੇ ਨੂੰ ਜਿੰਨ੍ਹੇ ਵੀ ਪਹਾੜੀ ਨਾਲੇ ਆਉਂਦੇ ਹਨ ਉਨ੍ਹਾਂ ਦਾ ਪਾਣੀ ਨੰਗਲ ਡੈਮ Bhakra Dam ਤੋਂ ਡਾਊਨਸਟਰੀਮ ਸਤਲੁਜ Sutlej River ਵਿਚ ਜਾ ਮਿਲਦਾ ਹੈ। 

ਇਸ ਸੜਕ ਤੇ ਬਹੁਤੀ ਤਿੱਖੀ ਚੜਾਈ ਨਹੀਂ ਸੀ ਅਤੇ ਕੁਝ ਇਕ ਨੂੰ ਛੱਡ ਕੇ ਜਿਆਦਾ ਤਿੱਖੇ ਮੋੜ ਵੀ ਨਹੀਂ ਸੀ। ਜਿਵੇਂ ਜਿਵੇਂ ਅਸੀਂ ਹਿਮਾਚਲ ਦੇ ਅੰਦਰ ਜਾ ਰਹੇ ਸੀ ਇਸਦੀ ਹਵਾ ਵਿੱਚ ਇੱਕ ਵੱਖਰੀ ਤਾਜ਼ਗੀ ਮਹਿਸੂਸ ਹੋਣ ਲੱਗੀ। ਪਹਾੜਾਂ ਵਿਚੋਂ ਲੰਘਦਿਆਂ ਇੰਝ ਲੱਗ ਰਿਹਾ ਸੀ ਜਿਵੇਂ ਪਹਾੜ ਸਾਨੂੰ ਆਪਣੇ ਕਲਾਵੇ ਵਿੱਚ ਲੈਣ ਲਈ ਤਿਆਰ ਹੋਣ। 

ਜਦ ਅਸੀਂ ਕੋਈ ਮੋੜ ਮੁੜਦੇ ਹਾਂ ਲੱਗਦਾ ਹੈ ਕਿ ਹਰ ਮੋੜ 'ਤੇ ਇੱਕ ਨਵਾਂ ਦ੍ਰਿਸ਼ ਸਾਡਾ ਇੰਤਜ਼ਾਰ ਕਰ ਰਿਹਾ ਹੈ।" ਮੇਰੀ ਪਤਨੀ ਦੇ ਬੋਲ ਸਨ। 

ਮੈਂ ਕਿਹਾ "ਬਿਲਕੁਲ! ਸਫ਼ਰ ਦਾ ਮਜ਼ਾ ਮੰਜ਼ਿਲ ਨਾਲੋਂ ਵੱਧ ਇਨ੍ਹਾਂ ਰਸਤਿਆਂ ਵਿੱਚ ਹੀ ਹੁੰਦਾ ਹੈ। ਆਹ ਦੇਖ, ਇਹ ਪਹਾੜੀਆਂ ਤੇ ਇੰਨ੍ਹਾਂ ਦੀ ਢਲਾਣਾਂ ਜਿਵੇਂ ਕੁਦਰਤ ਦੀ ਕਿਸੇ ਕਵਿਤਾ ਵਰਗੀਆਂ ਹੋਣ।"

ਇਸ ਮੁੱਖ ਸੜਕ ਤੋਂ ਅਸੀਂ ਪਿੰਡ ਕਲੋਹਾ ਤੋਂ ਇਕ ਬਰਸਾਤੀ ਨਾਲੇ ਨੂੰ ਪਾਰ ਕਰਦੇ ਹੋਏ ਖੱਬੇ ਪਾਸੇ ਲਿੰਕ ਸੜਕ ਤੇ ਮੁੜ ਜਾਂਦੇ ਹਾਂ। ਇਹੀ ਸੜਕ ਸਾਨੂੰ ਪਰਾਗਪੁਰ ਤੇ ਗਰਲੀ Village Pragpur and Garali ਲੈ ਕੇ ਜਾਣ ਵਾਲੀ ਸੀ। ਹੁਣ ਸੜਕ ਤੰਗ ਹੋ ਗਈ ਸੀ ਪਰ ਕੁਦਰਤ ਹੁਣ ਹੋਰ ਨੇੜੇ ਹੋ ਗਈ ਸੀ। 

ਜਦ ਅਸੀਂ ਭਾਰਤ ਦੇ ਪਹਿਲੇ ਵਿਰਾਸਤੀ ਪਿੰਡ ਪਰਾਗਪੁਰ Village Paragpur ਵਿੱਚ ਦਾਖ਼ਲ ਹੋਏ, ਤਾਂ ਇੰਝ ਲੱਗਾ ਜਿਵੇਂ ਅਸੀਂ 19ਵੀਂ ਸਦੀ ਦੇ ਕਿਸੇ ਯੂਰਪੀ ਦੇਸ਼ ਦੇ ਕਸਬੇ ਵਿੱਚ ਆ ਗਏ ਹੋਈਏ। ਪੱਥਰਾਂ ਦੀਆਂ ਬਣੀਆਂ ਗਲੀਆਂ (Cobblestone streets) ਅਤੇ ਦਹਾਕਿਆਂ ਪੁਰਾਣੀਆਂ ਹਵੇਲੀਆਂ ਨੇ ਸਾਡਾ ਸਵਾਗਤ ਕੀਤਾ। ਪਿੰਡ ਵਿਚ ਢਲਾਣਦਾਰ ਛੱਤਾ ਅਤੇ ਲੱਕੜ ਦੇ ਕੰਮ ਵਾਲੇ ਝਰੋਖੇ ਅੱਜ ਵਿਚ ਬੀਤੇ ਦੀਆਂ ਬਾਤਾਂ ਪਾਉਂਦੇ ਪ੍ਰਤੀਤ ਹੁੰਦੇ ਹਨ। ਕਾਰ ਪਾਰਕ ਕਰਕੇ ਜਦੋਂ ਅਸੀਂ ਪੈਦਲ ਤੁਰੇ, ਤਾਂ ਪੱਥਰਾਂ ਦੀ ਛੋਹ ਮਨ ਨੂੰ ਸਕੂਨ ਦੇ ਰਹੀ ਸੀ।

ਪਤਨੀ ਹੈਰਾਨੀ ਨਾਲ ਹਵੇਲੀਆਂ ਦੇ ਝਰੋਖਿਆਂ ਨੂੰ ਦੇਖਦਿਆਂ ਕਿਹਾ: "ਅੱਜ ਦੇ ਸੀਮਿੰਟ ਦੇ ਜੰਗਲਾਂ ਵਿੱਚ ਇਹ ਸੁਹੱਪਣ ਕਿੱਥੇ?"

ਮੈਂ ਦੱਸਣ ਲੱਗਦਾ ਹਾਂ "ਇਹ 'ਜੱਜਾਂ ਦੀ ਕੋਠੀ' ਅਤੇ ਇੱਥੋਂ ਦਾ ਬਾਜ਼ਾਰ... ਇਹ ਸਭ ਇਤਿਹਾਸ ਦੀਆਂ ਜਿਉਂਦੀਆਂ-ਜਾਗਦੀਆਂ ਮਿਸਾਲਾਂ ਨੇ। ਇੱਥੇ ਵਕਤ ਦੀ ਰਫ਼ਤਾਰ ਸ਼ਾਇਦ ਦੁਨੀਆ ਨਾਲੋਂ ਥੋੜੀ ਹੌਲੀ ਹੈ, ਇਸੇ ਲਈ ਤਾਂ ਇੱਥੇ ਸ਼ਾਂਤੀ ਹੈ।" 

ਅਸੀਂ ਪਿੰਡ ਦੇ ਵਿਚਕਾਰ ਬਣੇ ਇਕ ਤਲਾਬ ਦੇ ਕੋਲ ਪਹੁੰਚਦੇ ਹਨ, ਜਿਸ ਦੇ ਨਾਲ ਹੀ ਇਕ ਪਾਸੇ ਨਾਇਬ ਤਹਿਸੀਲਦਾਰ ਦਾ ਦਫ਼ਤਰ ਸੀ। ਇੱਥੇ ਚਾਰੇ ਪਾਸੇ ਪੁਰਾਤਨ ਘਰ ਵਿਖਾਈ ਦਿੰਦੇ ਹਨ। ਇੱਥੇ ਅਸੀਂ ਇਕ ਪੁਰਾਤਨ ਮੰਦਿਰ ਦੇ ਦਰਸ਼ਨ ਵੀ ਕਰਦੇ ਹਾਂ। ਇੱਥੋਂ ਅਸੀਂ ਬਜਾਰ ਵਿਚਦੀ ਹੁੰਦੇ ਹੋਏ ਬਾਹਰ ਸੜਕ ਤੇ ਆਕੇ ਕਾਰ ਕੋਲ ਪੁੱਜਦੇ ਹਾਂ ਅਤੇ ਗਰਲੀ ਪਿੰਡ ਵੱਲ ਨੂੰ ਚੱਲ ਪੈਂਦੇ ਹਾਂ। ਇੱਥੋਂ ਇਕ ਖੱਡ ਪਾਰ ਕਰਕੇ ਅਸੀਂ ਗਰਲੀ Village Garali ਵੱਲ ਨੂੰ ਮੁੜ ਜਾਂਦੇ ਹਾਂ। ਇਸ ਇਲਾਕੇ ਦੀਆਂ ਇੰਨ੍ਹਾਂ ਖੱਡਾਂ ਦਾ ਪਾਣੀ ਨੇੜੇ ਹੀ ਵਹਿੰਦੀ ਬਿਆਸ ਨਦੀ ਵਿਚ ਜਾਂਦਾ ਹੈ। ਗਰਲੀ ਦੇ ਸਕੂਲ ਕੋਲ ਸਥਿਤ ਅਸੀਂ ਨੌਰੰਗ ਯਾਤਰੀ ਨਿਵਾਸ Naurang Yatri Niwas ਨਾਂ ਦੀ ਵਿਰਾਸਤੀ ਇਮਾਰਤ ਕੋਲ ਰੁੱਕਦੇ ਹਾਂ। ਇੱਥੇ ਹੁਣ ਹੋਟਲ ਹੈ। ਹੋਟਲ ਦਾ ਸਟਾਫ ਸਾਨੂੰ ਬਹੁਤ ਰੀਝ ਨਾਲ ਇਹ ਇਮਾਰਤ ਵਿਖਾਉਂਦਾ ਹੈ। ਇਸ ਨੂੰ ਵਿਰਾਸਤੀ ਰੂਪ ਵਿਚ ਸੰਭਾਲਿਆ ਹੋਇਆ ਹੈ। ਪੁਰਾਣੇ ਸਮੇਂ ਵਿਚ ਇਹ ਸਰਾਂ ਹੁੰਦੀ ਸੀ ਜਿੱਥੇ ਯਾਤਰੀ ਰੁੱਕਦੇ ਸਨ। ਅਸੀਂ ਇੱਥੇ ਬ੍ਰੇਕ ਫਾਸਟ ਕਰਦੇ ਹਾਂ। ਗਰਲੀ ਨੇ ਸਾਨੂੰ ਆਪਣੀ ਵਿਲੱਖਣ ਇਮਾਰਤਸਾਜ਼ੀ ਨਾਲ ਕੀਲ ਲਿਆ ਸੀ। ਇੱਥੋਂ ਦੇ ਘਰਾਂ ਵਿੱਚ ਇਤਾਲਵੀ (Italianate) ਅਤੇ ਗੌਥਿਕ ਸ਼ੈਲੀ ਦਾ ਸੁਮੇਲ ਦੇਖ ਕੇ ਅੱਖਾਂ ਦੰਗ ਰਹਿ ਗਈਆਂ। ਗਰਲੀ ਸਿਰਫ਼ ਪਿੰਡ ਨਹੀਂ, ਇੱਕ ਖੁੱਲ੍ਹਾ ਅਜਾਇਬ ਘਰ ਹੈ।"

ਅਸੀਂ ਜਦ ਘਰ ਤੋਂ ਚੱਲੇ ਸੀ ਤਾਂ ਸਾਡਾ ਟੀਚਾ ਇਹ ਦੋ ਪਿੰਡ ਵੇਖਣ ਦਾ ਹੀ ਸੀ ਪਰ ਇੱਥੇ ਗਰਲੀ ਵਿਚ ਹੱਥਾਂ ਨਾਲ ਬਣੇ ਸਮਾਨ ਦੀ ਇਕ ਦੁਕਾਨ ਤੇ ਸਮਾਨ ਵੇਚ ਰਹੀਆਂ ਕੁੜੀਆਂ ਸਾਡੀ ਯਾਤਰਾ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦੀਆਂ ਹਨ। ਅਸੀਂ ਇਕ ਦੁਜ਼ੇ ਵੱਲ ਵੇਖਦੇ ਹਾਂ ਅਤੇ ਅੱਗੇ ਚੱਲਣ ਦਾ ਫੈਸਲਾ ਕਰ ਲੈਂਦੇ ਹਾਂ। 


ਇਸ ਨੂੰ ਹਿੰਦੀ ਵਿਚ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ

देश के पहले हैरिटेज गांवों की यात्रा


ਪੰਜਾਬ ਦਾ ਸਭ ਤੋਂ ਉੱਚਾ ਸ਼ਿਵ ਮੰਦਰ

ਅਪ੍ਰੈਲ ਮਹੀਨੇ ਦੀ ਇਕ ਸ਼ਾਮ। ਮੈਂ ਤਲਵਾੜੇ Talwara ਤੋਂ ਸਫਰ ਸ਼ੁਰੂ ਕੀਤਾ। ਮੰਜਿਲ ਸੀ, Punjab ਦਾ ਸਭ ਤੋਂ ਉੱਚਾ ਸ਼ਿਵ ਮੰਦਰ Shiv Temple । ਵੈਸੇ ਤਾਂ ਇਸ ਮੰਦਰ ਤੱਕ ...