Friday, September 11, 2026

ਸਾਰਾਗੜ੍ਹੀ ਦੀ ਜੰਗ

- ਇੰਦਰਜੀਤ ਸਿੰਘ ਹਰਪੁਰਾ,

ਡੀ.ਪੀ.ਆਰ.ਓ. ਅੰਮ੍ਰਿਤਸਰ।

98155-77574

12 ਸਤੰਬਰ 1897 ਨੂੰ ਸਵੇਰੇ 8 ਵਜੇ ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਦੌੜ ਕੇ ਅੰਦਰ ਖ਼ਬਰ ਦਿੱਤੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ (ਨਿਸ਼ਾਨ) ਦੇ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਕਿਲ੍ਹੇ ਵੱਲ ਵਧ ਰਿਹਾ ਹੈ। ਉਨ੍ਹਾਂ ਦੀ ਗਿਣਤੀ 8 ਹਜ਼ਾਰ ਤੋਂ 14 ਹਜ਼ਾਰ ਵਿਚਾਲੇ ਸੀ।

ਸੰਤਰੀ ਨੂੰ ਫੌਰਨ ਅੰਦਰ ਲਿਆ ਗਿਆ ਅਤੇ ਸੈਨਿਕਾਂ ਦੀ ਅਗਵਾਈ ਕਰ ਰਹੇ ਹਵਲਦਾਰ ਈਸ਼ਰ ਸਿੰਘ ਨੇ ਸਿਗਨਲ ਮੈਨ ਗੁਰਮੁਖ ਸਿੰਘ ਨੂੰ ਆਦੇਸ਼ ਦਿੱਤਾ ਕਿ ਨੇੜੇ ਦੇ ਕਿਲ੍ਹੇ ਲੋਕਹਾਰਟ `ਚ ਤਾਇਨਾਤ ਅੰਗਰੇਜ਼ ਅਧਿਕਾਰੀਆਂ ਨੂੰ ਤੁਰੰਤ ਹਾਲਾਤ ਤੋਂ ਜਾਣੂ ਕਰਵਾਇਆ ਜਾਵੇ ਅਤੇ ਉਨ੍ਹਾਂ ਕੋਲੋਂ ਪੁੱਛਿਆ ਜਾਵੇ ਕਿ ਉਨ੍ਹਾਂ ਲਈ ਕੀ ਹੁਕਮ ਹੈ

ਕਰਨਲ ਹਾਟਨ ਨੇ ਹੁਕਮ ਦਿੱਤਾ, "ਹੋਲਡ ਯੋਰ ਪੋਜ਼ੀਸ਼ਨ", ਯਾਨਿ ਆਪਣੀ ਥਾਂ `ਤੇ ਡਟੇ ਰਹੋ। ਇੱਕ ਘੰਟੇ ਅੰਦਰ ਕਿਲ੍ਹੇ ਨੂੰ ਤਿੰਨਾਂ ਪਾਸਿਓਂ ਘੇਰ ਲਿਆ ਗਿਆ ਅਤੇ ਓਰਕਜ਼ਈਆਂ ਦਾ ਇੱਕ ਸੈਨਿਕ ਹੱਥ `ਚ ਚਿੱਟਾ ਝੰਡਾ ਲਈ ਕਿਲ੍ਹੇ ਵੱਲ ਵਧਿਆ।

ਉਸ ਨੇ ਚੀਕ ਕੇ ਕਿਹਾ, "ਸਾਡੀ ਤੁਹਾਡੇ ਨਾਲ ਕੋਈ ਜੰਗ ਨਹੀਂ ਹੈ। ਸਾਡੀ ਜੰਗ ਅੰਗਰੇਜ਼ਾਂ ਨਾਲ ਹੈ। ਤੁਸੀਂ ਗਿਣਤੀ ਵਿੱਚ ਬਹੁਤ ਘੱਟ ਹੋ, ਮਾਰੇ ਜਾਓਗੇ। ਸਾਡੇ ਸਾਹਮਣੇ ਹਥਿਆਰ ਸੁੱਟ ਦਿਓ। ਅਸੀਂ ਤੁਹਾਡਾ ਖ਼ਿਆਲ ਰੱਖਾਂਗੇ ਅਤੇ ਤੁਹਾਨੂੰ ਇੱਥੋਂ ਸੁਰੱਖਿਅਤ ਨਿਕਲਣ ਦਾ ਰਸਤਾ ਦੇਵਾਂਗੇ।"

ਬਾਅਦ `ਚ ਬ੍ਰਿਟਿਸ਼ ਫੌਜ਼ ਦੇ ਮੇਜਰ ਜਨਰਲ ਜੈਮਸ ਲੰਟ ਨੇ ਇਸ ਜੰਗ ਬਾਰੇ ਦੱਸਦੇ ਹੋਏ ਲਿਖਿਆ, "ਈਸ਼ਰ ਸਿੰਘ ਨੇ ਇਸ ਪੇਸ਼ਕਸ਼ ਦਾ ਜਵਾਬ ਓਰਕਜ਼ਈਆਂ ਦੀ ਹੀ ਭਾਸ਼ਾ ਪਸ਼ਤੋ ਵਿੱਚ ਦਿੱਤਾ।

ਉਨ੍ਹਾਂ ਦੀ ਭਾਸ਼ਾ ਨਾ ਸਿਰਫ਼ ਸਖ਼ਤ ਸੀ ਬਲਕਿ ਗਾਲ੍ਹਾਂ ਨਾਲ ਭਰੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਅੰਗਰੇਜ਼ਾਂ ਦੀ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਜ਼ਮੀਨ ਹੈ ਅਤੇ ਅਸੀਂ ਇਸ ਦੀ ਆਖ਼ਰੀ ਸਾਹ ਤੱਕ ਰੱਖਿਆ ਕਰਾਂਗੇ।"

ਕਿਉਂ ਹੋਈ ਸੀ ਸਾਰਾਗੜ੍ਹੀ ਦੀ ਜੰਗ......

ਲੇਖਕ: ਇੰਦਰਜੀਤ ਸਿੰਘ ਹਰਪੁਰਾ

ਸਾਰਾਗੜ੍ਹੀ ਦਾ ਕਿਲ੍ਹਾ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਖੇਤਰ ਕੋਹਾਟ ਜਿਲ੍ਹੇ `ਚ ਕਰੀਬ 6 ਹਜ਼ਾਰ ਫੁੱਟ ਦੀ ਉਚਾਈ `ਤੇ ਹੈ। ਇਹ ਉਹ ਇਲਾਕਾ ਹੈ ਜਿੱਥੇ ਰਹਿਣ ਵਾਲੇ ਲੋਕਾਂ `ਤੇ ਅੱਜ ਤੱਕ ਕਿਸੇ ਸਰਕਾਰ ਦਾ ਰਾਜ਼ ਨਹੀਂ ਹੋ ਸਕਿਆ। 1880 ਦੇ ਦਹਾਕੇ ਵਿੱਚ ਅੰਗਰੇਜ਼ਾਂ ਨੇ ਇੱਥੇ ਤਿੰਨ ਚੌਂਕੀਆਂ ਬਣਾਈਆਂ, ਜਿਸ ਦਾ ਸਥਾਨਕ ਓਰਕਜ਼ਈ ਲੋਕਾਂ ਨੇ ਵਿਰੋਧ ਕੀਤਾ ਜਿਸ ਕਾਰਨ ਅੰਗਰੇਜ਼ਾਂ ਨੂੰ ਉਹ ਚੌਂਕੀਆਂ ਖਾਲੀ ਕਰਨੀਆਂ ਪਈਆਂ ਸਨ।

1891 ਵਿੱਚ ਅੰਗਰੇਜ਼ਾਂ ਨੇ ਉੱਥੇ ਮੁੜ ਤੋਂ ਮੁਹਿੰਮ ਚਲਾਈ, ਰਬੀਆ ਖੇਡ ਨਾਲ ਉਨ੍ਹਾਂ ਦਾ ਸਮਝੌਤਾ ਹੋਇਆ ਤੇ ਉਨ੍ਹਾਂ ਨੂੰ ਗੁਲਿਸਤਾਂ, ਲੌਕਹਾਰਟ ਅਤੇ ਸਾਰਾਗੜ੍ਹੀ `ਚ ਤਿੰਨ ਛੋਟੇ ਕਿਲ੍ਹੇ ਬਣਾਉਣ ਦੀ ਮਨਜ਼ੂਰੀ ਮਿਲ ਗਈ। ਪਰ ਸਥਾਨਕ ਓਰਕਜ਼ਈ ਲੋਕਾਂ ਨੇ ਇਸ ਨੂੰ ਕਦੇ ਪਸੰਦ ਨਹੀਂ ਕੀਤਾ। ਉਹ ਇਨ੍ਹਾਂ ਟਿਕਾਣਿਆਂ `ਤੇ ਲਗਾਤਾਰ ਹਮਲੇ ਕਰਦੇ ਰਹੇ ਤਾਂ ਜੋ ਅੰਗਰੇਜ਼ ਉਥੋਂ ਭੱਜ ਜਾਣ।

3 ਸਤੰਬਰ 1897 ਨੂੰ ਪਠਾਣਾਂ ਦੇ ਵੱਡੇ ਲਸ਼ਕਰ ਨੇ ਇਨ੍ਹਾਂ ਤਿੰਨਾਂ ਕਿਲ੍ਹਿਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਕਰਨਲ ਹਾਟਨ ਨੇ ਕਿਸੇ ਤਰ੍ਹਾਂ ਹਾਲਾਤ ਨੂੰ ਸੰਭਾਲ ਲਿਆ। ਪਰ 12 ਸਤੰਬਰ ਨੂੰ ਓਰਕਜ਼ਈਆਂ ਨੇ ਗੁਲਿਸਤਾਂ, ਲੌਕਹਾਰਟ ਅਤੇ ਸਾਰਾਗੜ੍ਹੀ ਤਿੰਨ੍ਹਾਂ ਕਿਲ੍ਹਿਆਂ ਨੂੰ ਘੇਰ ਲਿਆ ਅਤੇ ਲੌਕਹਾਰਟ ਤੇ ਗੁਲਿਸਤਾਂ ਨੂੰ ਸਾਰਾਗੜ੍ਹੀ ਤੋਂ ਵੱਖ ਕਰ ਦਿੱਤਾ।

ਫਾਇਰਿੰਗ ਰੇਂਜ....

ਓਰਕਜ਼ਈਆਂ ਦਾ ਪਹਿਲਾਂ ਫਾਇਰ ਠੀਕ 9 ਵਜੇ ਆਇਆ। ਸਾਰਾਗੜ੍ਹੀ ਜੰਗ ਤੇ ਪ੍ਰਸਿੱਧ ਕਿਤਾਬ `ਦਿ ਆਈਕਨ ਬੈਟਲ ਆਫ ਸਾਰਾਗੜ੍ਹੀ ਲਿਖਣ ਵਾਲੇ ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, "ਹਵਲਦਾਰ ਈਸ਼ਰ ਸਿੰਘ ਨੇ ਆਪਣੇ ਜਵਾਨਾਂ ਨੂੰ ਆਦੇਸ਼ ਦਿੱਤਾ ਕਿ ਗੋਲੀ ਨਾ ਚਲਾਈ ਜਾਵੇ ਅਤੇ ਪਠਾਨਾਂ ਨੂੰ ਅੱਗੇ ਆਉਣ ਦਿੱਤਾ ਜਾਵੇ।” 

ਉਨ੍ਹਾਂ ਤੇ ਉਦੋਂ ਗੋਲੀਬਾਰੀ ਕੀਤੀ ਜਦੋਂ ਉਹ 1000 ਗਜ਼ ਯਾਨੀ ਉਨ੍ਹਾਂ ਦੀ `ਫਾਇਰਿੰਗ ਰੇਂਜ `ਚ ਆ ਜਾਣ।" 

"ਸਿੱਖ ਜਵਾਨਾਂ ਕੋਲ ਸਿੰਗਲ ਸ਼ੌਟ ਮਾਰਟਿਨੀ ਹੇਨਰੀ .303 ਰਾਈਫਲਾਂ ਸਨ, ਜੋ ਇੱਕ ਮਿੰਟ ਵਿੱਚ 10 ਰਾਊਂਡ ਫਾਇਰ ਕਰ ਸਕਦੀ ਸੀ। ਹਰੇਕ ਸੈਨਿਕ ਕੋਲ 400 ਗੋਲੀਆਂ ਸਨ, 100 ਉਨ੍ਹਾਂ ਦੀਆਂ ਜੇਬਾਂ ਵਿੱਚ ਅਤੇ 300 ਰਿਜ਼ਰਵ ਵਿੱਚ।” 

ਉਨ੍ਹਾਂ ਨੇ ਪਠਾਣਾਂ ਨੂੰ ਆਪਣੀਆਂ ਰਾਈਫਲਾਂ ਦੀ ਰੇਂਜ `ਚ ਆਉਣ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।"

ਪਠਾਣਾਂ ਦਾ ਪਹਿਲਾ ਹਮਲਾ ਅਸਫ਼ਲ ਰਿਹਾ...

ਪਹਿਲੇ ਇੱਕ ਘੰਟੇ `ਚ ਹੀ ਪਠਾਨਾਂ ਦੇ 60 ਸੈਨਿਕ ਮਾਰੇ ਗਏ ਸਨ ਅਤੇ ਸਿੱਖਾਂ ਵੱਲੋਂ ਸਿਪਾਹੀ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ ਅਤੇ ਨਾਇਕ ਲਾਲ ਸਿੰਘ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸਨ। ਪਠਾਣਾਂ ਦਾ ਪਹਿਲਾ ਹਮਲਾ ਅਸਫ਼ਲ ਹੋ ਗਿਆ, ਉਹ ਬਿਨਾਂ ਕਿਸੇ ਮਕਸਦ ਦੇ ਇਧਰ-ਉਧਰ ਦੌੜਣ ਲੱਗੇ ਪਰ ਉਨ੍ਹਾਂ ਨੇ ਸਿੱਖਾਂ `ਤੇ ਗੋਲੀ ਚਲਾਉਣੀ ਬੰਦ ਨਹੀਂ ਕੀਤੀ। 

ਸਿੱਖ ਵੀ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇ ਰਹੇ ਸਨ ਪਰ ਹਜ਼ਾਰਾਂ ਫਾਇਰ ਕਰਦਿਆਂ ਹੋਇਆ ਪਠਾਨਾਂ ਦੇ ਸਾਹਮਣੇ 21 ਰਾਇਫਲਾਂ ਦੀ ਕੀ ਪੇਸ਼ ਸੀ? ਅਤੇ ਫਿਰ ਕਿੰਨੇ ਸਮੇਂ ਤੱਕ

ਪਠਾਣਾਂ ਨੇ ਘਾਹ `ਚ ਲਗਾਈ ਅੱਗ....

ਉਦੋਂ ਉੱਤਰ ਵੱਲੋਂ ਚੱਲਣ ਵਾਲੀਆਂ ਤੇਜ਼ ਹਵਾਵਾਂ ਨਾਲ ਪਠਾਣਾਂ ਨੂੰ ਬਹੁਤ ਮਦਦ ਮਿਲ ਗਈ। ਉਨ੍ਹਾਂ ਨੇ ਘਾਹ `ਚ ਅੱਗ ਲਗਾ ਦਿੱਤੀ ਅਤੇ ਉਨ੍ਹਾਂ ਦੀਆਂ ਲਪਟਾਂ ਕਿਲ੍ਹੇ ਦੀਆਂ ਕੰਧਾਂ ਵੱਲ ਵਧਣ ਲਗੀਆਂ। ਧੂੰਏ ਦਾ ਸਹਾਰਾ ਲੈਂਦਿਆਂ ਹੋਇਆਂ ਪਠਾਣ ਕਿਲ੍ਹੇ ਦੀਆਂ ਕੰਧਾਂ ਕੋਲ ਆ ਗਏ ਪਰ ਸਿੱਖਾਂ ਵੱਲੋਂ ਨਿਸ਼ਾਨਾ ਲਾ ਕੇ ਕੀਤੀ ਜਾ ਰਹੀ ਸਟੀਕ ਫਾਇਰਿੰਗ ਕਾਰਨ ਉਨ੍ਹਾਂ ਨੂੰ ਪਿੱਛੇ ਹਟਨਾ ਪਿਆ। ਉਸ ਵਿਚਾਲੇ ਸਿੱਖ ਖੇਮੇ ਵਿੱਚ ਵੀ ਜਖ਼ਮੀਆਂ ਦੀ ਗਿਣਤੀ ਵਧਦੀ ਜਾ ਰਹੀ ਸੀ। ਸਿਪਾਹੀ ਬੂਟਾ ਸਿੰਘ ਅਤੇ ਸੁੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ।

ਗੋਲੀਆਂ ਬਚਾ ਕੇ ਰੱਖਣ ਦਾ ਆਦੇਸ਼....

ਸਿਗਨਲ ਮੈਨ ਗੁਰਮੁਖ ਸਿੰਘ ਲਗਾਤਾਰ ਕਰਨਲ ਹਾਟਨ ਨੂੰ ਸੰਕੇਤਕ ਭਾਸ਼ਾ ਵਿੱਚ ਦੱਸ ਰਹੇ ਸਨ ਕਿ ਪਠਾਣ ਇੱਕ ਹੋਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ ਅਤੇ ਸਾਡੀ ਗੋਲੀਆਂ ਖ਼ਤਮ ਹੋ ਰਹੀਆਂ ਹਨ। 

ਕਰਨਲ ਨੇ ਜਵਾਬ ਦਿੱਤਾ, “ਅੰਨ੍ਹੇਵਾਹ ਗੋਲੀਆਂ ਨਾ ਚਲਾਈਆਂ ਜਾਣ। ਜਦੋਂ ਤੁਸੀਂ ਬਿਲਕੁਲ ਨਿਸ਼ਚਿਤ ਹੋਵੋ ਕਿ ਗੋਲੀ ਦੁਸ਼ਮਣ ਨੂੰ ਲੱਗੇਗੀ, ਤਾਂ ਹੀ ਗੋਲੀਆਂ ਚਲਾਈਆਂ ਜਾਣ। ਅਸੀਂ ਕੋਸ਼ਿਸ਼ ਕਰ ਰਹੇ ਹਨ ਕਿ ਕਿਸੇ ਤਰ੍ਹਾਂ ਕੁਝ ਮਦਦ ਤੁਹਾਡੇ ਤੱਕ ਪਹੁੰਚਾਈ ਜਾਵੇ।” 

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਕਿਤਾਬ ਸਾਰਾਗੜ੍ਹੀ ਐਂਡ ਦਿ ਡਿਫੈਂਸ ਆਫ ਦਿ ਸਾਮਨਾ ਫੋਰਟ ਵਿੱਚ ਲਿਖਦੇ ਹਨ, "ਲੌਕਹਾਰਟ ਕਿਲ੍ਹੇ ਨਾਲ ਰਾਇਲ ਆਇਰਿਸ਼ ਰਾਇਫਲ ਦੇ 13 ਜਵਾਨਾਂ ਨੇ ਅੱਗੇ ਵੱਧ ਕੇ ਸਾਰਾਗੜ੍ਹੀ `ਤੇ ਮੌਜੂਦ ਜਵਾਨਾਂ ਦੀ ਮਦਦ ਕਰਨ ਬਾਰੇ ਸੋਚਿਆ।" 

"ਪਰ ਉਨ੍ਹਾਂ ਨੂੰ ਤੁਰੰਤ ਅਹਿਸਾਸ ਹੋ ਗਿਆ ਕਿ ਉਨ੍ਹਾਂ ਦੀ ਗਿਣਤੀ ਇੰਨੀ ਘੱਟ ਹੈ ਕਿ ਜੇਕਰ ਉਹ 1000 ਗਜ਼ ਦੀ ਦੂਰੀ ਤੋਂ ਵੀ ਫਾਇਰ ਕਰਣਗੇ ਤਾਂ ਪਠਾਨਾਂ `ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ।" 

"ਜੇਕਰ ਉਹ ਅਤੇ ਨੇੜੇ ਜਾਣਗੇ ਤਾਂ ਪਠਾਣਾਂ ਦੀ ਲੰਬੀਆਂ ਨਾਲਾਂ ਵਾਲੀਆਂ ਜਿਜ਼ੇਲ ਅਤੇ ਚੋਰੀ ਕੀਤੀਆਂ ਗਈਆਂ ਲੀ ਮੈਟਫੋਰਡ ਰਾਇਫਲਾਂ ਉਨ੍ਹਾਂ ਨੂੰ ਆਸਾਨੀ ਨਾਲ ਆਪਣਾ ਨਿਸ਼ਾਨਾ ਬਣਾ ਲੈਣਗੀਆਂ। ਉਹ ਵਾਪਸ ਆਪਣੇ ਕਿਲ੍ਹੇ ਵਿੱਚ ਪਰਤ ਆਏ।" 

ਪਠਾਨਾਂ ਨੇ ਕਿਲ੍ਹੇ ਦੀ ਕੰਧ `ਚ ਕੀਤੀ ਮੋਰੀ...

ਇਹ ਸਭ ਹੋ ਰਿਹਾ ਸੀ ਕਿ ਦੋ ਪਠਾਣ ਮੁੱਖ ਕਿਲ੍ਹੇ ਦੇ ਸੱਜੇ ਹਿੱਸੇ ਦੀ ਕੰਧ ਦੇ ਠੀਕ ਹੇਠਾਂ ਪਹੁੰਚਣ ਵਿੱਚ ਸਫ਼ਲ ਹੋ ਗਏ। 

ਆਪਣੀਆਂ ਤੇਜ਼ ਛੁਰੀਆਂ ਨਾਲ ਉਨ੍ਹਾਂ ਨੇ ਕੰਧ ਦੀ ਨੀਂਹ ਅਤੇ ਹੇਠਾਂ ਦੇ ਪੱਥਰਾਂ ਦੇ ਪਲਾਸਟਰ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ।

ਇਸ ਵਿਚਾਲੇ ਈਸ਼ਰ ਸਿੰਘ ਆਪਣੇ ਚਾਰ ਲੋਕਾਂ ਨੂੰ ਕਿਲ੍ਹੇ ਦੇ ਮੁੱਖ ਹਾਲ ਵਿੱਚ ਲੈ ਆਏ ਜਦਕਿ ਉਹ ਖ਼ੁਦ ਉਪਰੋਂ ਫਾਇਰਿੰਗ ਕਰਦੇ ਰਹੇ। ਪਰ ਪਠਾਨ ਕਿਲ੍ਹੇ ਦੀਆਂ ਕੰਧਾਂ ਦੇ ਹੇਠਲੇ ਹਿੱਸੇ `7 ਫੁੱਟ ਵੱਡੀ ਮੋਰੀ ਕਰਨ ਵਿੱਚ ਸਫ਼ਲ ਰਹੇ। 

ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, "ਪਠਾਣਾਂ ਨੇ ਇੱਕ ਹੋਰ ਤਰਕੀਬ ਕੱਢੀ। ਉਨ੍ਹਾਂ ਨੇ ਮੰਜੀਆਂ ਨੂੰ ਆਪਣੇ ਸਿਰ `ਤੇ ਚੁੱਕਿਆ ਅਤੇ ਉਨ੍ਹਾਂ ਦੀ ਆੜ ਲੈ ਕੇ ਅੱਗੇ ਵਧੇ ਤਾਂ ਜੋ ਸਿੱਖ ਉਨ੍ਹਾਂ ਨੂੰ ਦੇਖ ਕੇ ਨਿਸ਼ਾਨਾ ਨਾ ਲਗਾ ਸਕਣ।"

"ਉਹ ਇੱਕ ਅਜਿਹੇ ਕੋਣ `ਤੇ ਪਹੁੰਚ ਗਏ ਜਿੱਥੇ ਕਿਲ੍ਹੇ ਉਪਰੋਂ ਉਨ੍ਹਾਂ ਨੂੰ ਮੋਰੀ ਕਰਦਿਆਂ ਕੋਈ ਦੇਖ ਨਹੀਂ ਸਕਦਾ ਸੀ, ਫੋਰਟ ਗੁਲਿਸਤਾਂ ਦੇ ਕਮਾਂਡਰ ਮੇਜਰ ਦੇ ਵੋਏ ਆਪਣੇ ਟਿਕਾਣੇ ਤੋਂ ਇਹ ਸਭ ਹੁੰਦਿਆਂ ਦੇਖ ਰਹੇ ਸਨ।"

"ਸਾਰਾਗੜ੍ਹੀ ਦੇ ਜਵਾਨਾਂ ਨੂੰ ਇਸ ਬਾਰੇ ਸਿਗਨਲ ਵੀ ਭੇਜੇ ਪਰ ਸਿਗਨਲ ਮੈਨ ਗੁਰਮੁਖ ਸਿੰਘ ਲੌਕਹਾਰਟ ਤੋਂ ਆ ਰਹੇ ਸਿਗਨਲਾਂ ਨੂੰ ਪੜ੍ਹਣ `ਚ ਮਸ਼ਰੂਫ ਸਨ, ਇਸ ਲਈ ਇਨ੍ਹਾਂ ਸਿਗਨਲਾਂ ਵੱਲ ਉਨ੍ਹਾਂ ਦਾ ਧਿਆਨ ਨਹੀਂ ਗਿਆ।"

ਮਦਦ ਦੀਆਂ ਕੋਸ਼ਿਸ਼ਾਂ ਹੋਈਆਂ ਬੇਕਾਰ...

ਲਾਂਸ ਨਾਇਕ ਚਾਂਦ ਸਿੰਘ ਦੇ ਨਾਲ ਮੁੱਖ ਬਲਾਕ ਚ ਤਾਇਨਾਤ ਤਿੰਨ ਜਵਾਨ ਸਾਹਿਬ ਸਿੰਘ, ਜੀਵਨ ਸਿੰਘ ਅਤੇ ਦਯਾ ਸਿੰਘ ਮਾਰੇ ਗਏ। ਜਦੋਂ ਚਾਂਦ ਸਿੰਘ ਇਕੱਲੇ ਰਹਿ ਗਏ ਤਾਂ ਈਸ਼ਰ ਸਿੰਘ ਅਤੇ ਉਨ੍ਹਾਂ ਦੇ ਬਾਕੀ ਸਾਥੀ ਆਪਣੀ ਰੱਖਿਆ `ਪੋਜੀਸ਼ਨ ਨੂੰ ਛੱਡ ਕੇ ਉਨ੍ਹਾਂ ਦੇ ਕੋਲ ਮੁੱਖ ਬਲਾਕ ਵਿੱਚ ਆ ਗਏ।

ਈਸ਼ਰ ਸਿੰਘ ਨੇ ਹੁਕਮ ਦਿੱਤਾ ਕਿ ਉਹ ਆਪਣੀ ਰਾਇਫਲਾਂ `ਚ ਸੰਗੀਨ ਲਗਾ ਲੈਣ। ਜੋ ਵੀ ਪਠਾਨ ਉਸ ਮੋਰੀ ਵਿਚੋਂ ਅੰਦਰ ਆਇਆ, ਉਸ `ਤੇ ਰਾਇਫਲਾਂ ਨਾਲ ਜਾਂ ਤਾਂ ਸਟੀਕ ਨਿਸ਼ਾਨਾ ਲਗਾਇਆ ਗਿਆ ਜਾਂ ਉਨ੍ਹਾਂ ਨੂੰ ਸੰਗੀਨ ਮਾਰ ਦਿੱਤੀ ਗਈ।

ਪਰ ਬਾਹਰ ਕੌਨਿਆਂ `ਤੇ ਕੋਈ ਸਿੱਖ ਤਾਇਨਾਤ ਨਾ ਹੋਣ ਕਾਰਨ ਪਠਾਣ ਬਾਂਸ ਦੀਆਂ ਬਣੀਆਂ ਪੌੜੀਆਂ ਤੋਂ ਉਪਰ ਚੜ੍ਹ ਆਏ।

ਕੈਪਟਨ ਅਮਰਿੰਦਰ ਸਿੰਘ ਲਿਖਦੇ ਹਨ, "ਉਸ ਇਲਾਕੇ `ਚ ਹਜ਼ਾਰਾਂ ਪਠਾਣਾਂ ਦੇ ਵਧਣ ਦੇ ਬਾਵਜੂਦ ਲੈਫਟੀਨੈਂਟ ਮਨ ਅਤੇ ਕਰਨਲ ਹਾਟਨ ਨੇ ਇੱਕ ਵਾਰ ਫਿਰ 78 ਸੈਨਿਕਾਂ ਦੇ ਨਾਲ ਸਾਰਾਗੜ੍ਹੀ `ਚ ਘਿਰ ਚੁੱਕੇ ਆਪਣੇ ਸਾਥੀਆਂ ਦੀ ਮਦਦ ਲਈ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਤਾਂ ਜੋ ਪਠਾਣਾਂ ਦਾ ਧਿਆਨ ਭੰਗ ਹੋ ਜਾਵੇ।"

"ਜਦੋਂ ਉਹ ਕਿਲ੍ਹੇ ਤੋਂ ਸਿਰਫ਼ 500 ਮੀਟਰ ਦੂਰ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਪਠਾਣ ਕਿਲ੍ਹੇ ਦੀ ਕੰਧ ਲੰਘ ਚੁੱਕੇ ਸਨ ਅਤੇ ਕਿਲ੍ਹੇ ਦੇ ਮੁੱਖ ਦਰਵਾਜ਼ੇ ਵਿੱਚ ਅੱਗ ਲੱਗੀ ਹੋਈ ਹੈ। ਹਾਟਨ ਨੂੰ ਅੰਦਾਜ਼ਾ ਹੋ ਗਿਆ ਹੁਣ ਸਾਰਾਗੜ੍ਹੀ ਘਿਰ ਗਿਆ ਹੈ।"

ਗੁਰਮੁਖ ਸਿੰਘ ਦਾ ਆਖ਼ਰੀ ਸੰਦੇਸ਼...

ਇਸ ਵਿਚਾਲੇ ਸਿਗਨਲ ਦੀ ਵਿਵਸਥਾ ਦੇਖ ਰਹੇ ਗੁਰਮੁਖ ਸਿੰਘ ਨੇ ਆਪਣਾ ਆਖ਼ਰੀ ਸੰਦੇਸ਼ ਭੇਜਿਆ ਕਿ ਪਠਾਣ ਮੁੱਖ ਬਲਾਕ ਤੱਕ ਆ ਗਏ ਹਨ।

ਉਨ੍ਹਾਂ ਨੇ ਕਰਨਲ ਹਾਟਨ ਤੋਂ ਸਿਗਨਲ ਰੋਕਣ ਅਤੇ ਆਪਣੀ ਰਾਈਫਲ ਸੰਭਾਲਣ ਦੀ ਇਜ਼ਾਜਤ ਮੰਗੀ। ਕਰਨਲ ਨੇ ਆਪਣੇ ਆਖ਼ਰੀ ਸੰਦੇਸ਼ ਵਿੱਚ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ।

ਗੁਰਮੁਖ ਸਿੰਘ ਨੇ ਆਪਣੇ ਹੇਲਿਓ ਨੂੰ ਇੱਕ ਪਾਸੇ ਰੱਖਿਆ, ਆਪਣੀ ਰਾਇਫਲ ਚੁੱਕੀ ਅਤੇ ਮੁੱਖ ਬਲਾਕ ਵਿੱਚ ਲੜਾਈ ਲੜ ਰਹੇ ਆਪਣੇ ਬਚੇ ਖੁਚੇ ਸਾਥੀਆਂ ਕੋਲ ਆ ਗਏ।

ਉਦੋਂ ਤੱਕ ਈਸ਼ੇਰ ਸਿੰਘ ਸਮੇਤ ਸਿੱਖ ਟੁਕੜੀ ਦੇ ਵਧੇਰੇ ਜਵਾਨ ਮਾਰੇ ਗਏ ਸਨ। ਪਠਾਣਾਂ ਦੀਆਂ ਲਾਸ਼ਾਂ ਵੀ ਚਾਰੇ ਪਾਸੇ ਖਿੱਲਰੀਆਂ ਪਈਆਂ ਸਨ।

ਉਨ੍ਹਾਂ ਵੱਲੋਂ ਬਣਾਈ ਗਈ ਮੋਰੀ ਅਤੇ ਸੜ੍ਹ ਚੁੱਕਿਆ ਮੁੱਖ ਗੇਟ ਪਠਾਣਾਂ ਦੀਆਂ ਲਾਸ਼ਾਂ ਨਾਲ ਭਰਿਆ ਪਿਆ ਸੀ। ਅਖੀਰ ਵਿੱਚ ਨਾਇਕ ਲਾਲ ਸਿੰਘ, ਗੁਰਮੁਖ ਸਿੰਘ ਅਤੇ ਇੱਕ ਅਸੈਨਿਕ ਦਾਦ ਬਚ ਗਏ।

ਬੁਰੀ ਤਰ੍ਹਾਂ ਜਖ਼ਮੀ ਹੋਣ ਕਾਰਨ ਲਾਲ ਸਿੰਘ ਕੋਲੋਂ ਤੁਰਿਆ ਨਹੀਂ ਜਾ ਰਿਹਾ ਸੀ ਪਰ ਉਹ ਬੇਹੋਸ਼ ਨਹੀਂ ਹੋਏ ਸਨ ਅਤੇ ਇੱਕ ਥਾਂ ਉੱਤੇ ਡਿੱਗੇ ਹੋਏ ਹੀ ਪਠਾਨਾਂ ਉੱਤੇ ਗੋਲੀਆਂ ਚਲਾ ਰਹੇ ਸਨ।

ਦਾਦ ਨੇ ਵੀ ਚੁੱਕੀ ਰਾਇਫਲ...

ਬ੍ਰਿਟਿਸ਼ ਫੌਜ ਵਿੱਚ ਉਦੋਂ ਇੱਕ ਅਜੀਬ ਜਿਹਾ ਕਾਨੂੰਨ ਸੀ ਕਿ ਫੌਜ ਦੇ ਨਾਲ ਕੰਮ ਕਰ ਰਹੇ ਅਸੈਨਿਕ ਬੰਦੂਕ ਨਹੀਂ ਚੁੱਕਣਗੇ।

ਦਾਦ ਦਾ ਕੰਮ ਸੀ ਜਖ਼ਮੀ ਹੋਏ ਲੋਕਾਂ ਦੀ ਦੇਖਭਾਲ ਕਰਨਾ, ਸਿਗਨਲ ਦੇ ਸੰਦੇਸ਼ ਲੈ ਕੇ ਆਉਣਾ, ਹਥਿਆਰਾਂ ਦੇ ਡੱਬੇ ਖੋਲ੍ਹਣਾ ਅਤੇ ਉਨ੍ਹਾਂ ਨੂੰ ਸੈਨਿਕਾਂ ਤੱਕ ਲੈ ਕੇ ਜਾਣਾ।

ਜਦੋਂ ਅੰਤ ਕਰੀਬ ਆਉਣ ਲੱਗਾ ਤਾਂ ਦਾਦ ਨੇ ਵੀ ਰਾਇਫਲ ਚੁੱਕ ਲਈ ਅਤੇ ਮਰਨ ਤੋਂ ਪਹਿਲਾਂ ਉਨ੍ਹਾਂ ਨੇ 5 ਪਠਾਣਾਂ ਨੂੰ ਜਾਂ ਤਾਂ ਗੋਲੀ ਨਾਲ ਉਡਾਇਆ ਜਾਂ ਉਨ੍ਹਾਂ ਦੇ ਢਿੱਡ `ਚ ਸੰਗੀਨ ਮਾਰੀ।

ਕੈਪਟਨ ਅਮਰਿੰਦਰ ਸਿੰਘ ਲਿਖਦੇ ਹਨ, "ਆਖ਼ਿਰ ਚ ਗੁਰਮੁਖ ਸਿੰਘ ਬਚੇ। ਉਨ੍ਹਾਂ ਨੇ ਉਸ ਥਾਂ ਜਾ ਕੇ `ਪੋਜੀਸ਼ਨ ਲਈ, ਜਿੱਥੇ ਜਵਾਨਾਂ ਦੇ ਸੋਣ ਲਈ ਕਮਰੇ ਸਨ।"

"ਗੁਰਮੁਖ ਨੇ ਇਕੱਲੇ ਗੋਲੀ ਚਲਾਉਂਦਿਆਂ ਹੋਇਆ ਘੱਟੋ-ਘੱਟ 20 ਪਠਾਨਾਂ ਨੂੰ ਮਾਰਿਆ। ਪਠਾਣਾਂ ਨੇ ਲੜਾਈ ਖ਼ਤਮ ਕਰਨ ਲਈ ਪੂਰੇ ਕਿਲ੍ਹੇ ਨੂੰ ਅੱਗ ਲਗਾ ਦਿੱਤੀ।"

"36 ਸਿੱਖ ਦੇ ਆਖ਼ਰੀ ਜਵਾਨ ਨੇ ਹਥਿਆਰ ਸੁੱਟਣ ਨਾਲੋਂ ਬਿਹਤਰ ਆਪਣੀ ਜਾਨ ਗੁਆਉਣਾ ਸਹੀ ਸਮਝਿਆ।"

ਗ਼ੈਰ-ਬਰਾਬਰੀ ਦੀ ਇਹ ਜੰਗ 7 ਘੰਟੇ ਤੱਕ ਚੱਲੀ, ਜਿਸ ਵਿੱਚ ਸਿੱਖਾਂ ਵੱਲੋਂ 22 ਲੋਕ ਅਤੇ ਪਠਾਨਾਂ ਵੱਲੋਂ 180 ਤੋਂ 200 ਵਿਚਾਲੇ ਲੋਕ ਮਾਰੇ ਗਏ। ਉਨ੍ਹਾਂ ਦੇ ਕਰੀਬ 600 ਲੋਕ ਜਖ਼ਮੀ ਹੋਏ ਸਨ।

ਲੱਕੜ ਦੇ ਦਰਵਾਜ਼ੇ ਕਰਕੇ ਕਿਲ੍ਹਾ ਫਤਹਿ ਹੋਇਆ...

ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, "ਜੰਗ ਤੋਂ ਬਾਅਦ ਸਾਰਾਗੜ੍ਹੀ ਕਿਲ੍ਹੇ ਦੇ ਡਿਜ਼ਾਇਨ `ਚ ਇੱਕ ਹੋਰ ਖਾਮੀ ਮਿਲੀ।"

"ਕਿਲ੍ਹੇ ਦਾ ਮੁੱਖ ਦਰਵਾਜ਼ਾ ਲੱਕੜ ਦਾ ਬਣਿਆ ਹੋਇਆ ਸੀ ਅਤੇ ਮਜ਼ਬੂਤ ਕਰਨ ਲਈ ਕਿੱਲਾਂ ਵੀ ਨਹੀਂ ਲਗਾਈਆਂ ਗਈਆਂ ਸਨ।"

"ਉਹ ਪਠਾਣਾਂ ਦੀ ਜਿਜ਼ੇਲ ਰਾਇਫਲਾਂ ਤੋਂ ਆ ਰਹੇ ਲਗਾਤਾਰ ਫਾਇਰ ਨੂੰ ਨਹੀਂ ਝੱਲ ਨਹੀਂ ਸਕਿਆ ਅਤੇ ਟੁੱਟ ਗਿਆ।"

"ਤਿੰਨ ਵਜੇ ਤੱਕ ਸਿੱਖਾਂ ਦੀਆਂ ਸਾਰੀਆਂ ਗੋਲੀਆਂ ਖ਼ਤਮ ਹੋ ਗਈਆਂ ਸਨ ਅਤੇ ਉਹ ਅੱਗੇ ਵਧਦੇ ਪਠਾਣਾਂ ਨਾਲ ਸਿਰਫ਼ ਸੰਗੀਨਾਂ ਨਾਲ ਲੜ ਰਹੇ ਸਨ।"

"ਪਠਾਣਾਂ ਨੇ ਕਿਲ੍ਹੇ ਦੀ ਕੰਧ ਵਿੱਚ ਜੋ ਮੋਰੀ ਕੀਤੀ ਸੀ, ਉਹ ਉਦੋਂ ਤੱਕ ਵੱਧ ਕੇ 7 ਫੁੱਟ ਗੁਣਾ 12 ਫੁੱਟ ਹੋ ਗਈ ਸੀ।"

ਇੱਕ ਦਿਨ ਬਾਅਦ ਹੀ ਓਰਕਜ਼ਈ ਸਾਰਾਗੜ੍ਹੀ ਤੋਂ ਭੱਜ ਗਏ...

14 ਸਤੰਬਰ ਨੂੰ ਕੋਹਾਟ ਤੋਂ 9 ਮਾਊਂਟੇਨ ਬੈਟਰੀ ਉੱਥੇ ਅੰਗਰੇਜ਼ਾਂ ਦੀ ਮਦਦ ਲਈ ਪਹੁੰਚ ਗਈ। ਪਠਾਣ ਅਜੇ ਵੀ ਸਾਰਾਗੜ੍ਹੀ ਦੇ ਕਿਲ੍ਹੇ `ਚ ਮੌਜੂਦ ਸਨ।

ਉਨ੍ਹਾਂ ਨੇ ਤੋਪ ਨਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਰਿਜ `ਤੇ ਅੰਗਰੇਜ਼ ਸੈਨਿਕਾਂ ਨੇ ਜ਼ਬਰਦਸਤ ਹਮਲਾ ਕੀਤਾ ਅਤੇ ਸਾਰਾਗੜ੍ਹੀ ਨੂੰ ਪਠਾਣਾਂ ਕੋਲੋਂ ਛੁਡਾ ਲਿਆ।

ਜਦੋਂ ਇਹ ਸੈਨਿਕ ਅੰਦਰ ਗਏ ਤਾਂ ਉੱਥੇ ਉਨ੍ਹਾਂ ਨਾਇਕ ਲਾਲ ਸਿੰਘ ਦੀ ਬੁਰੀ ਹਾਲਤ ਵਿੱਚ ਪਈ ਹੋਈ ਲਾਸ਼ ਮਿਲੀ। ਉਥੇ ਬਾਕੀ ਸਿੱਖ ਸੈਨਿਕਾਂ ਅਤੇ ਦਾਦ ਦੀਆਂ ਲਾਸ਼ਾਂ ਵੀ ਪਈਆਂ ਹੋਈਆਂ ਸਨ।

ਇਸ ਪੂਰੀ ਲੜਾਈ ਨੂੰ ਨੇੜੇ ਦੇ ਲੌਕਹਾਰਟ ਅਤੇ ਗੁਲਿਸਤਾਂ ਕਿਲ੍ਹਿਆਂ ਤੋਂ ਅੰਗਰੇਜ਼ ਅਫ਼ਸਰਾਂ ਨੇ ਦੇਖਿਆ।

ਪਰ ਪਠਾਨ ਇੰਨੀ ਵੱਡੀ ਗਿਣਤੀ ਵਿੱਚ ਸਨ ਕਿ ਉਹ ਬਹੁਤ ਚਾਹੁੰਦਿਆਂ ਹੋਇਆਂ ਵੀ ਉਨ੍ਹਾਂ ਦੀ ਮਦਦ ਲਈ ਨਹੀਂ ਆ ਸਕੇ।

ਲੈਫਟੀਨੈਂਟ ਕਰਨਲ ਜੌਨ ਹਾਟਨ ਪਹਿਲੇ ਸ਼ਖ਼ਸ ਸਨ, ਜਿਨ੍ਹਾਂ ਉਨ੍ਹਾਂ ਫੌਜੀਆਂ ਦੀ ਬਹਾਦੁਰੀ ਨੂੰ ਪਛਾਣਿਆ। ਉਨ੍ਹਾਂ ਨੇ ਸਾਰਾਗੜ੍ਹੀ ਪੋਸਟ ਦੇ ਸਾਹਮਣੇ ਮਾਰੇ ਗਏ ਆਪਣੇ ਸਾਥੀਆਂ ਨੂੰ ਸਲੂਟ ਕੀਤਾ।

ਬ੍ਰਿਟਿਸ਼ ਸੰਸਦ ਨੇ ਖੜ੍ਹੇ ਹੋ ਕੇ ਕੀਤਾ 21 ਸੈਨਿਕਾਂ ਦਾ ਸਨਮਾਨ...

ਇਸ ਜੰਗ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਲਾਸਟ ਸਟੈਂਡਸ `ਚ ਥਾਂ ਦਿੱਤੀ ਗਈ। ਜਦੋਂ ਇਨ੍ਹਾਂ ਸਿੱਖਾਂ ਦੇ ਬਲੀਦਾਨ ਦੀ ਖ਼ਬਰ ਲੰਡਨ ਪਹੁੰਚੀ ਤਾਂ ਉਸ ਵੇਲੇ ਬ੍ਰਿਟਿਸ਼ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ।

ਸਾਰੇ ਮੈਂਬਰਾਂ ਨੇ ਖੜ੍ਹੇ ਹੋ ਕੇ ਇਨ੍ਹਾਂ 21 ਸੈਨਿਕਾਂ ਨੂੰ ਸਟੈਂਡਿੰਗ ਓਵੇਸ਼ਨ ਦਿੱਤਾ।

ਲੰਡਨ ਗਜ਼ਟ ਦੇ 11 ਫਰਵਰੀ 1898 ਦੇ ਅੰਕ 26937 ਦੇ ਪੰਨਾ 863 `ਤੇ ਸੰਸਦ ਦੀ ਟਿੱਪਣੀ ਛਪੀ, "ਸਾਰੇ ਬ੍ਰਿਟੇਨ ਅਤੇ ਭਾਰਤ ਨੂੰ 36 ਸਿੱਖ ਰੈਜੀਮੈਂਟ ਦੇ ਇਨ੍ਹਾਂ ਸੈਨਿਕਾਂ `ਤੇ ਮਾਣ ਹੈ। ਇਹ ਕਹਿਣ `ਚ ਕੋਈ ਅਤਿਕਥਨੀ ਨਹੀਂ ਹੈ ਕਿ ਜਿਸ ਸੈਨਾ `ਚ ਸਿੱਖ ਸਿਪਾਹੀ ਲੜ ਰਹੇ ਹੋਣ, ਉਨ੍ਹਾਂ ਨੂੰ ਨਹੀਂ ਹਰਾਇਆ ਜਾ ਸਕਦਾ।"

21 ਸਿੱਖਾਂ ਨੂੰ ਸੈਨਿਕਾਂ ਨੂੰ ਸਭ ਤੋਂ ਵੱਡਾ ਵੀਰਤਾ ਪੁਰਸਕਾਰ...

ਜਦੋਂ ਮਹਾਰਾਣੀ ਵਿਕਟੋਰੀਆ ਨੂੰ ਇਸ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਸਾਰੇ 21 ਸੈਨਿਕਾਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਦੇਣ ਦਾ ਐਲਾਨ ਕੀਤਾ।

ਇਹ ਉਸ ਵੇਲੇ ਤੱਕ ਭਾਰਤੀਆਂ ਨੂੰ ਮਿਲਣ ਵਾਲਾ ਸਭ ਤੋਂ ਵੱਡਾ ਵੀਰਤਾ ਪੁਰਸਕਾਰ ਸੀ, ਜੋ ਉਦੋਂ ਦੇ ਵਿਕਟੋਰੀਆ ਕਰਾਸ ਅਤੇ ਅੱਜ ਦੇ ਪਰਮਵੀਰ ਚੱਕਰ ਦੇ ਬਰਾਬਰ ਸੀ।

ਉਦੋਂ ਤੱਕ ਵਿਕਟੋਰੀਆ ਕਰਾਸ ਸਿਰਫ਼ ਅੰਗਰੇਜ਼ ਸੈਨਿਕਾਂ ਨੂੰ ਮਿਲ ਸਕਦਾ ਸੀ ਅਤੇ ਉਹ ਵੀ ਸਿਰਫ਼ ਜ਼ਿੰਦਾ ਸੈਨਿਕਾਂ ਨੂੰ।

1911 ਵਿੱਚ ਜਾ ਕੇ ਜਾਰਜ ਫਿਫਥ ਨੇ ਪਹਿਲੀ ਵਾਰ ਐਲਾਨ ਕੀਤਾ ਕਿ ਭਾਰਤ ਸੈਨਿਕ ਵੀ ਵਿਕਟੋਰੀਆ ਕਰਾਸ ਜਿੱਤਣ ਦੇ ਹੱਕਦਾਰ ਹੋਣਗੇ।

ਇਨ੍ਹਾਂ ਸੈਨਿਕਾਂ ਦੇ ਪਰਿਵਾਰ ਵਾਲਿਆਂ ਨੂੰ 500-500 ਰੁਪਏ ਅਤੇ ਦੋ ਮੁਰੱਬਾ ਜ਼ਮੀਨ ਜੋ ਅੱਜ 50 ਏਕੜ ਦੇ ਬਰਾਬਰ ਹੈ, ਸਰਕਾਰ ਵੱਲੋਂ ਦਿੱਤੀ ਗਈ।

ਸਿਰਫ਼ ਇੱਕ ਅਸੈਨਿਕ ਦਾਦ ਨੂੰ ਕੁਝ ਨਹੀਂ ਦਿੱਤਾ ਕਿਉਂਕਿ ਉਹ ਐਨਸੀਈ (ਨਾਨ ਕੰਬਾਟੈਂਟ ਇਨਰੋਲਡ) ਸੀ ਅਤੇ ਉਸ ਨੂੰ ਹਥਿਆਰ ਚੁੱਕਣ ਦੀ ਇਜਾਜ਼ਤ ਨਹੀਂ ਸੀ।

ਬ੍ਰਿਟਿਸ਼ ਸਰਕਾਰ ਦੀ ਇਹ ਬਹੁਤ ਵੱਡੀ ਨਾ-ਇਨਸਾਫ਼ੀ ਸੀ ਕਿਉਂਕਿ ਅਸੈਨਿਕ ਹੁੰਦਿਆਂ ਹੋਇਆ ਵੀ ਦਾਦ ਨੇ ਆਪਣੀ ਰਾਇਫਲ ਜਾਂ ਸੰਗੀਨ ਨਾਲ ਘੱਟੋ-ਘੱਟ 5 ਪਠਾਨਾਂ ਨੂੰ ਮਾਰਿਆ ਸੀ।

ਜੰਗ ਤੋਂ ਬਾਅਦ ਮੇਜਰ ਜਨਰਲ ਯੀਟਮੈਨ ਬਿਗਸ ਨੇ ਕਿਹਾ, "21 ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਬ੍ਰਿਟਿਸ਼ ਸੈਨਿਕ ਇਤਿਹਾਸ `ਚ ਹਮੇਸ਼ਾ ਸੁਨਹਿਰੇ ਅੱਖਰਾਂ ਨਾਲ ਲਿਖਿਆ ਜਾਵੇਗਾ।" 

ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ...

21 ਬਹਾਦਰ ਸਿੱਖ ਸੈਨਿਕਾਂ ਦੀ ਯਾਦ ਵਿੱਚ ਬ੍ਰਿਟਸ਼ ਹਕੂਮਤ ਨੇ ਸ੍ਰੀ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਖੇ ਯਾਦਗਾਰਾਂ ਸਥਾਪਿਤ ਕੀਤੀਆਂ। ਸਾਰਾਗੜ੍ਹੀ ਜੰਗ ਦੇ ਬਹੁਤੇ ਯੋਧੇ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਿਤ ਸਨ, ਇਸ ਲਈ ਹਕੂਮਤ ਨੇ ਇੱਕ ਯਾਦਗਾਰ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਬਣਾਈ ਅਤੇ ਦੂਸਰੀ ਯਾਦਗਾਰ ਸ੍ਰੀ ਅੰਮ੍ਰਿਤਸਰ ਵਿਖੇ ਟਾਊਨ ਹਾਲ ਦੇ ਕੋਲ ਬਣਾਈ ਹੈ। ਇਹ ਦੋਵੇਂ ਯਾਦਗਾਰਾਂ ਗੁਰਦੂਆਰਾ ਸਾਹਿਬ ਦੇ ਰੂਪ ਵਿੱਚ ਸ਼ੁਸ਼ੋਬਿਤ ਹਨ। ਇਨ੍ਹਾਂ ਗੁਰਦੁਆਰਾ ਸਾਹਿਬਾਨ ਦਾ ਡਿਜ਼ਾਇਨ ਉਸ ਸਮੇਂ ਦੇ ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਰਸੂਲਪੁਰ ਵੱਲੋਂ ਤਿਆਰ ਕੀਤੇ ਗਏ ਸਨ।

ਸ੍ਰੀ ਅੰਮ੍ਰਿਤਸਰ ਵਿੱਚ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਰਾਸਤੀ ਮਾਰਗ `ਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਬਿਲਕੁਲ ਨਜ਼ਦੀਕ ਹੈ। ਇਸਦੇ ਨਾਲ ਹੀ ਸਾਰਾਗੜ੍ਹੀ ਪਾਰਕਿੰਗ ਅਤੇ ਇੱਕ ਬਹੁ-ਮੰਜ਼ਿਲਾ ਸਾਰਾਗੜ੍ਹੀ ਸਰਾਂ ਵੀ ਹੈ। ਰੋਜ਼ਾਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ ਦੇ ਅੱਗਿਓਂ ਦੀ ਲੰਗਦੀਆਂ ਹਨ, ਇੱਥੋਂ ਤੱਕ ਕਿ ਹਜ਼ਾਰਾਂ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਸਾਰਾਗੜ੍ਹੀ ਸਰਾਂ ਵਿੱਚ ਠਹਿਰਦੇ ਵੀ ਹਨ ਪਰ ਕੋਈ ਵਿਰਲਾ ਟਾਵਾਂ ਹੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਂਦਾ ਹੈ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਖੂਬਸੂਰਤ ਹੈ ਅਤੇ ਭਾਈ ਰਾਮ ਸਿੰਘ ਨੇ ਕਿੰਨੀ ਰੂਹ ਨਾਲ ਇਸ ਯਾਦਗਾਰ ਦਾ ਡਿਜ਼ਾਇਨ ਤਿਆਰ ਕੀਤਾ ਸੀ ਇਹ ਦੇਖਿਆਂ ਹੀ ਪਤਾ ਲੱਗਦਾ ਹੈ।

ਅਗਲੀ ਵਾਰ ਕਦੀ ਅੰਮ੍ਰਿਤਸਰ ਜਾਂ ਫਿਰੋਜ਼ਪੁਰ ਜਾਣ ਦਾ ਸਬੱਬ ਬਣੇ ਤਾਂ ਸਾਰਾਗੜ੍ਹੀ ਦੇ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਦਰਸ਼ਨ ਵੀ ਕਰਨਾ ਅਤੇ ਉਨ੍ਹਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਜ਼ਦਾ ਕਰਨਾ ਜਿਨ੍ਹਾਂ ਨੇ ਸਿੱਖ ਰਿਵਾਇਤਾਂ ਨੂੰ ਕਾਇਮ ਰੱਖਦੇ ਹੋਏ ਆਪਣੀ ਸ਼ਹਾਦਤ ਤਾਂ ਦੇ ਦਿੱਤੀ ਪਰ ਮੈਦਾਨ ਨਹੀਂ ਛੱਡਿਆ। ਸਾਰਾਗੜ੍ਹੀ ਦੇ ਮਹਾਨ ਯੋਧਿਆਂ ਨੂੰ ਕੋਟਿਨ-ਕੋਟਿ ਸਿਜਦਾ।

 ਇਹ ਵੀ ਪੜ੍ਹੋ

ਪੰਜਾਬ ਦਾ ਸਭ ਤੋਂ ਉੱਚਾ ਸ਼ਿਵ ਮੰਦਰ

ਪੰਚਮ ਤੀਰਥ—ਸ੍ਰੀ ਕਾਲੀਨਾਥ ਕਾਲੇਸ਼ਵਰ ਮਹਾਂਦੇਵ Sri Kalinath Kaleshavr Mahadev Mandir

ਦੇਸ਼ ਦੇ ਪਹਿਲੇ ਵਿਰਾਸਤੀ ਪਿੰਡ ਦੀ ਯਾਤਰਾ First Heritage Village of India

ਕਾਂਗੜੇ ਦੀ ਕ੍ਰਿਸ਼ੀ - ਨੂਰਪੁਰ ਯਾਤਰਾ 3

ਪੰਜਾਬ ਦਾ ਹਿੱਸਾ ਰਹੇ ਇਲਾਕੇ ਵੱਲ ਨੂੰ ਸਫਰ-1

Sunday, April 19, 2026

ਪੰਜਾਬ ਦਾ ਸਭ ਤੋਂ ਉੱਚਾ ਸ਼ਿਵ ਮੰਦਰ

ਅਪ੍ਰੈਲ ਮਹੀਨੇ ਦੀ ਇਕ ਸ਼ਾਮ। ਮੈਂ ਤਲਵਾੜੇ Talwara ਤੋਂ ਸਫਰ ਸ਼ੁਰੂ ਕੀਤਾ। ਮੰਜਿਲ ਸੀ, Punjab ਦਾ ਸਭ ਤੋਂ ਉੱਚਾ ਸ਼ਿਵ ਮੰਦਰ Shiv Temple। ਵੈਸੇ ਤਾਂ ਇਸ ਮੰਦਰ ਤੱਕ ਪਹੁੰਚਣ ਲਈ ਦਸੂਹਾ Dasuya ਤੋਂ ਹਾਜੀਪੁਰ ਵਾਲੀ ਸੜਕ ਜਾਣਾ ਪੈਂਦਾ ਹੈ ਅਤੇ ਇਹ ਵੀ ਦੱਸ ਦੇਈਏ ਕਿ ਦਸੂਹਾ Jalandhar - Pathankot ਰੋਡ ਤੇ ਹੁਸ਼ਿਆਰਪੁਰ Hoshiarpur ਜ਼ਿਲ੍ਹੇ ਦੀ ਇਕ ਤਹਿਸੀਲ ਹੈ। ਪਰ ਮੈਂ ਤਲਵਾੜਾ ਤੋਂ ਦਤਾਰਪੁਰ ਵਿਚਦੀ ਇਕ ਵੱਡੀ ਨਹਿਰ ਦੀ ਪਟੜੀ ਵਾਲੇ ਰਾਹ ਜਾਣ ਦਾ ਫੈਸਲਾ ਕੀਤਾ ਤਾਂਕਿ ਕਰਤੇ ਦੀ ਕੁਦਰਤ ਨੂੰ ਨੇੜਿਓ ਵੇਖਿਆ ਜਾ ਸਕੇ। ਸੜਕ ਦੁਬਾਰਾ ਬਣ ਰਹੀ ਸੀ, ਹਾਲੇ ਲੁੱਕ ਨਹੀਂ ਪਈ ਸੀ ਪਰ ਫਿਰ ਵੀ ਕਾਰ ਵਧੀਆ ਚੱਲ ਸਕਦੀ ਸੀ। ਇਕ ਪਾਸੇ ਸ਼ਿਵਾਲਿਕ ਦੀ ਇਕ ਪਹਾੜੀ ਮੇਰੇ ਨਾਲ ਨਾਲ ਚੱਲ ਰਹੀ ਸੀ ਤੇ ਦੂਜੇ ਪਾਸੇ ਪੋਂਗ ਡੈਮ Pong Dam ਤੋਂ 52 ਬੈਰਾਜ ਤੋਂ ਨਿਕਲਣ ਵਾਲੀ ਸ਼ਾਹ ਨਹਿਰ ਵਿਚ ਨਿਕਲਦੀ ਇਕ ਚੋਖੀ ਵੱਡੀ ਨਹਿਰ। ਰਾਹ ਵਿਚ ਕੁਝ ਛੋਟੇ ਪਿੰਡ ਆਏ। 

ਲਗਭਗ 15 ਕਿਲੋਮੀਟਰ ਦਾ ਸਫਰ ਤੈਅ ਕਰਕੇ ਮੈਂ ਪਹੁੰਚ ਗਿਆ ਸੀ ਪਿੰਡ ਸਹੌੜਾ ਕੰਡੀ Sahaurha Kandi। ਇੱਥੇ ਹੀ ਸਥਿਤ ਹੈ ਪੰਜਾਬ ਦਾ ਸਭ ਤੋਂ ਉੱਚਾ ਸ਼ਿਵ ਮੰਦਰ। ਜਿਸ ਤੱਕ ਪਹੁੰਚਣ ਲਈ 750 ਤੋਂ ਵੱਧ ਪੌੜੀਆਂ ਚੜਣੀਆਂ ਪੈਂਦੀਆਂ ਹਨ। ਇਹ ਮੰਦਰ ਜਿੰਨ੍ਹਾ ਉੱਚਾ ਹੈ ਉਨ੍ਹਾਂ ਹੀ ਇਸਦਾ ਪਿੱਛੋਕੜ ਪੁਰਾਣਾ ਹੈ।

ਮੰਦਰ ਦੀ ਮੁੱਖ ਢਿਉਡੀ ਤੇ ਪਾਰਕਿੰਗ ਦੀ ਸੁਵਿਧਾ ਹੈ। ਮੰਦਰ ਤੱਕ ਜਾਣ ਲਈ ਪੌੜੀਆਂ ਤੋਂ ਇਲਾਵਾ ਹੁਣ ਮੰਦਰ ਕਮੇਟੀ ਨੇ ਇਕ ਜੀਪ ਦੀ ਵਿਵਸਥਾ ਵੀ ਕੀਤੀ ਹੈ। ਆਪਾਂ ਜਾਣ ਵੇਲੇ ਇਸ ਜੀਪ ਦੀ ਸਵਾਰੀ ਦਾ ਅਨੁਭਵ ਲਿਆ ਤੇ ਵਾਪਸੀ ਪੌੜੀਆਂ ਰਾਹੀਂ ਕੀਤੀ। ਹਰੇ ਭਰੇ ਚੌਗਿਰਦੇ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ Shivalik Hills ਤੇ ਇਸ ਸਥਿਤ ਮੰਦਰ ਵਿਚ ਪਹੁੰਚ ਕੇ ਅਲੌਕਿਕ ਅਨੰਦ ਮਹਿਸੂਸ ਹੁੰਦਾ ਹੈ।

ਆਖਦੇ ਹਨ, ਜਦ ਪਾਂਡਵਾਂ ਨੂੰ 13 ਸਾਲ ਦਾ ਵਨਵਾਸ Exile to Pandvas  ਤੇ ਇਕ ਸਾਲ ਦਾ ਗੁਪਤਵਾਸ ਮਿਲਿਆ ਤਾਂ ਉਨ੍ਹਾਂ ਨੇ ਆਪਣੇ ਗੁਪਤਵਾਸ ਦਾ ਸਮਾਂ ਰਾਜਾ ਵਿਰਾਟ King Virat ਕੋਲ ਬਿਤਾਇਆ ਸੀ। ਅੱਜ ਦਾ ਦਸੂਹਾ ਹੀ ਪੁਰਾਣੇ ਸਮੇਂ ਦੀ ਵਿਰਾਟ ਨਗਰੀ ਸੀ। ਹੁਸ਼ਿਆਰਪੁਰ ਤੇ ਕਾਂਗੜਾ Kangra ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਪਾਂਡਵਾਂ ਦੇ ਵਨਵਾਸ ਨਾਲ ਜੁੜੀਆਂ ਅਨੇਕ ਕਥਾਵਾਂ ਪ੍ਰਚਲਿਤ ਹਨ। ਖੈਰ ਉਨ੍ਹਾਂ ਹੋਰ ਕਥਾਵਾਂ ਦੀ ਗੱਲ ਫਿਰ ਕਦੇ ਕਰਾਂਗੇ, ਅੱਜ ਗਗਨ ਜੀ ਦਾ ਟਿੱਲਾ ਮੰਦਰ ਦੇ ਦਰਸ਼ਨ ਕਰਦੇ ਹਾਂ।

ਜੀਪ ਰਾਹੀਂ ਪੌੜੀਂਆਂ ਦੇ ਨਾਲ ਬਣੇ ਰੈਂਪ ਰਾਹੀਂ ਮੰਦਰ ਵੱਲ ਸਫਰ ਸ਼ੁਰੂ ਹੁੰਦਾ ਹੈ। ਬਹੁਤ ਸਿੱਧੀ ਚੜਾਈ ਹੈ। ਚਾਰੇ ਪਾਸੇ ਜੰਗਲ। ਪਿੱਛੇ ਨਿਵਾਣ ਵੱਲ ਮੈਦਾਨੀ ਇਲਾਕੇ ਵਿਚ ਕਣਕ ਦੇ ਖੇਤ ਤੇ ਸੱਜੇ ਖ਼ਬੇ ਤੇ ਉਪਰ ਵੱਲ ਪਹਾੜੀ ਤੇ ਰੁੱਖ ਹੀ ਰੁੱਖ। ਸੰਘਣਾ ਜੰਗਲ। ਇਸੇ ਸੰਘਣੇ ਜੰਗਲ ਕਾਰਨ ਹੀ ਆਪਣੇ ਅਗਿਆਤਵਾਸ ਦੌਰਾਨ ਪਾਂਡਵ ਇਸ ਇਲਾਕੇ ਵਿਚ ਆਏ ਹੋਣਗੇ। ਦੱਸਦੇ ਹਨ ਕਿ ਪਾਂਡਵਾਂ ਨੇ ਆਪਣਾ ਅਗਿਆਤਵਾਸ ਸ਼ੁਰੂ ਕਰਨ ਤੋਂ ਪਹਿਲਾਂ ਇਸ ਇਲਾਕੇ ਵਿਚ ਆਪਣੇ ਪ੍ਰਵਾਸ ਦੌਰਾਨ ਭਗਵਾਨ ਸ਼ਿਵ Lord Shiva ਦੀ ਭਗਤੀ ਕੀਤੀ ਅਤੇ ਉਨ੍ਹਾਂ ਦੀ ਭਗਤੀ ਤੋਂ ਖੁਸ਼ ਹੋ ਕੇ ਭਗਵਾਨ ਭੋਲੇ ਨਾਥ ਨੇ ਉਨ੍ਹਾਂ ਨੂੰ ਦਰਸ਼ਨ ਦਿੱਤੇ ਅਤੇ ਸ਼ਿਵਲਿੰਗ ਇੱਥੇ ਸਥਾਪਿਤ ਕਰਨ ਲਈ ਦਿੱਤਾ। ਪਾਂਡਵਾਂ ਨੇ ਇਸ ਮੰਦਰ ਵਾਲੀ ਥਾਂ ਤੇ ਸ਼ਿਵਲਿੰਗ ਸਥਾਪਿਤ ਕਰ ਮੰਦਰ ਬਣਾ ਲਿਆ ਅਤੇ ਉਹ  ਅਗਿਆਤਵਾਸ ਦੌਰਾਨ ਵੀ ਗਾਹੇਵਗਾਹੇ ਕੋਈ ਨਾ ਕੋਈ ਭਰਾ ਇੱਥੇ ਆ ਕੇ ਭਗਵਾਨ ਸ਼ਿਵ ਦੀ ਅਰਾਧਨਾ ਕਰਿਆ ਕਰਦਾ ਸੀ ਤਾਂ ਜੋ ਅੱਤ ਦੇ ਚੰਦਰੇ ਸ਼ਰੀਕ ਕੌਰਵਾਂ ਦੇ ਸੂਹੀਏ ਉਨ੍ਹਾਂ ਨੂੰ ਲੱਭ ਨਾ ਸਕਨ।

ਮੁੱਖ ਮੰਦਰ ਵੱਲ ਵੱਧਦਿਆਂ ਅੱਧ ਵਿਚ ਇਕ ਵੱਡ ਅਕਾਰੀ ਭਗਵਾਨ ਸ਼ਿਵ ਦੀ ਮੂਰਤੀ ਸਥਾਪਿਤ ਹੈ, ਮਾਨੋਂ ਭਗਵਾਨ ਖੁਦ ਮੁੱਖ ਮੰਦਰ ਵੱਲ ਤਿੱਖੀ ਚੜਾਈ ਚੜ੍ਹ ਰਹੇ ਆਪਣੇ ਭਗਤਾਂ ਨੂੰ ਆਸ਼ਿਰਵਾਦ ਦੇਣ ਲਈ ਅੱਧੇ ਰਾਹ ਅੱਗੇ ਆ ਗਏ ਹੋਣ। ਇਸ ਮੰਦਰ ਦੀ ਦੇਖਰੇਖ ਇਕ ਸਥਾਨਕ ਕਮੇਟੀ ਕਰਦੀ ਹੈ ਅਤੇ ਉਨ੍ਹਾਂ ਦੇ ਪ੍ਰਬੰਧ ਬਹੁਤ ਚੰਗੇ ਹਨ। ਪਹਾੜੀ ਦੀ ਟੀਸੀ ਤੇ ਪਹੁੰਚਦਿਆਂ ਹੀ ਸੋਨ ਰੰਗੇ ਗੁਬੰਦ ਵਾਲਾ ਸ਼ਿਵ ਭਗਵਾਨ ਦਾ ਇਹ ਪੌਰਾਣਿਕ ਕਾਲ ਦਾ ਮੰਦਰ ਜਦ ਨਜਰ ਪੈਂਦਾ ਹੈ ਤਾਂ ਧੁਰ ਅੰਦਰ ਤੱਕ ਮਨ ਸਾਂਤ ਹੋ ਜਾਂਦਾ ਹੈ। 

ਮੰਦਰ ਦੇ ਸਾਹਮਣੇ ਵੇਹੜੇ ਵਿਚ ਇਕ ਵੱਡਾ ਪਿੱਪਲ ਦਾ ਰੁੱਖ ਹੈ ਅਤੇ ਨਾਲ ਹੀ ਬੱਚਿਆਂ ਲਈ ਇਕ ਛੋਟਾ ਪਾਰਕ ਬਣਿਆ ਹੈ। ਲਗਭਗ ਦਰਜਨ ਕੁ ਪੌੜੀਆਂ ਚੱੜ ਕੇ ਇੱਥੋਂ ਮੁੱਖ ਮੰਦਰ ਤੱਕ ਪਹੁੰਚਿਆ ਜਾ ਸਕਦਾ ਹੈ। ਭਗਵਾਨ ਸ਼ਿਵ ਦੇ ਨੰਦੀ ਉਨ੍ਹਾਂ ਦੇ ਮੰਦਰ ਦੇ ਬਿਲਕੁਲ ਸਾਹਮਣੇ ਬਿਰਾਜਮਨ ਹਨ। ਸਫੈਦ ਸੰਗਮਰਮਰ ਦੇ ਸ਼ਿਵਲਿੰਗ ਤੇ ਲਗਾਤਾਰ ਜਲਧਾਰਾ ਪੈ ਰਹੀ ਹੈ। ਮੰਦਰ ਦੇ ਅੰਦਰ ਅਲੌਕਿਕ ਸਾਂਤੀ ਹੈ। ਚਾਰੇ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ

ਵਿਚ ਭਗਵਾਨ ਸ਼ਿਵ ਦੇ ਪੁੱਤਰ ਕਾਰਤਿਕੇ ਦੇ ਵਾਹਨ ਮੋਰਾਂ ਤੇ ਹੋਰ ਪੰਛੀਆਂ ਦੀਆਂ ਅਵਾਜਾਂ ਆ ਰਹੀਆਂ ਹਨ। ਦੂਰ ਧੋਲਾਧਾਰ ਦੇ ਪਰਬਤ ਵਿਖਦੇ ਹਨ। ਲਹਿੰਦੇ ਵੱਲ ਥੱਲੇ ਮੈਦਾਨ ਵਿਚ ਕਣਕ ਦੇ ਖੇਤ ਅਤੇ ਪਿੰਡ ਦੀ ਅਬਾਦੀ ਵਿਖਾਈ ਦਿੰਦੀ ਹੈ, ਤੇ ਮੰਦਰ ਦੇ ਅੰਦਰ, ਸਿਰਫ ਸਾਂਤੀ, ਸਕੂਨ ਅਤੇ ਭੋਲੇ ਨਾਥ ਦੀ ਕਿਰਪਾ ਦੀ ਛਹਿਬਰ।

ਪਰ ਇਸ ਨੂੰ ਗਗਨ ਜੀ ਦਾ ਟਿੱਲਾ ਕਿਉਂ ਆਖਦੇ ਹਨ। ਮੈਂ ਉਥੇ ਹਾਜਰ ਇਕ ਸਥਾਨਕ ਪੁਜਾਰੀ ਤੋਂ ਪੁੱਛਿਆ। ਉਨ੍ਹਾਂ ਦੱਸਿਆ, ਕਿ ਹਿਮਾਚਲ Himachal Pradesh ਦਾ ਕੋਈ ਰਾਜਾ ਇਸ ਪਾਸੇ ਤੋਂ ਲੰਘ ਰਿਹਾ ਸੀ। ਉਸਦੇ ਸੰਤਾਨ ਨਹੀਂ ਸੀ। ਉਸਨੂੰ ਇਸ ਪਹਾੜੀ ਦੀ ਟੀਸੀ ਤੇ ਕੁਝ ਚਮਕਦਾ ਵਿਖਾਈ ਦਿੱਤਾ। ਇੱਥੇ ਪਹੁੰਚ ਕੇ ਵੇਖਿਆ ਤਾਂ ਉਹ ਸ਼ਿਵਲਿੰਗ ਸੀ। ਉਸਨੇ
ਪ੍ਰਾਰਥਨਾ ਕੀਤੀ ਕਿ ਉਸਦੇ ਸੰਤਾਨ ਹੋਵੇ। ਸਮਾਂ ਪਾ ਕੇ ਉਸ ਰਾਜੇ ਦੇ ਘਰ ਧੀ ਨੇ ਜਨਮ ਲਿਆ ਜਿਸਦਾ ਨਾਂ ਗਗਨ ਰੱਖਿਆ ਗਿਆ। ਇਸ ਕਹਾਣੀ ਤੋਂ ਇਸ ਥਾਂ ਦਾ ਨਾਂ ਗਗਨ ਜੀ ਦਾ ਟਿੱਲਾ Gagan ji ka Tilla  ਪਿਆ ਤੇ ਰਾਜੇ ਨੇ ਇੱਥੇ ਮੰਦਰ ਬਣਾਇਆ। ਉਨ੍ਹਾਂ ਨੇ ਗੱਲ ਪੂਰੀ ਕੀਤੀ। 

ਮੁੱਖ ਮੰਦਰ ਦੇ ਨਾਲ ਹੀ, ਭਗਵਾਨ ਗਣੇਸ਼ ਜੀ ਅਤੇ ਸਾਹਮਣੇ ਵਾਲੇ ਪਾਸੇ ਸ੍ਰੀ ਹਨੁੰਮਾਨ ਜੀ ਅਤੇ ਸ਼ੇਰਾਂ ਵਾਲੀ ਮਾਤਾ ਜੀ ਦਾ ਮੰਦਰ ਹੈ। ਕੁਝ ਸਮਾਂ ਮੰਦਰ ਵਿਚ ਅਲੌਕਿਕ ਸਾਂਤੀ ਮਹਿਸੂਸ ਕਰਨ ਤੋਂ ਬਾਅਦ ਪਿੱਛਲੇ ਪਾਸੇ ਵੱਲ ਬਣੇ ਲੰਗਰ ਹਾਲ ਵੱਲ ਪੌੜੀਆਂ ਉੱਤਰ ਕੇ ਲੰਗਰ ਖਾਣ ਲਈ ਪਹੁੰਚ ਜਾਂਦਾ ਹਾਂ। ਛੋਲਿਆਂ ਦੀ ਦਾਲ ਤੇ ਚਾਵਲ ਦੇ ਲੰਗਰ ਨੇ ਮਨ ਤ੍ਰਿਪਤ ਕਰ ਦਿੱਤਾ। 

ਧਰਤੀ ਤੇ ਆਸਮਾਨ ਜਿੱਥੇ ਮਿਲ ਰਹੇ ਸਨ ਸੂਰਜ ਵੀ ਹੁਣ ਆਪਣੀ ਦਿਨ ਦੀ ਯਾਤਰਾ ਪੂਰੀ ਕਰਕੇ ਪੱਛਮ ਵਿਚ ਉਸੇ ਸਥਾਨ ਤੇ ਪੁੱਜ ਚੁੱਕਾ ਸੀ। ਛਿਪ ਰਹੇ ਸੂਰਜ ਦੀ ਲਾਲਿਮਾ ਨੇ ਚੌਗਿਰਦਾ ਹੋਰ ਵੀ ਸੋਹਣਾ ਕਰ ਦਿੱਤਾ ਸੀ। ਮੈਂ ਪੌੜੀਆਂ ਰਾਹੀਂ ਨੀਚੇ ਦਾ ਸਫਰ ਸ਼ੁਰੂ ਕਰਦਾ ਹਾਂ। ਆਸਪਾਸੇ ਦੇ ਪਿੰਡਾਂ ਦੇ ਲੋਕ ਅਤੇ ਕੁਝ ਕਾਰਾਂ ਗੱਡੀਆਂ ਰਾਹੀਂ ਪੁੱਜੇ  ਲੋਕ ਹਾਲੇ ਵੀ ਮੰਦਰ ਵੱਲ ਜਾ ਰਹੇ ਹਨ। ਪੌੜੀਆਂ ਦੇ ਸੱਜੇ ਖੱਬੇ ਰੁੱਖਾਂ ਵਿਚ ਪੰਛੀ ਕੁਦਰਤ ਦੀ ਉਸਤਤ ਦੇ ਗੀਤ ਗਾ ਰਹੇ ਹਨ। ਆਖਰੀ ਪੌੜੀ ਤੋਂ ਪੈਰ ਹੇਠਾਂ ਰੱਖ ਇਕ ਵਾਰ ਫਿਰ ਮੰਦਰ ਵੱਲ ਮੂੰਹ ਕਰ ਮੱਥਾ ਟੇਕ ਮੈਂ ਆਪਣੀ ਵਾਪਸੀ ਦਾ ਸਫਰ ਸ਼ੁਰੂ ਕਰ ਲੈਂਦਾ ਹਾਂ। 

हिंदी में पढ़ने के लिए निम्न लिंक पर क्लिक करें 

Sunday, April 12, 2026

ਇਤਿਹਾਸ ਦਾ ਖ਼ੂਨੀ ਸਫ਼ਾ ਸਾਕਾ ਜਲ੍ਹਿਆਂਵਾਲਾ ਬਾਗ The Jallianwala Bagh Massacre

ਇੰਦਰਜੀਤ ਸਿੰਘ ਹਰਪੁਰਾ, 
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ
ਅੰਮ੍ਰਿਤਸਰ
 - ਇੰਦਰਜੀਤ ਸਿੰਘ ਹਰਪੁਰਾ,

ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,

ਅੰਮ੍ਰਿਤਸਰ।

ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ Golden Temple, Amritsar ਦੇ ਘੰਟਾ ਘਰ ਦਰਵਾਜ਼ੇ ਦੇ ਬਾਹਰਵਾਰ ਕੁਝ ਕੁ ਦੂਰੀ ਉੱਪਰ ਇੱਕ ਬਾਗ ਜਿਸ ਨੂੰ ਜਲ੍ਹਿਆਂਵਾਲਾ ਬਾਗ The Jallianwala Bagh  ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਦਾ ਦੇਸ਼ ਦੇ ਇਤਿਹਾਸ ਵਿੱਚ ਵਿਸ਼ੇਸ਼ ਥਾਂ ਹੈ। ਕਦੇ ਜਲ੍ਹਿਆਂਵਾਲਾ ਬਾਗ The Jallianwala Bagh ਦਾ ਇਲਾਕਾ ਭਾਈ ਹਮੀਤ ਸਿੰਘ ਦੀ ਮਲਕੀਅਤ ਸੀ। ਹਮੀਤ ਸਿੰਘ ਰਾਜਾ ਜਸਵੰਤ ਸਿੰਘ ਨਾਭਾ ਦਾ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਵਿੱਚ ਵਕੀਲ ਸੀ। 

ਜੱਲ੍ਹਾ ਪਿੰਡ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਸਰਹਿੰਦ ਤਹਿਸੀਲ ਵਿੱਚ ਫ਼ਤਿਹਗੜ੍ਹ ਸਾਹਿਬ ਤੋਂ 14 ਕਿਲੋਮੀਟਰ `ਤੇ ਸਰਹਿੰਦ-ਭਾਦਸੋਂ ਸੜਕ `ਤੇ ਪੈਂਦਾ ਹੈ। ਇਹ ਪਿੰਡ ਮਹਾਰਾਜਾ ਪਟਿਆਲਾ King of Patiala ਦੇ ਪ੍ਰੋਹਤ ਪੰਡਤ ਜੱਲ੍ਹੇ ਨੇ ਵਸਾਇਆ ਸੀ। ਇਸ ਪਿੰਡ ਦੀ ਜਗੀਰ ਸਰਦਾਰ ਹਿੰਮਤ ਸਿੰਘ ਨੂੰ ਮਿਲੀ ਸੀ। ਸਰਦਾਰ ਹਿੰਮਤ ਸਿੰਘ ਹੁਸ਼ਿਆਰਪੁਰ ਦੇ ਪਿੰਡ ਮਾਹਲਪੁਰ ਦੇ ਚੌਧਰੀ ਗੁਲਾਬ ਰਾਇ ਬੈਂਸ ਜੱਟ ਦਾ ਮੁੰਡਾ ਸੀ ਜਿਹਨੂੰ ਸਿੱਖ ਮਿਸਲਾਂ ਦੀ ਚੜ੍ਹਤ ਵੇਲੇ ਸੂਬਾ ਸਰਹਿੰਦ `ਤੇ ਕੀਤੀ ਕਾਰਵਾਈ `ਚ ਹਿੱਸਾ ਲੈਣ ਲਈ ਇਹ ਪਿੰਡ ਜਗੀਰ ਵਜੋਂ ਮਿਲਿਆ ਸੀ। ਇਸ ਪਿੰਡ ਤੋਂ ਸਰਦਾਰ ਹਿੰਮਤ ਸਿੰਘ ਜੱਲੇਵਾਲੀਆ ਸਰਦਾਰ ਵੱਜਣ ਲੱਗ ਪਏ। 

ਇਸ ਪਿੰਡ `ਚ ਵੱਸਣ ਵੇਲੇ ਸਰਦਾਰ ਹਿੰਮਤ ਸਿੰਘ ਨਾਭਾ ਰਿਆਸਤ `ਚ ਸੇਵਾਵਾਂ ਦੇਣ ਲੱਗ ਪਏ। ਸੰਨ 1812 ਤੋਂ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਿੰਮਤ ਸਿੰਘ ਨੂੰ ਆਪਣੀਆਂ ਸੇਵਾਵਾਂ `ਚ ਸ਼ਾਮਲ ਕਰ ਲਿਆ। ਇਹਨਾਂ ਸੇਵਾਵਾਂ ਬਦਲੇ ਸਰਦਾਰ ਹਿੰਮਤ ਸਿੰਘ ਜੱਲੇਵਾਲੀਆ ਨੂੰ ਜਲੰਧਰ ਦਾ ਪਿੰਡ ਅਲਾਵਲਪੁਰ (ਜਲੰਧਰ-ਪਠਾਨਕੋਟ ਸੜਕ `ਤੇ ਪੈਂਦਾ ਹੈ) ਅਤੇ ਅੰਮ੍ਰਿਤਸਰ ਦੇ The Jallianwala Bagh ਬਾਗ਼ ਵਾਲੀ ਥਾਂ ਇਨਾਮ ਵਜੋਂ ਦਿੱਤੀ। ਇੰਝ ਇਸ ਥਾਂ `ਤੇ ਇਹਨਾਂ ਸਰਦਾਰਾਂ ਵੱਲੋਂ ਬਾਗ਼ ਲਵਾਇਆ ਗਿਆ ਜੋ ਜੱਲ੍ਹਿਆਂਵਾਲੇ ਸਰਦਾਰਾਂ ਦਾ ਬਾਗ਼ ਵੱਜਦਾ ਸੀ। ਸਰਦਾਰ ਹਿੰਮਤ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਅਲਾਵਲਪੁਰ ਦੀ ਜਗੀਰ ਸਰਦਾਰ ਦੇ ਚਾਰ ਮੁੰਡਿਆਂ `ਚ ਵੰਡ ਦਿੱਤੀ ਗਈ। 13 ਅਪ੍ਰੈਲ 1919 ਨੂੰ ਕਾਲੇ ਐਤਵਾਰ ਦੀ ਖ਼ੂਨੀ ਵਿਸਾਖੀ ਨੂੰ ਇਸ ਜੱਲ੍ਹਿਆਂਵਾਲੇ ਬਾਗ਼ ਦਾ ਸਿਰਫ ਨਾਮ ਹੀ ਬਾਗ਼ ਸੀ ਪਰ ਇੱਕ ਇਹਨਾਂ ਸਰਦਾਰਾਂ ਦੀ ਸਮਾਧੀ ਤੋਂ ਇਲਾਵਾ ਇੱਕ ਖ਼ੂਹ ਸੀ ਅਤੇ ਬਾਕੀ ਥਾਂ ਖਾਲੀ ਰੜੇ ਮੈਦਾਨ ਹੀ ਸੀ।

ਲੈਪਲ ਗ੍ਰੀਫਨ ਦੀ ਚੀਫ਼ਸ ਐਂਡ ਫੈਮਲੀਜ਼ ਆਫ ਨੋਟ ਇਨ ਦੀ ਪੰਜਾਬ (1890) ਮੁਤਾਬਕ ਵੀ ਇਹ ਰਿਕਾਰਡ ਬੋਲਦਾ ਹੈ।ਇਸ ਤੋਂ ਇਲਾਵਾ ਬੋਲੀ ਮਹਿਕਮਾ ਪੰਜਾਬ (ਹੁਣ ਭਾਸ਼ਾ ਵਿਭਾਗ ਪੰਜਾਬ) ਦੇ ਪੰਜਾਬ ਕੋਸ਼, ਡਾ ਰਤਨ ਸਿੰਘ ਜੱਗੀ ਦਾ ਸਿੱਖ ਪੰਥ ਵਿਸ਼ਵਕੋਸ਼, ਪੰਜਾਬੀ ਯੂਨੀਵਰਸਿਟੀ ਦਾ ਸਿੱਖ ਧਰਮ ਵਿਸ਼ਵਕੋਸ਼ ਅਤੇ ਪ੍ਰੋ ਪਿਆਰਾ ਸਿੰਘ ਪਦਮ ਦਾ ਸੰਖੇਪ ਸਿੱਖ ਇਤਿਹਾਸ (1469-1979) `ਚ ਵੀ ਇਹਨਾਂ ਸਰਦਾਰਾਂ ਦਾ ਅਤੇ ਬਾਗ਼ ਦਾ ਇਤਿਹਾਸਕ ਹਵਾਲਾ ਮਿਲਦਾ ਹੈ। 

ਪੰਜਾਬ ਵਿੱਚ ਸੁਤੰਤਰਤਾ ਸੰਗਰਾਮ Freedom Movement ਦੀਆਂ ਪ੍ਰਮੁੱਖ ਧਾਰਾਵਾਂ ਨਾਮ ਦੀ ਕਿਤਾਬ ਵਿੱਚ ਪ੍ਰਿਥੀਪਾਲ ਸਿੰਘ ਕਪੂਰ ਲਿਖਦੇ ਹਨ ਵਾਸਤਵ ਵਿੱਚ ਜਲ੍ਹਿਆਂਵਾਲਾ ਬਾਗ ਤਾਂ ਕੂੜਾ-ਕਰਕਟ ਸੁੱਟਣ ਦੀ ਥਾਂ ਹੀ ਸੀ ਅਤੇ ਕਿਸੇ ਵੀ ਜਿਊਂਦੇ ਅੰਮ੍ਰਿਤਸਰੀ ਪੁਰਾਣੇ ਬਜ਼ੁਰਗ ਦੀ ਸਿਮਰਤੀ ਤੋਂ ਇਸ ਦੇ ਸੱਚਮੁੱਚ ਦੇ ਬਾਗ ਹੋਣ ਦੀ ਗਵਾਹੀ ਨਹੀਂ ਮਿਲਦੀ। ਇਹ ਬਾਗ ਬਾਕੀ ਸ਼ਹਿਰ ਤੋਂ ਨੀਵਾਂ ਸੀ ਅਤੇ ਸ਼ਹਿਰ ਦੇ ਐਨ ਵਿਚਕਾਰ ਸੀ ਅਤੇ ਇਸ ਦੇ ਆਲੇ-ਦੁਆਲੇ ਦੀਆਂ ਗਲੀਆਂ-ਮੁਹੱਲਿਆਂ ਦੇ ਵਲ ਵਲੇਵਿਆਂ ਨਾਲ ਘਿਰਿਆ ਹੋਇਆ ਸੀ। ਇਹ ਇੱਕ ਖੁੱਲ੍ਹੀ ਉੱਚੀ ਨੀਵੀਂ ਸਤਹ ਦੀ ਲੰਬੂਤਰੀ ਲਗਭਗ ਬਾਰਾਂ ਬਿਘੇ ਅਕਾਰ ਦੀ ਥਾਂ ਸੀ ਜੋ ਇੱਕ ਪ੍ਰਕਾਰ ਦੀ ਬੇਕਾਇਦਾ ਚੋਖੰਡੀ ਸੀ ਜੋ ਘਰਾਂ ਦੇ ਪਿਛਵਾੜੇ ਦੀਆਂ ਕੰਧਾਂ ਅਤੇ ਇੱਕ ਬੇ-ਢੱਬੇ ਢੰਗ ਨਾਲ ਬਣੀ ਦੀਵਾਰ ਨਾਲ ਘਿਰੀ ਹੋਈ ਸੀ। ਕਈ ਥਾਵਾਂ `ਤੇ ਘਰ ਇਸ ਦੇ ਅੰਦਰ ਵੱਲ ਵਧੇ ਹੋਏ ਸਨ। ਇੱਥੇ ਤਿੰਨ ਜਾਂ ਚਾਰ ਰਾਹ ਸਨ। 100 ਫੁੱਟ ਦੀ ਦੂਰੀ ਤੱਕ ਕੋਈ ਘਰ ਨਹੀਂ ਸੀ ਅਤੇ ਇਸ ਵਿਚਕਾਰ ਕੋਈ ਪੰਜ ਫੁੱਟ ਉੱਚੀ ਕੱਚੀ ਕੰਧ ਵੀ ਸੀ। ਇਸ ਦੇ ਸੱਜੇ ਪਾਸੇ ਇੱਕ ਹੋਰ ਕੱਚੀ ਕੰਧ ਸੀ। ਬਾਗ ਦੇ ਅੰਦਰਵਾਰ ਦਰੱਖਤਾਂ ਦੇ ਕੋਲ ਮਿੱਟੀ ਦੇ ਟੁੱਟੇ ਭੱਜੇ ਬਰਤਨਾਂ ਦੇ ਢੇਰ ਅਤੇ ਇੱਕ ਢਹਿ ਰਹੀ ਗੁੰਬਦ ਵਾਲੀ ਸਮਾਧ ਤੇ ਗੈਰ ਅਬਾਦ ਖੂਹ ਵੀ ਸੀ। ਇਹ ਸਾਰਾ ਨਕਸ਼ਾ ਸੰਨ 1919 ਦੇ ਸਮੇਂ ਦੇ ਜਲ੍ਹਿਆਂਵਾਲੇ ਬਾਗ ਦਾ ਹੈ। 

ਸੰਨ 1919 ਦੀ ਵਿਸਾਖੀ ਨੂੰ ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਪਹੁੰਚੀ ਹੋਈ ਸੀ। ਇੱਕ ਨੌਜਵਾਨ ਦਰਬਾਰ ਸਾਹਿਬ ਅਤੇ ਜਲ੍ਹਿਆਂਵਾਲੇ ਬਾਗ The Jallianwala Bagh ਦੇ ਬਾਹਰ ਢਿਡੋਰਾ ਪਿਟ ਰਿਹਾ ਸੀ ਕਿ ਅੱਜ ਸ਼ਾਮ ਨੂੰ ਜਲ੍ਹਿਆਂਵਾਲੇ ਬਾਗ The Jallianwala Bagh ਵਿੱਚ ਅੰਗਰੇਜ਼ ਹਕੂਮਤ ਦੇ ਕਾਲੇ ਕਨੂੰਨਾਂ ਵਿਰੁੱਧ ਇਕੱਠ ਹੋਵੇਗਾ। ਦੁਪਹਿਰ ਇੱਕ ਵਜੇ ਦੇ ਕਰੀਬ ਜਰਨਲ ਡਾਇਰ ਨੂੰ ਪਤਾ ਲੱਗਿਆ ਕਿ ਉਸ ਦੇ ਐਲਾਨ ਦੇ ਬਾਵਜੂਦ ਵੀ ਲੋਕ ਸ਼ਾਮ 4:30 ਵਜੇ ਇੱਕ ਜਲਸਾ ਕਰਨਾ ਚਾਹੁੰਦੇ ਹਨ। ਉਸ ਨੂੰ ਰੀਹਿਲ ਰਾਹੀਂ ਪੱਕੀ ਸੂਚਨਾ ਮਿਲੀ ਕਿ 1000 ਬੰਦਿਆਂ ਦੀ ਭੀੜ ਜਲ੍ਹਿਆਂਵਾਲੇ ਬਾਗ ਵਿੱਚ ਇਕੱਠੀ ਹੋ ਚੁੱਕੀ ਹੈ। ਕਰਊਨ ਸਿਨੇਮਾ ਦੇ ਮੈਨੇਜਰ ਮਿਸਟਰ ਲੇਵਿਸ ਨੇ ਵੀ ਇੱਕ ਖ਼ੁਫੀਆ ਅਫ਼ਸਰ ਰਾਹੀਂ ਡਾਇਰ ਨੂੰ ਚਿੱਠੀ ਭੇਜ ਕੇ ਇਸ ਖ਼ਬਰ ਦੀ ਪੁਸ਼ਟੀ ਕੀਤੀ। ਡਾਇਰ ਨੇ ਇਸ ਉਲੰਘਣਾਂ ਨੂੰ ਆਪਣੀ ਸ਼ਕਤੀ ਲਈ ਚੁਣੌਤੀ ਮੰਨਿਆ ਅਤੇ ਸ਼ਾਮ 4:00 ਵਜੇ ਤੋਂ ਪਿਛੋਂ ਆਪਣੀ ਵਿਊਂਤ ਪੱਕੀ ਕਰ ਲਈ। 

ਬ੍ਰਿਟਿਸ਼ ਕੋਲੋਨੀਅਲ ਅਧਿਕਾਰੀਆਂ ਨੇ ਪਹਿਲਾਂ ਹੀ ਅੰਮ੍ਰਿਤਸਰ ਵਿੱਚ ਮਾਰਸ਼ਲ ਲਾਅ ਦਾ ਐਲਾਨ ਕਰ ਦਿੱਤਾ ਸੀ ਅਤੇ ਜਨਤਕ ਪ੍ਰਦਰਸ਼ਨਾਂ ਵਿੱਚ ਵਾਧਾ ਹੋਣ ਕਾਰਨ ਜਨਤਕ ਮੀਟਿੰਗਾਂ `ਤੇ ਪਾਬੰਦੀ ਲਗਾ ਦਿੱਤੀ ਸੀ। 

ਡਾਇਰ ਨੇ 90 ਬੰਦਿਆਂ ਦੀ ਫ਼ੌਜੀ ਟੁਕੜੀ ਹਮਲੇ ਲਈ ਤਿਆਰ ਕਰ ਲਈ ਅਤੇ 4:15 ਵਜੇ ਉਸ ਨੂੰ ਜਲਸੇ ਵਾਲੀ ਥਾਂ ਲੈ ਗਿਆ। ਉਹ ਆਪਣੇ ਨਾਲ ਦੋ ਬਖਤਰਬੰਦ ਕਾਰਾਂ ਜਿਨ੍ਹਾਂ ਉੱਤੇ ਮਸ਼ੀਨਗੰਨਾਂ ਬੀੜੀਆਂ ਹੋਈਆਂ ਸਨ, ਵੀ ਨਾਲ ਲੈ ਗਿਆ। ਉਸ ਨੇ ਬ੍ਰਿਗਜ਼ ਨੂੰ ਸ਼ਹਿਰ ਦੇ ਮੁੱਖ ਦਰਵਾਜ਼ਿਆਂ `ਤੇ ਪਹਿਰੇ ਲਗਾਉਣ ਦੀ ਹਦਾਇਤ ਕੀਤੀ। 

ਸ਼ਾਮ ਚਾਰ ਵਜੇ ਇੱਕ ਹਵਾਈ ਜਹਾਜ ਜਿਸ ਉੱਤੇ ਝੰਡਾ ਲਹਿਰਾ ਰਿਹਾ ਸੀ ਨੇ ਬਾਗ ਉੱਪਰ ਚੱਕਰ ਲਗਾਏ। ਲੋਕ ਸਹਿਮ ਕੇ ਉੱਠ ਚੱਲੇ ਪਰ ਹੰਸ ਰਾਜ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ। ਉਸ ਨੇ ਕਿਹਾ ਕਿ ਹਵਾਈ ਜਹਾਜ ਆਪਣਾ ਕੰਮ ਕਰ ਰਿਹਾ ਹੈ, ਅਸੀਂ ਆਪਣਾ ਕੰਮ ਜਾਰੀ ਰੱਖੀਏ। 

ਬ੍ਰਿਗਜ਼ ਲਿਖਦਾ ਹੈ ਕਿ ਤਕੜਾਈ ਭਰੀਆਂ ਡਿਊਟੀਆਂ ਅਤੇ ਪਿਕਟਾਂ ਨਿਸ਼ਚਿਤ ਸ਼ਹਿਰ ਦੇ ਮੁੱਖ ਦਰਵਾਜ਼ਿਆਂ `ਤੇ ਲਗਾਈਆਂ ਪਿਕਟਾਂ ਪਿੱਛੋਂ ਅਸੀਂ ਵੇਖਿਆ ਕਿ ਸਾਡੇ ਕੋਲ ਕੇਵਲ 50 ਹਥਿਆਰਬੰਦ ਫ਼ੌਜੀ ਅਤੇ 40 ਖੁਖਰੀਆਂ ਨਾਲ ਲੈਸ ਗੋਰਖੇ ਹੀ ਜਲਸੇ ਵਾਲੀ ਥਾਂ `ਤੇ ਭੇਜਣ ਲਈ ਬਚੇ ਸਨ, ਜਿਨ੍ਹਾਂ ਨੂੰ ਡਾਇਰ ਜਲਸੇ ਵਾਲੀ ਥਾਂ ਜਲ੍ਹਿਆਂਵਾਲੇ ਬਾਗ The Jallianwala Bagh ਵੱਲ ਲੈ ਗਿਆ। ਉਸ ਦੀ ਫ਼ੌਜੀ ਟੁਕੜੀ ਵਿੱਚ 19ਵੀ ਗੋਰਖਾ ਦੀਆਂ 25 ਰਾਇਫਲਾਂ, 54ਵੀਂ ਸਿੱਖਜ਼ ਦੀਆਂ 25 ਰਾਈਫ਼ਲਾਂ, ਐੱਫ.ਐੱਫ. ਅਤੇ 59ਵੀਂ ਸਿਖਜ਼, 40 ਗੋਰਖੇ ਅਤੇ ਦੋ ਬਖਤਰਬੰਦ ਕਾਰਾਂ ਸਨ। 40 ਖੁਖਰੀਆਂ ਨਾਲ ਲੈਸ ਗੋਰਖਿਆਂ ਨੂੰ ਰਾਹ ਵਿੱਚ ਵੱਖ-ਵੱਖ ਸੈਨਿਕ ਦ੍ਰਿਸ਼ਟੀ ਤੋਂ ਅਹਿਮ ਥਾਵਾਂ `ਤੇ ਪਹਿਰੇ ਲਈ ਤਾਇਨਾਤ ਕਰ ਦਿੱਤਾ। ਡਾਇਰ ਤੇ ਬ੍ਰਿਗਜ਼ ਇਕੱਠੇ ਮੋਟਰ ਕਾਰ ਵਿੱਚ ਸਵਾਰ ਸਨ। ਪਿੱਛੇ ਦੋ ਬਖਤਰਬੰਦ ਕਾਰਾਂ ਸਨ ਅਤੇ ਪਿੱਛੇ ਇੱਕ ਪੁਲਿਸ ਕਾਰ ਜਿਸ ਵਿੱਚ ਰੀਹਲ ਅਤੇ ਪਲੋਮਰ ਸਵਾਰ ਸਨ। ਫੌਜੀ ਇਨ੍ਹਾਂ ਚਾਰ ਗੱਡੀਆਂ ਦੇ ਅੱਗੇ-ਪਿੱਛੇ ਚੱਲ ਰਹੇ ਸਨ। ਡਾਇਰ ਤੇ ਉਸਦੀ ਫ਼ੌਜ ਹਾਲ ਬਜ਼ਾਰ ਅਤੇ ਫ਼ੁਹਾਰਾ ਚੌਂਕ ਲੰਘ ਕੇ ਸ਼ਾਮ 5:15 ਵਜੇ ਬਾਗ ਦੇ ਤੰਗ ਰਾਹ ਕੋਲ ਜਾ ਪੁੱਜਾ। ਡਾਇਰ, ਕਰਨਲ ਮੌਰਗਨ, ਬ੍ਰਿਗਜ਼ ਅਤੇ ਰੀਹਲ ਕਾਰਾਂ ਵਿੱਚੋਂ ਨਿਕਲ ਕੇ ਨਿੱਕੀ ਗਲੀ ਰਾਹੀਂ ਅੱਗੇ ਵਧੇ। ਉਨ੍ਹਾਂ ਪਿੱਛੇ ਫ਼ੌਜੀ ਦਲ ਸੀ। 

ਅੰਗਰੇਜ਼ ਅਫ਼ਸਰ ਬ੍ਰਿਗਜ਼ ਨੇ ਅੱਖੀਂ ਦੇਖਿਆ ਹਾਲ ਲਿਖਦੇ ਕਿਹਾ ਹੈ ਕਿ `ਇਸ ਗਲੀ ਦੇ ਸਿਰੇ `ਤੇ ਪੁੱਜ ਕੇ ਅਸਾਂ ਲੋਕਾਂ ਦੀ ਭਾਰੀ ਭੀੜ ਚੌਕੋਨੇ ਮੈਦਾਨ ਵਿੱਚ ਦੇਖੀ ਜੋ ਮੰਚ ਤੋਂ ਹੱਥ ਹਿਲਾ-ਹਿਲਾ ਕੇ ਬੋਲਣ ਵਾਲੇ ਇੱਕ ਬੁਲਾਰੇ ਨੂੰ ਸੁਣ ਰਹੀ ਸੀ। ਭੀੜ ਦੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਔਖਾ ਸੀ।  

ਜਰਨਲ ਡਾਇਰ ਦੇ ਪਹੁੰਚਣ ਤੋਂ ਪਹਿਲਾਂ 8 ਬੁਲਾਰੇ ਬੋਲ ਚੁੱਕੇ ਸਨ, ਜਿਨ੍ਹਾਂ ਵਿੱਚ ਅਬਦੁਲ ਅਜ਼ੀਜ਼, ਡਾ. ਗੁਰਬਖਸ਼ ਰਾਏ ਅਤੇ ਰਾਏ ਰਾਮ ਸਿੰਘ ਸ਼ਾਮਿਲ ਸਨ। ਮੰਚ ਉੱਪਰ ਡਾ. ਕਿਚਲੂ ਦੀ ਤਸਵੀਰ ਰੱਖੀ ਹੋਈ ਸੀ ਅਤੇ ਇਹ ਦੱਸਿਆ ਗਿਆ ਕਿ ਡਾ. ਕਿਚਲੂ ਤਸਵੀਰ ਰਾਹੀਂ ਪ੍ਰਧਾਨਗੀ ਕਰ ਰਹੇ ਸਨ। ਬ੍ਰਿਜ ਗੋਪੀ ਨਾਥ ਬੇਕਲ, ਜੋ ਇੱਕ ਬੈਂਕ ਕਲਰਕ ਸੀ ਨੇ ਉਰਦੂ ਕਵਿਤਾ ਪੜ੍ਹੀ ਜਿਸ ਦਾ ਸਿਰਲੇਖ ਫਰਿਆਦ ਸੀ। ਇਹ ਕਵਿਤਾ ਉਸ ਨੇ ਸਰਕਾਰ ਨੂੰ ਮੁਖਾਤਬ ਕੀਤੀ ਸੀ। 

ਡਾਇਰ ਜੋ ਜਲ੍ਹਿਆਂਵਾਲੇ ਬਾਗ The Jallianwala Bagh ਦੀ ਤੰਗ ਗਲੀ ਕੋਲ ਇੱਕ ਚਬੂਤਰੇ ਉਪਰ ਖੜ੍ਹਾ ਹੋ ਗਿਆ। ਉਹ ਭੀੜ ਵਿਚਲੇ ਲੋਕਾਂ ਦੀ ਵੰਨ-ਸੁਵੰਨਤਾ ਦੇਖ ਕੇ ਹੈਰਾਨ ਰਹਿ ਗਿਆ। ਡਾਇਰ ਨੂੰ 150 ਗਜ਼ ਦੂਰ ਪਿੱਪਲ ਹੇਠਾਂ ਮੰਚ ਦੇ ਕੋਲ ਲੋਕਾਂ ਦਾ ਤਕੜਾ ਹਜ਼ੂਮ ਨਜ਼ਰ ਆਇਆ ਅਤੇ ਉਸ ਤੋਂ ਪੂਰੇ 10-20 ਗਜ਼ ਦੀ ਵਿੱਥ `ਤੇ ਦੂਜਾ ਤਕੜਾ ਗੁੱਟ ਨਜ਼ਰੀਂ ਪਿਆ। ਇਸ ਵੇਲੇ ਲਗਭਗ 5:15 ਦਾ ਸਮਾਂ ਸੀ। ਬਾਗ ਵਿੱਚ ਪਹੁੰਚਣ ਦੇ ਅੱਧੇ ਮਿੰਟ ਵਿੱਚ ਹੀ ਡਾਇਰ ਨੇ ਫ਼ੌਜੀ ਥਾਂਓਂ-ਥਾਂਈਂ ਤਇਨਾਤ ਕਰ ਦਿੱਤੇ। ਗੋਰਖੇ ਖੱਬੇ ਪਾਸੇ ਅਤੇ ਬਲੋਚੀ ਇਸ ਚੌਕੋਨੇ ਮੈਦਾਨ ਦੇ ਰਾਹ ਦੇ ਸੱਜੇ ਪਾਸੇ ਤਾਇਨਾਤ ਕੀਤੇ ਗਏ। 50 ਬੰਦੂਕਧਾਰੀ ਬਿਲਕੁਲ ਤਾਇਨਾਤ ਸਨ ਅਤੇ ਡਾਇਰ ਨੇ ਨਿਹੱਥੀ ਭੀੜ ਉੱਪਰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। 

ਹੰਸ ਰਾਜ ਨੇ ਦੁਰਗਾ ਦਾਸ ਦੀ ਤਕਰੀਰ ਦੇ ਵਿਚੋਂ ਹੀ ਭੀੜ ਨੂੰ ਬੈਠੇ ਰਹਿਣ ਅਤੇ ਘਬਰਾਹਟ ਵਿੱਚ ਨਾ ਆਉਣ ਦੀ ਪੱਕੀ ਕੀਤੀ। ਜਦੋਂ ਗੋਲੀਆਂ ਚੱਲੀਆਂ ਤਾਂ ਪਹਿਲਾਂ ਤਾਂ ਲੋਕਾਂ ਉੱਚੀ-ਉੱਚੀ ਫੋਕੀਆਂ-ਫੋਕੀਆਂ, ਇਹ ਜਾਣ ਕੇ ਕਿਹਾ ਕਿ ਇਹ ਡਰਾਵਾ ਹੀ ਹੈ, ਪਰ ਜਦੋਂ ਲੋਕ ਡਿੱਗਣ ਤੇ ਲਤਾੜੇ ਜਾਣ ਲੱਗੇ ਤਾਂ ਇਹ ਭਰਮ ਛੇਤੀ ਹੀ ਟੁੱਟ ਗਿਆ। 

ਗੋਲੀਆਂ ਦੀ ਪਹਿਲੀ ਬੁਛਾੜ ਦੇ ਪ੍ਰਤਿਕਰਮ ਵਜੋਂ ਲੋਕਾਂ ਨੇ ਡਰ ਨਾਲ ਬਾਹਰ ਭੱਜਣਾ ਚਾਹਿਆ ਪਰ ਉਹ ਜਾ ਵੀ ਕਿੱਥੇ ਸਕਦੇ ਸਨ? ਉਨ੍ਹਾਂ ਦੇ ਖੱਬੇ ਪਾਸੇ ਨੇੜੇ ਹੀ ਘਰ ਸਨ, ਪਰ੍ਹਾਂ ਅੱਗੇ ਖੂਹ ਸੀ, ਸੱਜੇ ਖੁੱਲ੍ਹੀ ਥਾਂ ਸੀ ਅਤੇ ਪਿੱਛੇ ਬੰਦੂਕਧਾਰੀ ਸਿਪਾਹੀ ਸਨ। ਉਹ ਚਾਰੇ ਪਾਸੇ ਤੋਂ ਘਿਰੇ ਹੋਏ ਸਨ। ਹਰ ਸਿਪਾਹੀ ਗੋਲੀ ਭਰਦਾ ਤੇ ਗੋਲੀ ਚਲਾ ਰਿਹਾ ਸੀ। ਲੋਕ ਇੱਧਰ-ਓਧਰ ਭੱਜਣ ਲੱਗੇ ਪਰ ਲਗਾਤਾਰ ਗੋਲੀਆਂ ਦਾ ਨਿਸ਼ਾਨਾਂ ਬਣਦੇ ਰਹੇ। ਬਹੁਤ ਸਾਰੇ ਲੋਕ ਖੂਹ ਵੱਲ ਭੱਜ ਉੱਠੇ ਅਤੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ। 

10 ਮਿੰਟ ਤੱਕ ਗੋਲੀ ਲਗਾਤਾਰ ਚੱਲਦੀ ਰਹੀ ਅਤੇ ਇਸ ਸਮੇਂ ਦੌਰਾਨ 303 ਮਾਰਕ 6 ਦੇ 1650 ਕਾਰਤੂਸ ਚਲਾਏ ਗਏ। ਜਦੋਂ ਅਖੀਰ ਗੋਲੀਬਾਰੀ ਬੰਦ ਹੋਈ ਤਾਂ ਬਾਗ ਜੰਗ ਦਾ ਮੈਦਾਨ ਬਣਿਆ ਲੱਗਦਾ ਸੀ। ਬਾਗ ਵਿੱਚ ਕੋਈ ਥਾਂ ਅਜਿਹੀ ਨਹੀਂ ਸੀ ਜਿੱਥੇ ਲੋਕਾਂ ਦੀਆਂ ਲਾਸ਼ਾ ਨਾ ਹੋਣ। ਜਲ੍ਹਿਆਂਵਾਲੇ ਬਾਗ ਦੇ ਇਲਾਕੇ ਦੇ ਇੱਕ ਵਸਨੀਕ ਖ਼ੁਸ਼ਹਾਲ ਸਿੰਘ ਦਾ ਕਹਿਣਾ ਸੀ ਕਿ `ਇੱਕ ਗਲੀ ਵਿੱਚ 50 ਬੰਦੇ ਮਰੇ ਪਏ ਸਨ। ਸੁਲਤਾਨਵਿੰਡ ਦਰਵਾਜ਼ੇ ਦੇ ਨੇੜੇ ਬਾਗ ਦੇ ਲਾਂਘੇ ਦੇ ਬਾਹਰ ਨਵੀਂ ਗਲੀ ਲੋਕਾਂ ਨਾਲ ਭਰੀ ਪਈ ਸੀ। 

ਡਾਇਰ ਨੇ ਲੈਫਟੀਨੈਂਟ ਗਵਰਨਰ ਨੂੰ ਮਰਨ ਵਾਲਿਆਂ ਦੀ ਗਿਣਤੀ ਬਾਰੇ 200-300 ਦਾ ਵਿਚਕਾਰ ਦਾ ਅੰਦਾਜ਼ਾ ਲਿਖ ਭੇਜਿਆ। ਸੈਨਿਕ ਰੀਪੋਰਟ ਦੀ ਇੰਤਜ਼ਾਰ ਕੀਤੇ ਬਿਨ੍ਹਾਂ ਲੈਫਟੀਨੈਂਟ ਗਵਰਨਰ ਨੇ ਭਾਰਤ ਸਰਕਾਰ ਨੂੰ ਮਰਨ ਵਾਲਿਆਂ ਦੀ ਗਿਣਤੀ 200 ਲਿਖ ਭੇਜੀ। ਜੇ.ਬੀ. ਥਾਮਪਸਨ ਦੀ ਗਿਣਤੀ ਅਨੁਸਾਰ ਜਲ੍ਹਿਆਂਵਾਲਾ ਬਾਗ ਵਿੱਚ 291 ਤੋਂ ਵੱਧ ਬੰਦੇ ਨਹੀਂ ਮਰੇ ਸਨ। ਪਰ ਸੇਵਾ ਸੰਮਤੂ ਨੇ ਜੋ ਗਿਣਤੀ ਘਰਾਂ ਦੇ ਸਰਵੇਖਣ ਪਿੱਛੋਂ ਦੱਸੀ ਉਹ ਅਨੁਸਾਰ ਇਸ ਕਤਲੇਆਮ ਵਿੱਚ 530 ਜਾਨਾਂ ਗਈਆਂ ਸਨ। ਸਰਕਾਰੀ ਅੰਕੜਿਆਂ ਅਨੁਸਾਰ 379 ਬੰਦੇ ਮਾਰੇ ਗਏ ਸਨ ਤੇ 12,200 ਫ਼ਟੜ ਹੋਏ ਸਨ। ਭਾਂਵੇਂ ਕਿ ਪਹਿਲਾਂ ਇਹ ਸਮਝਿਆ ਗਿਆ ਸੀ ਕਿ 200 ਤੋਂ ਵੱਧ ਨਹੀਂ ਮਰੇ। 12 ਸਤੰਬਰ 1919 ਨੂੰ ਲੈਜੇਸਲੇਟਿਵ ਕੌਂਸਲ ਦੀ ਮੀਟਿੰਗ ਵਿੱਚ ਪੰਡਤ ਮਦਨ ਮੋਹਨ ਮਾਲਵੀਆ ਨੇ ਦੱਸਿਆ ਕਿ ਸਰਕਾਰੀ ਦਾਅਵੇ ਦੇ ਉਲਟ ਮਰਨ ਵਾਲਿਆਂ ਦੀ ਗਿਣਤੀ ਸਬੰਧੀ 1000 ਦਾ ਅੰਕੜਾ ਵਧੇਰੇ ਸੱਚ ਦੇ ਨੇੜੇ ਸੀ। ਉਨ੍ਹਾਂ ਅਨੁਸਾਰ ਮਰਨ ਵਾਲਿਆਂ ਵਿੱਚ 42 ਲੜਕੇ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚ ਸਭ ਤੋਂ ਛੋਟੀ ਉਮਰ ਵਾਲਾ ਕੇਵਲ 7 ਮਹੀਨਿਆਂ ਦਾ ਬੱਚਾ ਵੀ ਸੀ। 

ਜਲ੍ਹਿਆਂਵਾਲਾ ਬਾਗ ਸਾਕੇ ਦਾ ਊਧਮ ਸਿੰਘ ਨੇ ਬਦਲਾ ਲਿਆ...

ਊਧਮ ਸਿੰਘ Udham Singh ਨੇ ਇਸ ਘਟਨਾ ਦਾ ਬਦਲਾ 21 ਸਾਲ ਬਾਅਦ 13 ਮਾਰਚ ਨੂੰ ਲਿਆ। ਊਧਮ ਸਿੰਘ ਨੇ ਇੱਕ ਖਚਾਖਚ ਭਰੇ ਹਾਲ ਵਿੱਚ ਜਨਰਲ ਡਾਇਰ ਨੂੰ ਗੋਲੀ ਮਾਰ ਦਿੱਤੀ। ਡਾਇਰ ਸੇਵਾਮੁਕਤੀ ਤੋਂ ਬਾਅਦ London ਚਲਾ ਗਿਆ। 1940 ਵਿੱਚ, ਉਸਨੇ ਕਾਕਸਟਨ ਹਾਲ ਵਿੱਚ ਹੋਈ ਮੀਟਿੰਗ ਵਿੱਚ ਹਿੱਸਾ ਲਿਆ। ਇਸ ਮੀਟਿੰਗ ਵਿਚ ਊਧਮ ਸਿੰਘ ਵੀ ਪਹੁੰਚੇ ਹੋਏ ਸਨ। ਜਦੋਂ ਡਾਇਰ ਦੇ ਭਾਸ਼ਣ ਦੇਣ ਜਾ ਰਹੇ ਸਨ ਤਾਂ ਊਧਮ ਸਿੰਘ ਨੇ ਗੋਲੀ ਚਲਾ ਦਿੱਤੀ ਸੀ, ਜਿਸ ਕਾਰਨ ਡਾਇਰ ਦੀ ਮੌਕੇ `ਤੇ ਹੀ ਮੌਤ ਹੋ ਗਈ ਸੀ। 

ਦਸੰਬਰ 1919 ਵਿੱਚ ਕੁੱਲ ਹਿੰਦ ਕੌਮੀ ਕਾਂਗਰਸ ਦਾ ਸਾਲਾਨਾ ਸੈਸ਼ਨ ਅੰਮ੍ਰਿਤਸਰ ਵਿੱਚ ਹੋਇਆ। ਇਸ ਸਮਾਗਮ ਵਿੱਚ ਬੰਗਾਲ ਪ੍ਰਾਂਤ ਦੇ ਜ਼ਿਲ੍ਹਾ ਹੁਗਲੀ ਦਾ ਵਾਸੀ ਡਾ. ਮੁਕਰਜੀ, ਜੋ ਉਨ੍ਹੀਂ ਦਿਨੀਂ ਅਲਾਹਾਬਾਦ ਵਿੱਚ ਹਸਤਪਤਾਲ ਚਲਾਉਂਦਿਆਂ ਪੰਡਤ ਮਦਨ ਮੋਹਨ ਮਾਲਵੀਆ ਦੇ ਸੰਪਰਕ ਵਿੱਚ ਆ ਕੇ ਕਾਂਗਰਸ ਪਾਰਟੀ ਵਿੱਚ ਸਰਗਰਮ ਸੀ, ਵੀ ਭਾਗ ਲੈ ਰਿਹਾ ਸੀ। ਡਾ. ਮੁਕਰਜੀ ਨੇ ਕਾਂਗਰਸ ਸੈਸ਼ਨ ਦੌਰਾਨ 27 ਦਸੰਬਰ 1919 ਨੂੰ ਇਹ ਮਤਾ ਰੱਖਿਆ ਕਿ 13 ਅਪਰੈਲ 1919 ਨੂੰ ਜਲ੍ਹਿਆਂਵਾਲੇ ਬਾਗ਼ ਵਿੱਚ ਜਨਰਲ ਡਾਇਰ ਵੱਲੋਂ ਬੇਰਹਿਮੀ ਨਾਲ ਮਾਰੇ ਗਏ ਵਿਅਕਤੀਆਂ ਦੀ ਯਾਦਗਾਰ ਉਸਾਰੀ ਜਾਵੇ। ਕਾਂਗਰਸ ਸੈਸ਼ਨ ਤੋਂ ਵਾਪਸ ਪਰਤ ਕੇ ਮਹਾਤਮਾ ਗਾਂਧੀ ਨੇ ਜਲ੍ਹਿਆਂ ਵਾਲੇ ਬਾਗ਼ ਵਾਲੀ ਥਾਂ ਖਰੀਦਣ ਅਤੇ ਇੱਥੇ ਯਾਦਗਾਰ ਉਸਾਰਨ ਲਈ ਲੋੜੀਂਦਾ ਫੰਡ ਇਕੱਠਾ ਕਰਨ ਵਾਸਤੇ ਮੁਹਿੰਮ ਸ਼ੁਰੂ ਕਰ ਦਿੱਤੀ।   

13 ਅਪਰੈਲ 1919 ਨੂੰ ਹੋਏ ਕਤਲੇਆਮ ਵਾਲੀ ਥਾਂ ਦਾ ਮਾਲਕ ਰਿਆਸਤ ਨਾਭਾ ਦੇ ਪਿੰਡ ਜਲਾ ਦਾ ਵਸਨੀਕ ਸ. ਹਿੰਮਤ ਸਿੰਘ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਮਹਾਰਾਜਾ ਨਾਭਾ ਦੇ ਪ੍ਰਤੀਨਿਧ ਵਜੋਂ ਨਿਯੁਕਤ ਸੀ। ਜਦ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀਆਂ ਨੇ ਅੰਮ੍ਰਿਤਸਰ ਵਿੱਚ ਕਟੜੇ ਬਣਾਉਣੇ ਸ਼ੁਰੂ ਕੀਤੇ ਤਾਂ ਸ੍ਰੀ ਦਰਬਾਰ ਸਾਹਿਬ ਦੇ ਨੇੜ ਇਸ ਜਗ੍ਹਾ ਦੀ ਮਾਲਕੀ ਸ. ਹਿੰਮਤ ਸਿੰਘ ਨੇ ਲੈ ਲਈ। ਸ. ਹਿੰਮਤ ਸਿੰਘ ਦੀ ਮੌਤ ਤੋਂ ਬਾਅਦ ਇਹ ਥਾਂ ਉਸ ਦੇ ਵਾਰਸਾਂ ਕੋਲ ਚਲੀ ਗਈ। ਪਿੱਛੋਂ ਵੀਹਵੀਂ ਸਦੀ ਵਿੱਚ ਉਸ ਦੇ ਵਾਰਸਾਂ ਸ. ਅੱਛਰ ਸਿੰਘ (ਜਨਮ 1875 ਈ.) ਅਤੇ ਸ. ਗੁਰਬਚਨ ਸਿੰਘ (ਜਨਮ 1891 ਈ.) ਨੇ ਆਪਣੀ ਮਾਇਕ ਲੋੜ ਪੂਰੀ ਕਰਨ ਵਾਸਤੇ ਇਹ ਥਾਂ ਕੁਝ ਵਣਜਕਾਰਾਂ ਨੂੰ ਵੇਚ ਦਿੱਤੀ। ਉਨ੍ਹਾਂ ਜ਼ਮੀਨ ਦੀ ਕੁਲ ਕੀਮਤ ਵਿੱਚੋਂ ਕੁਝ ਰਾਸ਼ੀ ਨਕਦ ਲੈ ਕੇ ਅਤੇ ਬਕਾਏ ਦੀ ਅਦਾਇਗੀ ਨਿਰਧਾਰਤ ਸਮੇਂ ਵਿੱਚ ਕਰਨ ਲਈ ਲਿਖਤੀ ਇਕਰਾਰਨਾਮਾ ਕੀਤਾ। ਜਦ ਨਵੇਂ ਖਰੀਦਦਾਰ ਇਕਰਾਰਨਾਮੇ ਅਨੁਸਾਰ ਅਦਾਇਗੀ ਕਰਨ ਵਿੱਚ ਅਸਫਲ ਰਹੇ ਤਾਂ ਗੁਰਬਚਨ ਸਿੰਘ ਅਤੇ ਅੱਛਰ ਸਿੰਘ ਨੇ ਉਨ੍ਹਾਂ ਖਿਲਾਫ਼ ਅਦਾਲਤ ਵਿੱਚ ਮੁਕੱਦਮਾ ਕਰ ਦਿੱਤਾ। ਇਨ੍ਹੀਂ ਦਿਨੀਂ ਹੀ ਸਥਾਨਕ ਕਾਂਗਰਸੀ ਆਗੂਆਂ ਨੇ ਇਨ੍ਹਾਂ ਵਣਜਕਾਰਾਂ ਨੂੰ ਇਹ ਜ਼ਮੀਨ ਖ਼ਰੀਦਣ ਦੀ ਪੇਸ਼ਕਸ਼ ਕੀਤੀ। ਜ਼ਮੀਨ ਦੀਆਂ ਕੀਮਤਾਂ ਕਾਫ਼ੀ ਵਧ ਚੁੱਕੀਆਂ ਸਨ, ਇਸ ਲਈ ਵੱਟਤ ਵਿੱਚੋਂ ਪਿਛਲੇ ਮਾਲਕਾਂ ਨੂੰ ਦੇਣੀ ਬਣਦੀ ਰਾਸ਼ੀ ਅਦਾ ਕਰਕੇ ਆਪਣੇ ਖਿਲਾਫ਼ ਚੱਲਦੇ ਮੁਕੱਦਮੇ ਵਿੱਚ ਆਪਣੇ ਖਿਲਾਫ਼ ਹੋ ਸਕਦੀ ਸੰਭਾਵੀ ਅਦਾਲਤੀ ਕਾਰਵਾਈ ਤੋਂ ਬਚਣ ਦੇ ਨਾਲ ਕੁਝ ਰਕਮ ਜੇਬ ਵਿੱਚ ਵੀ ਪੈਂਦੀ ਸੀ। ਇਹ ਵਿਚਾਰ ਕੇ ਉਹ ਜਲ੍ਹਿਆਂਵਾਲਾ ਬਾਗ਼ ਨਾਂ ਨਾਲ ਜਾਣੀ ਜਾਂਦੀ ਸਾਢੇ ਛੇ ਏਕੜ ਇਹ ਥਾਂ ਵੇਚਣ ਲਈ ਰਜ਼ਾਮੰਦ ਹੋ ਗਏ। ਇਹ ਸੌਦਾ 1923 ਵਿੱਚ ਹੋਇਆ ਅਤੇ ਕੁੱਲ 5,65,887 ਰੁਪਏ 7 ਆਨੇ 9 ਪਾਈ ਦੀ ਅਦਾਇਗੀ 32 ਹਿੱਸੇਦਾਰਾਂ ਨੂੰ ਕਰ ਕੇ ਜ਼ਮੀਨ ਦਾ ਕਬਜ਼ਾ ਲੈ ਲਿਆ ਗਿਆ। ਸਾਕਾ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਵਿੱਚ ਖ਼ੂਬਸੂਰਤ ਯਾਦਗਾਰ ਉਸਾਰੀ ਗਈ। ਦੇਸ਼ ਤੇ ਦੁਨੀਆਂ ਭਰ ਵਿੱਚੋਂ ਜਦੋਂ ਸੈਲਾਨੀ ਅੰਮ੍ਰਿਤਸਰ ਆਉਂਦੇ ਹਨ ਤਾਂ ਉਹ ਜਲ੍ਹਿਆਂਵਾਲੇ ਬਾਗ `ਚ ਜਾ ਕੇ ਉਸ ਖ਼ੂਨੀ ਸਾਕੇ ਦੇ ਦਰਦ ਨੂੰ ਵੀ ਮਹਿਸੂਸ ਕਰਦੇ ਹਨ। ਹਾਲਾਂਕਿ ਕੁਝ ਸਾਲ ਪਹਿਲਾਂ ਜਲ੍ਹਿਆਂਵਾਲਾ ਬਾਗ ਦੀ ਯਾਦਗਾਰ ਵਿੱਚ ਕੁਝ ਨਵੀਆਂ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ ਜਿਸ ਦਾ ਸਮਾਜ ਦੇ ਇੱਕ ਵਰਗ ਅਤੇ ਇਹਿਤਾਸਕਾਰਾਂ ਵੱਲੋਂ ਇਤਰਾਜ ਦਰਜ ਕਰਵਾਇਆ ਗਿਆ। 

ਅੰਮ੍ਰਿਤਸਰ ਸ਼ਹਿਰ ਵਿੱਚ ਭਾਈ ਹਮੀਤ ਸਿੰਘ ਜੱਲ੍ਹਾ ਦਾ ਇਹ ਬਾਗ ਭਾਰਤ ਦੇ ਇਤਿਹਾਸ ਦਾ ਉਹ ਖ਼ੂਨੀ ਸਫ਼ਾ ਹੈ ਜੋ ਬਰਤਾਨਵੀ ਹਕੂਮਤ ਦੇ ਭਾਰਤੀਆਂ ਉੱਪਰ ਜੁਲਮ ਦੀ ਦਾਸਤਾਨ ਬਿਆਨ ਕਰਦਾ ਹੈ।


ਸਾਰਾਗੜ੍ਹੀ ਦੀ ਜੰਗ

- ਇੰਦਰਜੀਤ ਸਿੰਘ ਹਰਪੁਰਾ , ਡੀ.ਪੀ.ਆਰ.ਓ. ਅੰਮ੍ਰਿਤਸਰ। 98155-77574 12 ਸਤੰਬਰ 1897 ਨੂੰ ਸਵੇਰੇ 8 ਵਜੇ ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਦੌੜ ਕੇ ਅੰਦਰ ਖ਼ਬਰ ਦਿ...