ਫਰਵਰੀ ਮਹੀਨੇ ਦੇ ਆਖਰੀ ਵੀਕ ਐਂਡ, ਅਸੀਂ ਹਿਮਾਚਲ ਪ੍ਰਦੇਸ਼ Heritage Villages of Himachal Pradesh ਦੇ ਵਿਰਾਸਤੀ ਪਿੰਡ ਪਰਾਗਪੁਰ ਤੇ ਗਰਲੀ Pragpur and Garali ਜਾਣ ਲਈ ਨਿਕਲੇ। ਇਨ੍ਹਾਂ ਨੂੰ ਦੇਸ਼ ਦੇ ਪਹਿਲੇ ਵਿਰਾਸਤੀ ਪਿੰਡ ਹੋਣ ਦਾ ਮਾਣ First Heritage Villages of India ਹਾਸਲ ਹੈ। ਮੇਰੇ ਨਾਲ ਖੱਬੇ ਪਾਸੇ ਦੀ ਸੀਟ ਤੇ ਮੇਰੀ ਪਤਨੀ ਬੈਠੀ ਸੀ।
ਸਵੇਰ ਦੀ ਨਰਮ ਧੁੱਪ ਤਲਵਾੜਾ Talwara ਦੇ ਦਰੱਖਤਾਂ ਦੇ ਪੱਤਿਆਂ ਵਿੱਚੋਂ ਛਣ ਕੇ ਕਾਰ ਦੇ ਸ਼ੀਸ਼ਿਆਂ 'ਤੇ ਦਸਤਕ ਦੇ ਰਹੀ ਸੀ। ਮੈਂ ਸਟੀਅਰਿੰਗ ਸੰਭਾਲਿਆ ਅਤੇ ਮੇਰੀ ਪਤਨੀ ਨੇ ਮਿਊਜ਼ਿਕ ਸਿਸਟਮ 'ਤੇ ਕੋਈ ਮੱਧਮ ਜਿਹਾ ਸੁਰ ਛੇੜ ਦਿੱਤਾ। ਅਸੀਂ ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲੀ ਸੜਕ ਰਾਹੀਂ ਦੌਲਤਪੁਰ ਚੌਕ Daulat Pura Chauk ਨਾਂਅ ਦੇ ਸ਼ਹਿਰ ਵਾਲੀ ਸੜਕ ਤੇ ਜਾ ਰਹੇ ਸੀ। ਸਾਡੇ ਖੱਬੇ ਪਾਸੇ ਹਿਮਾਚਲ ਦੀਆਂ ਪਹਾੜੀਆਂ ਸਨ ਤੇ ਸਾਡੀ ਸੜਕ ਦੇ ਸੱਜੇ ਪਾਸੇ ਦੌਲਤਪੁਰ ਤੋਂ ਬਰਾਸਤਾ ਤਲਵਾੜਾ ਮੁਕੇਰੀਆਂ ਤੱਕ ਨਵੀਂ ਬਣ ਰਹੀ ਰੇਲਵੇ ਲਾਇਨ ਚੱਲ ਰਹੀ ਸੀ। ਇਸ ਦਾ ਕੰਮ ਆਖਰੀ ਪੜਾਅ ਵੱਲ ਹੈ ਅਤੇ ਹੋਰ ਇਕ ਸਾਲ ਤੱਕ ਇਹ ਨਵਾਂ ਰੇਲ ਲਿੰਕ ਸ਼਼ੁਰੂ ਹੋਣ ਦੀ ਆਸ ਹੈ ਜਿਸ ਨਾਲ ਚੰਡੀਗੜ੍ਹ ਦਿੱਲੀ ਤੋਂ ਪਠਾਨਕੋਟ ਜੰਮੂ ਲਈ ਇਕ ਬਦਲਵਾਂ ਰੇਲ ਰੂਟ ਉਪਲਬੱਧ ਹੋਵੇਗਾ, ਉਥੇ ਹੀ ਇਸ ਇਲਾਕੇ ਦੀ ਟੂਰੀਸਟ ਇੰਡਸਟਰੀ ਨੂੰ ਹੁੰਗਾਰਾ ਮਿਲੇਗਾ।
ਜਦ ਅਸੀਂ ਦੌਲਤਪੁਰ ਚੌਕ ਵਿਚੋਂ ਦੀ ਲੰਘੇ ਤਾਂ ਕੋਈ ਕੋਈ ਦੁਕਾਨ ਖੁਲੀ ਸੀ ਇੱਥੋਂ ਅਸੀਂ ਮੁਬਾਰਕਪੁਰ Mubarikpur ਨੂੰ ਨਿਕਲ ਗਏ ਅਤੇ ਮੁਬਾਰਕਪੁਰ ਦੇ ਬਾਜਾਰ ਦੀ ਭੀੜੀ ਗਲ੍ਹੀ ਵਿਚੋਂ ਦੀ ਲੰਘਦੇ ਹੋਏ ਇਕ ਚੌਕ ਤੋਂ ਲੰਘ ਕੇ ਅੰਬ Amb Town ਨਾਂ ਤੇ ਸ਼ਹਿਰ ਵਾਲੀ ਸੜਕ ਨੂੰ ਪੈ ਜਾਂਦੇ ਹੈ। ਇੱਧਰ ਹੀ ਡੇਰਾ ਵਡਭਾਗ ਸਿੰਘ Dera Vadbhag Singh ਹੋਣ ਕਾਰਨ ਬਹੁਤ ਸਾਰੀ ਸੰਗਤ ਟਰੈਕਟਰ ਟਰਾਲੀਆਂ ਤੇ ਜਾ ਰਹੀ ਸੀ। ਨੌਜਵਾਨ ਮੋਟਰ ਸਾਇਕਲਾਂ ਤੇ ਵੀ ਜਾ ਰਹੇ ਸਨ। ਅੰਬ ਸ਼ਹਿਰ ਦੇ ਬਜਾਰਾਂ ਵਿਚ ਦਿਨ ਦੀ ਚਹਿਲ ਪਹਿਲ ਸ਼ੁਰੂ ਹੁੰਦੀ ਉਸਤੋਂ ਪਹਿਲਾਂ ਹੀ ਅਸੀਂ ਇਸ ਨੂੰ ਵੀ ਪਾਰ ਕਰਕੇ ਇੱਥੋਂ ਨਾਦੌਨ Amb-Nadaun Road ਨੂੰ ਜਾਣ ਵਾਲੀ ਪਹਾੜੀ ਸੜਕ ਤੇ ਮੁੜ ਗਏ।
ਰਾਹ ਵਿਚ ਕਈ ਪਹਾੜੀ ਨਾਲੇ ਆਏ ਜਿੰਨ੍ਹਾਂ ਵਿਚ ਫਿਲਹਾਲ ਖੁ਼ਸ਼ਕ ਮੌਸਮ ਹੋਣ ਕਾਰਨ ਪਾਣੀ ਨਾ ਦੇ ਬਰਾਬਰ ਹੀ ਸੀ। ਦੌਲਤਪੁਰ ਤੋਂ ਤਲਵਾੜੇ ਵਾਲੇ ਪਾਸੇ ਜਿੰਨ੍ਹੇ ਵੀ ਅਜਿਹੇ ਪਹਾੜੀ ਨਾਲੇ ਆਏ ਉਨ੍ਹਾਂ ਦਾ ਪਾਣੀ ਪੋਂਗ ਡੈਮ Pong Dam ਵਾਲੇ ਪਾਸੇ ਨੂੰ ਆਕੇ ਪੋਂਗ ਡੈਮ ਦੇ ਅਗਲੇ ਪਾਸੇ ਬਿਆਸ Beas River ਵਿਚ ਪੈਂਦਾ ਹੈ ਅਤੇ ਦੌਲਤਪੁਰ ਤੋਂ ਅੱਬ ਵਾਲੇ ਪਾਸੇ ਨੂੰ ਜਿੰਨ੍ਹੇ ਵੀ ਪਹਾੜੀ ਨਾਲੇ ਆਉਂਦੇ ਹਨ ਉਨ੍ਹਾਂ ਦਾ ਪਾਣੀ ਨੰਗਲ ਡੈਮ Bhakra Dam ਤੋਂ ਡਾਊਨਸਟਰੀਮ ਸਤਲੁਜ Sutlej River ਵਿਚ ਜਾ ਮਿਲਦਾ ਹੈ।
ਇਸ ਸੜਕ ਤੇ ਬਹੁਤੀ ਤਿੱਖੀ ਚੜਾਈ ਨਹੀਂ ਸੀ ਅਤੇ ਕੁਝ ਇਕ ਨੂੰ ਛੱਡ ਕੇ ਜਿਆਦਾ ਤਿੱਖੇ ਮੋੜ ਵੀ ਨਹੀਂ ਸੀ। ਜਿਵੇਂ ਜਿਵੇਂ ਅਸੀਂ ਹਿਮਾਚਲ ਦੇ ਅੰਦਰ ਜਾ ਰਹੇ ਸੀ ਇਸਦੀ ਹਵਾ ਵਿੱਚ ਇੱਕ ਵੱਖਰੀ ਤਾਜ਼ਗੀ ਮਹਿਸੂਸ ਹੋਣ ਲੱਗੀ। ਪਹਾੜਾਂ ਵਿਚੋਂ ਲੰਘਦਿਆਂ ਇੰਝ ਲੱਗ ਰਿਹਾ ਸੀ ਜਿਵੇਂ ਪਹਾੜ ਸਾਨੂੰ ਆਪਣੇ ਕਲਾਵੇ ਵਿੱਚ ਲੈਣ ਲਈ ਤਿਆਰ ਹੋਣ।
ਜਦ ਅਸੀਂ ਕੋਈ ਮੋੜ ਮੁੜਦੇ ਹਾਂ ਲੱਗਦਾ ਹੈ ਕਿ ਹਰ ਮੋੜ 'ਤੇ ਇੱਕ ਨਵਾਂ ਦ੍ਰਿਸ਼ ਸਾਡਾ ਇੰਤਜ਼ਾਰ ਕਰ ਰਿਹਾ ਹੈ।" ਮੇਰੀ ਪਤਨੀ ਦੇ ਬੋਲ ਸਨ।
ਮੈਂ ਕਿਹਾ "ਬਿਲਕੁਲ! ਸਫ਼ਰ ਦਾ ਮਜ਼ਾ ਮੰਜ਼ਿਲ ਨਾਲੋਂ ਵੱਧ ਇਨ੍ਹਾਂ ਰਸਤਿਆਂ ਵਿੱਚ ਹੀ ਹੁੰਦਾ ਹੈ। ਆਹ ਦੇਖ, ਇਹ ਪਹਾੜੀਆਂ ਤੇ ਇੰਨ੍ਹਾਂ ਦੀ ਢਲਾਣਾਂ ਜਿਵੇਂ ਕੁਦਰਤ ਦੀ ਕਿਸੇ ਕਵਿਤਾ ਵਰਗੀਆਂ ਹੋਣ।"
ਇਸ ਮੁੱਖ ਸੜਕ ਤੋਂ ਅਸੀਂ ਪਿੰਡ ਕਲੋਹਾ ਤੋਂ ਇਕ ਬਰਸਾਤੀ ਨਾਲੇ ਨੂੰ ਪਾਰ ਕਰਦੇ ਹੋਏ ਖੱਬੇ ਪਾਸੇ ਲਿੰਕ ਸੜਕ ਤੇ ਮੁੜ ਜਾਂਦੇ ਹਾਂ। ਇਹੀ ਸੜਕ ਸਾਨੂੰ ਪਰਾਗਪੁਰ ਤੇ ਗਰਲੀ Village Pragpur and Garali ਲੈ ਕੇ ਜਾਣ ਵਾਲੀ ਸੀ। ਹੁਣ ਸੜਕ ਤੰਗ ਹੋ ਗਈ ਸੀ ਪਰ ਕੁਦਰਤ ਹੁਣ ਹੋਰ ਨੇੜੇ ਹੋ ਗਈ ਸੀ।
ਜਦ ਅਸੀਂ ਭਾਰਤ ਦੇ ਪਹਿਲੇ ਵਿਰਾਸਤੀ ਪਿੰਡ ਪਰਾਗਪੁਰ Village Paragpur ਵਿੱਚ ਦਾਖ਼ਲ ਹੋਏ, ਤਾਂ ਇੰਝ ਲੱਗਾ ਜਿਵੇਂ ਅਸੀਂ 19ਵੀਂ ਸਦੀ ਦੇ ਕਿਸੇ ਯੂਰਪੀ ਦੇਸ਼ ਦੇ ਕਸਬੇ ਵਿੱਚ ਆ ਗਏ ਹੋਈਏ। ਪੱਥਰਾਂ ਦੀਆਂ ਬਣੀਆਂ ਗਲੀਆਂ (Cobblestone streets) ਅਤੇ ਦਹਾਕਿਆਂ ਪੁਰਾਣੀਆਂ ਹਵੇਲੀਆਂ ਨੇ ਸਾਡਾ ਸਵਾਗਤ ਕੀਤਾ। ਪਿੰਡ ਵਿਚ ਢਲਾਣਦਾਰ ਛੱਤਾ ਅਤੇ ਲੱਕੜ ਦੇ ਕੰਮ ਵਾਲੇ ਝਰੋਖੇ ਅੱਜ ਵਿਚ ਬੀਤੇ ਦੀਆਂ ਬਾਤਾਂ ਪਾਉਂਦੇ ਪ੍ਰਤੀਤ ਹੁੰਦੇ ਹਨ। ਕਾਰ ਪਾਰਕ ਕਰਕੇ ਜਦੋਂ ਅਸੀਂ ਪੈਦਲ ਤੁਰੇ, ਤਾਂ ਪੱਥਰਾਂ ਦੀ ਛੋਹ ਮਨ ਨੂੰ ਸਕੂਨ ਦੇ ਰਹੀ ਸੀ।
ਪਤਨੀ ਹੈਰਾਨੀ ਨਾਲ ਹਵੇਲੀਆਂ ਦੇ ਝਰੋਖਿਆਂ ਨੂੰ ਦੇਖਦਿਆਂ ਕਿਹਾ: "ਅੱਜ ਦੇ ਸੀਮਿੰਟ ਦੇ ਜੰਗਲਾਂ ਵਿੱਚ ਇਹ ਸੁਹੱਪਣ ਕਿੱਥੇ?"
ਮੈਂ ਦੱਸਣ ਲੱਗਦਾ ਹਾਂ "ਇਹ 'ਜੱਜਾਂ ਦੀ ਕੋਠੀ' ਅਤੇ ਇੱਥੋਂ ਦਾ ਬਾਜ਼ਾਰ... ਇਹ ਸਭ ਇਤਿਹਾਸ ਦੀਆਂ ਜਿਉਂਦੀਆਂ-ਜਾਗਦੀਆਂ ਮਿਸਾਲਾਂ ਨੇ। ਇੱਥੇ ਵਕਤ ਦੀ ਰਫ਼ਤਾਰ ਸ਼ਾਇਦ ਦੁਨੀਆ ਨਾਲੋਂ ਥੋੜੀ ਹੌਲੀ ਹੈ, ਇਸੇ ਲਈ ਤਾਂ ਇੱਥੇ ਸ਼ਾਂਤੀ ਹੈ।"
ਅਸੀਂ ਪਿੰਡ ਦੇ ਵਿਚਕਾਰ ਬਣੇ ਇਕ ਤਲਾਬ ਦੇ ਕੋਲ ਪਹੁੰਚਦੇ ਹਨ, ਜਿਸ ਦੇ ਨਾਲ ਹੀ ਇਕ ਪਾਸੇ ਨਾਇਬ ਤਹਿਸੀਲਦਾਰ ਦਾ ਦਫ਼ਤਰ ਸੀ। ਇੱਥੇ ਚਾਰੇ ਪਾਸੇ ਪੁਰਾਤਨ ਘਰ ਵਿਖਾਈ ਦਿੰਦੇ ਹਨ। ਇੱਥੇ ਅਸੀਂ ਇਕ ਪੁਰਾਤਨ ਮੰਦਿਰ ਦੇ ਦਰਸ਼ਨ ਵੀ ਕਰਦੇ ਹਾਂ। ਇੱਥੋਂ ਅਸੀਂ ਬਜਾਰ ਵਿਚਦੀ ਹੁੰਦੇ ਹੋਏ ਬਾਹਰ ਸੜਕ ਤੇ ਆਕੇ ਕਾਰ ਕੋਲ ਪੁੱਜਦੇ ਹਾਂ ਅਤੇ ਗਰਲੀ ਪਿੰਡ ਵੱਲ ਨੂੰ ਚੱਲ ਪੈਂਦੇ ਹਾਂ। ਇੱਥੋਂ ਇਕ ਖੱਡ ਪਾਰ ਕਰਕੇ ਅਸੀਂ ਗਰਲੀ Village Garali ਵੱਲ ਨੂੰ ਮੁੜ ਜਾਂਦੇ ਹਾਂ। ਇਸ ਇਲਾਕੇ ਦੀਆਂ ਇੰਨ੍ਹਾਂ ਖੱਡਾਂ ਦਾ ਪਾਣੀ ਨੇੜੇ ਹੀ ਵਹਿੰਦੀ ਬਿਆਸ ਨਦੀ ਵਿਚ ਜਾਂਦਾ ਹੈ। ਗਰਲੀ ਦੇ ਸਕੂਲ ਕੋਲ ਸਥਿਤ ਅਸੀਂ ਨੌਰੰਗ ਯਾਤਰੀ ਨਿਵਾਸ Naurang Yatri Niwas ਨਾਂ ਦੀ ਵਿਰਾਸਤੀ ਇਮਾਰਤ ਕੋਲ ਰੁੱਕਦੇ ਹਾਂ। ਇੱਥੇ ਹੁਣ ਹੋਟਲ ਹੈ। ਹੋਟਲ ਦਾ ਸਟਾਫ ਸਾਨੂੰ ਬਹੁਤ ਰੀਝ ਨਾਲ ਇਹ ਇਮਾਰਤ ਵਿਖਾਉਂਦਾ ਹੈ। ਇਸ ਨੂੰ ਵਿਰਾਸਤੀ ਰੂਪ ਵਿਚ ਸੰਭਾਲਿਆ ਹੋਇਆ ਹੈ। ਪੁਰਾਣੇ ਸਮੇਂ ਵਿਚ ਇਹ ਸਰਾਂ ਹੁੰਦੀ ਸੀ ਜਿੱਥੇ ਯਾਤਰੀ ਰੁੱਕਦੇ ਸਨ। ਅਸੀਂ ਇੱਥੇ ਬ੍ਰੇਕ ਫਾਸਟ ਕਰਦੇ ਹਾਂ। ਗਰਲੀ ਨੇ ਸਾਨੂੰ ਆਪਣੀ ਵਿਲੱਖਣ ਇਮਾਰਤਸਾਜ਼ੀ ਨਾਲ ਕੀਲ ਲਿਆ ਸੀ। ਇੱਥੋਂ ਦੇ ਘਰਾਂ ਵਿੱਚ ਇਤਾਲਵੀ (Italianate) ਅਤੇ ਗੌਥਿਕ ਸ਼ੈਲੀ ਦਾ ਸੁਮੇਲ ਦੇਖ ਕੇ ਅੱਖਾਂ ਦੰਗ ਰਹਿ ਗਈਆਂ। ਗਰਲੀ ਸਿਰਫ਼ ਪਿੰਡ ਨਹੀਂ, ਇੱਕ ਖੁੱਲ੍ਹਾ ਅਜਾਇਬ ਘਰ ਹੈ।"
ਅਸੀਂ ਜਦ ਘਰ ਤੋਂ ਚੱਲੇ ਸੀ ਤਾਂ ਸਾਡਾ ਟੀਚਾ ਇਹ ਦੋ ਪਿੰਡ ਵੇਖਣ ਦਾ ਹੀ ਸੀ ਪਰ ਇੱਥੇ ਗਰਲੀ ਵਿਚ ਹੱਥਾਂ ਨਾਲ ਬਣੇ ਸਮਾਨ ਦੀ ਇਕ ਦੁਕਾਨ ਤੇ ਸਮਾਨ ਵੇਚ ਰਹੀਆਂ ਕੁੜੀਆਂ ਸਾਡੀ ਯਾਤਰਾ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦੀਆਂ ਹਨ। ਅਸੀਂ ਇਕ ਦੁਜ਼ੇ ਵੱਲ ਵੇਖਦੇ ਹਾਂ ਅਤੇ ਅੱਗੇ ਚੱਲਣ ਦਾ ਫੈਸਲਾ ਕਰ ਲੈਂਦੇ ਹਾਂ।
ਇਸ ਨੂੰ ਹਿੰਦੀ ਵਿਚ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ
देश के पहले हैरिटेज गांवों की यात्रा


.jpeg)

No comments:
Post a Comment