ਲਗਭਗ 15 ਕਿਲੋਮੀਟਰ ਦਾ ਸਫਰ ਤੈਅ ਕਰਕੇ ਮੈਂ ਪਹੁੰਚ ਗਿਆ ਸੀ ਪਿੰਡ ਸਹੌੜਾ ਕੰਡੀ Sahaurha Kandi। ਇੱਥੇ ਹੀ ਸਥਿਤ ਹੈ ਪੰਜਾਬ ਦਾ ਸਭ ਤੋਂ ਉੱਚਾ ਸ਼ਿਵ ਮੰਦਰ। ਜਿਸ ਤੱਕ ਪਹੁੰਚਣ ਲਈ 750 ਤੋਂ ਵੱਧ ਪੌੜੀਆਂ ਚੜਣੀਆਂ ਪੈਂਦੀਆਂ ਹਨ। ਇਹ ਮੰਦਰ ਜਿੰਨ੍ਹਾ ਉੱਚਾ ਹੈ ਉਨ੍ਹਾਂ ਹੀ ਇਸਦਾ ਪਿੱਛੋਕੜ ਪੁਰਾਣਾ ਹੈ।
ਮੰਦਰ ਦੀ ਮੁੱਖ ਢਿਉਡੀ ਤੇ ਪਾਰਕਿੰਗ ਦੀ ਸੁਵਿਧਾ ਹੈ। ਮੰਦਰ ਤੱਕ ਜਾਣ ਲਈ ਪੌੜੀਆਂ ਤੋਂ ਇਲਾਵਾ ਹੁਣ ਮੰਦਰ ਕਮੇਟੀ ਨੇ ਇਕ ਜੀਪ ਦੀ ਵਿਵਸਥਾ ਵੀ ਕੀਤੀ ਹੈ। ਆਪਾਂ ਜਾਣ ਵੇਲੇ ਇਸ ਜੀਪ ਦੀ ਸਵਾਰੀ ਦਾ ਅਨੁਭਵ ਲਿਆ ਤੇ ਵਾਪਸੀ ਪੌੜੀਆਂ ਰਾਹੀਂ ਕੀਤੀ। ਹਰੇ ਭਰੇ ਚੌਗਿਰਦੇ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ Shivalik Hills ਤੇ ਇਸ ਸਥਿਤ ਮੰਦਰ ਵਿਚ ਪਹੁੰਚ ਕੇ ਅਲੌਕਿਕ ਅਨੰਦ ਮਹਿਸੂਸ ਹੁੰਦਾ ਹੈ।
ਆਖਦੇ ਹਨ, ਜਦ ਪਾਂਡਵਾਂ ਨੂੰ 13 ਸਾਲ ਦਾ ਵਨਵਾਸ Exile to Pandvas ਤੇ ਇਕ ਸਾਲ ਦਾ ਗੁਪਤਵਾਸ ਮਿਲਿਆ ਤਾਂ ਉਨ੍ਹਾਂ ਨੇ ਆਪਣੇ ਗੁਪਤਵਾਸ ਦਾ ਸਮਾਂ ਰਾਜਾ ਵਿਰਾਟ King Virat ਕੋਲ ਬਿਤਾਇਆ ਸੀ। ਅੱਜ ਦਾ ਦਸੂਹਾ ਹੀ ਪੁਰਾਣੇ ਸਮੇਂ ਦੀ ਵਿਰਾਟ ਨਗਰੀ ਸੀ। ਹੁਸ਼ਿਆਰਪੁਰ ਤੇ ਕਾਂਗੜਾ Kangra ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਪਾਂਡਵਾਂ ਦੇ ਵਨਵਾਸ ਨਾਲ ਜੁੜੀਆਂ ਅਨੇਕ ਕਥਾਵਾਂ ਪ੍ਰਚਲਿਤ ਹਨ। ਖੈਰ ਉਨ੍ਹਾਂ ਹੋਰ ਕਥਾਵਾਂ ਦੀ ਗੱਲ ਫਿਰ ਕਦੇ ਕਰਾਂਗੇ, ਅੱਜ ਗਗਨ ਜੀ ਦਾ ਟਿੱਲਾ ਮੰਦਰ ਦੇ ਦਰਸ਼ਨ ਕਰਦੇ ਹਾਂ।
ਜੀਪ ਰਾਹੀਂ ਪੌੜੀਂਆਂ ਦੇ ਨਾਲ ਬਣੇ ਰੈਂਪ ਰਾਹੀਂ ਮੰਦਰ ਵੱਲ ਸਫਰ ਸ਼ੁਰੂ ਹੁੰਦਾ ਹੈ। ਬਹੁਤ ਸਿੱਧੀ ਚੜਾਈ ਹੈ। ਚਾਰੇ ਪਾਸੇ ਜੰਗਲ। ਪਿੱਛੇ ਨਿਵਾਣ ਵੱਲ ਮੈਦਾਨੀ ਇਲਾਕੇ ਵਿਚ ਕਣਕ ਦੇ ਖੇਤ ਤੇ ਸੱਜੇ ਖ਼ਬੇ ਤੇ ਉਪਰ ਵੱਲ ਪਹਾੜੀ ਤੇ ਰੁੱਖ ਹੀ ਰੁੱਖ। ਸੰਘਣਾ ਜੰਗਲ। ਇਸੇ ਸੰਘਣੇ ਜੰਗਲ ਕਾਰਨ ਹੀ ਆਪਣੇ ਅਗਿਆਤਵਾਸ ਦੌਰਾਨ ਪਾਂਡਵ ਇਸ ਇਲਾਕੇ ਵਿਚ ਆਏ ਹੋਣਗੇ। ਦੱਸਦੇ ਹਨ ਕਿ ਪਾਂਡਵਾਂ ਨੇ ਆਪਣਾ ਅਗਿਆਤਵਾਸ ਸ਼ੁਰੂ ਕਰਨ ਤੋਂ ਪਹਿਲਾਂ ਇਸ ਇਲਾਕੇ ਵਿਚ ਆਪਣੇ ਪ੍ਰਵਾਸ ਦੌਰਾਨ ਭਗਵਾਨ ਸ਼ਿਵ Lord Shiva ਦੀ ਭਗਤੀ ਕੀਤੀ ਅਤੇ ਉਨ੍ਹਾਂ ਦੀ ਭਗਤੀ ਤੋਂ ਖੁਸ਼ ਹੋ ਕੇ ਭਗਵਾਨ ਭੋਲੇ ਨਾਥ ਨੇ ਉਨ੍ਹਾਂ ਨੂੰ ਦਰਸ਼ਨ ਦਿੱਤੇ ਅਤੇ ਸ਼ਿਵਲਿੰਗ ਇੱਥੇ ਸਥਾਪਿਤ ਕਰਨ ਲਈ ਦਿੱਤਾ। ਪਾਂਡਵਾਂ ਨੇ ਇਸ ਮੰਦਰ ਵਾਲੀ ਥਾਂ ਤੇ ਸ਼ਿਵਲਿੰਗ ਸਥਾਪਿਤ ਕਰ ਮੰਦਰ ਬਣਾ ਲਿਆ ਅਤੇ ਉਹ ਅਗਿਆਤਵਾਸ ਦੌਰਾਨ ਵੀ ਗਾਹੇਵਗਾਹੇ ਕੋਈ ਨਾ ਕੋਈ ਭਰਾ ਇੱਥੇ ਆ ਕੇ ਭਗਵਾਨ ਸ਼ਿਵ ਦੀ ਅਰਾਧਨਾ ਕਰਿਆ ਕਰਦਾ ਸੀ ਤਾਂ ਜੋ ਅੱਤ ਦੇ ਚੰਦਰੇ ਸ਼ਰੀਕ ਕੌਰਵਾਂ ਦੇ ਸੂਹੀਏ ਉਨ੍ਹਾਂ ਨੂੰ ਲੱਭ ਨਾ ਸਕਨ।
ਮੁੱਖ ਮੰਦਰ ਵੱਲ ਵੱਧਦਿਆਂ ਅੱਧ ਵਿਚ ਇਕ ਵੱਡ ਅਕਾਰੀ ਭਗਵਾਨ ਸ਼ਿਵ ਦੀ ਮੂਰਤੀ ਸਥਾਪਿਤ ਹੈ, ਮਾਨੋਂ ਭਗਵਾਨ ਖੁਦ ਮੁੱਖ ਮੰਦਰ ਵੱਲ ਤਿੱਖੀ ਚੜਾਈ ਚੜ੍ਹ ਰਹੇ ਆਪਣੇ ਭਗਤਾਂ ਨੂੰ ਆਸ਼ਿਰਵਾਦ ਦੇਣ ਲਈ ਅੱਧੇ ਰਾਹ ਅੱਗੇ ਆ ਗਏ ਹੋਣ। ਇਸ ਮੰਦਰ ਦੀ ਦੇਖਰੇਖ ਇਕ ਸਥਾਨਕ ਕਮੇਟੀ ਕਰਦੀ ਹੈ ਅਤੇ ਉਨ੍ਹਾਂ ਦੇ ਪ੍ਰਬੰਧ ਬਹੁਤ ਚੰਗੇ ਹਨ। ਪਹਾੜੀ ਦੀ ਟੀਸੀ ਤੇ ਪਹੁੰਚਦਿਆਂ ਹੀ ਸੋਨ ਰੰਗੇ ਗੁਬੰਦ ਵਾਲਾ ਸ਼ਿਵ ਭਗਵਾਨ ਦਾ ਇਹ ਪੌਰਾਣਿਕ ਕਾਲ ਦਾ ਮੰਦਰ ਜਦ ਨਜਰ ਪੈਂਦਾ ਹੈ ਤਾਂ ਧੁਰ ਅੰਦਰ ਤੱਕ ਮਨ ਸਾਂਤ ਹੋ ਜਾਂਦਾ ਹੈ।
ਮੰਦਰ ਦੇ ਸਾਹਮਣੇ ਵੇਹੜੇ ਵਿਚ ਇਕ ਵੱਡਾ ਪਿੱਪਲ ਦਾ ਰੁੱਖ ਹੈ ਅਤੇ ਨਾਲ ਹੀ ਬੱਚਿਆਂ ਲਈ ਇਕ ਛੋਟਾ ਪਾਰਕ ਬਣਿਆ ਹੈ। ਲਗਭਗ ਦਰਜਨ ਕੁ ਪੌੜੀਆਂ ਚੱੜ ਕੇ ਇੱਥੋਂ ਮੁੱਖ ਮੰਦਰ ਤੱਕ ਪਹੁੰਚਿਆ ਜਾ ਸਕਦਾ ਹੈ। ਭਗਵਾਨ ਸ਼ਿਵ ਦੇ ਨੰਦੀ ਉਨ੍ਹਾਂ ਦੇ ਮੰਦਰ ਦੇ ਬਿਲਕੁਲ ਸਾਹਮਣੇ ਬਿਰਾਜਮਨ ਹਨ। ਸਫੈਦ ਸੰਗਮਰਮਰ ਦੇ ਸ਼ਿਵਲਿੰਗ ਤੇ ਲਗਾਤਾਰ ਜਲਧਾਰਾ ਪੈ ਰਹੀ ਹੈ। ਮੰਦਰ ਦੇ ਅੰਦਰ ਅਲੌਕਿਕ ਸਾਂਤੀ ਹੈ। ਚਾਰੇ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ
ਪਰ ਇਸ ਨੂੰ ਗਗਨ ਜੀ ਦਾ ਟਿੱਲਾ ਕਿਉਂ ਆਖਦੇ ਹਨ। ਮੈਂ ਉਥੇ ਹਾਜਰ ਇਕ ਸਥਾਨਕ ਪੁਜਾਰੀ ਤੋਂ ਪੁੱਛਿਆ। ਉਨ੍ਹਾਂ ਦੱਸਿਆ, ਕਿ ਹਿਮਾਚਲ Himachal Pradesh ਦਾ ਕੋਈ ਰਾਜਾ ਇਸ ਪਾਸੇ ਤੋਂ ਲੰਘ ਰਿਹਾ ਸੀ। ਉਸਦੇ ਸੰਤਾਨ ਨਹੀਂ ਸੀ। ਉਸਨੂੰ ਇਸ ਪਹਾੜੀ ਦੀ ਟੀਸੀ ਤੇ ਕੁਝ ਚਮਕਦਾ ਵਿਖਾਈ ਦਿੱਤਾ। ਇੱਥੇ ਪਹੁੰਚ ਕੇ ਵੇਖਿਆ ਤਾਂ ਉਹ ਸ਼ਿਵਲਿੰਗ ਸੀ। ਉਸਨੇ
ਪ੍ਰਾਰਥਨਾ ਕੀਤੀ ਕਿ ਉਸਦੇ ਸੰਤਾਨ ਹੋਵੇ। ਸਮਾਂ ਪਾ ਕੇ ਉਸ ਰਾਜੇ ਦੇ ਘਰ ਧੀ ਨੇ ਜਨਮ ਲਿਆ ਜਿਸਦਾ ਨਾਂ ਗਗਨ ਰੱਖਿਆ ਗਿਆ। ਇਸ ਕਹਾਣੀ ਤੋਂ ਇਸ ਥਾਂ ਦਾ ਨਾਂ ਗਗਨ ਜੀ ਦਾ ਟਿੱਲਾ Gagan ji ka Tilla ਪਿਆ ਤੇ ਰਾਜੇ ਨੇ ਇੱਥੇ ਮੰਦਰ ਬਣਾਇਆ। ਉਨ੍ਹਾਂ ਨੇ ਗੱਲ ਪੂਰੀ ਕੀਤੀ।
ਮੁੱਖ ਮੰਦਰ ਦੇ ਨਾਲ ਹੀ, ਭਗਵਾਨ ਗਣੇਸ਼ ਜੀ ਅਤੇ ਸਾਹਮਣੇ ਵਾਲੇ ਪਾਸੇ ਸ੍ਰੀ ਹਨੁੰਮਾਨ ਜੀ ਅਤੇ ਸ਼ੇਰਾਂ ਵਾਲੀ ਮਾਤਾ ਜੀ ਦਾ ਮੰਦਰ ਹੈ। ਕੁਝ ਸਮਾਂ ਮੰਦਰ ਵਿਚ ਅਲੌਕਿਕ ਸਾਂਤੀ ਮਹਿਸੂਸ ਕਰਨ ਤੋਂ ਬਾਅਦ ਪਿੱਛਲੇ ਪਾਸੇ ਵੱਲ ਬਣੇ ਲੰਗਰ ਹਾਲ ਵੱਲ ਪੌੜੀਆਂ ਉੱਤਰ ਕੇ ਲੰਗਰ ਖਾਣ ਲਈ ਪਹੁੰਚ ਜਾਂਦਾ ਹਾਂ। ਛੋਲਿਆਂ ਦੀ ਦਾਲ ਤੇ ਚਾਵਲ ਦੇ ਲੰਗਰ ਨੇ ਮਨ ਤ੍ਰਿਪਤ ਕਰ ਦਿੱਤਾ।
ਧਰਤੀ ਤੇ ਆਸਮਾਨ ਜਿੱਥੇ ਮਿਲ ਰਹੇ ਸਨ ਸੂਰਜ ਵੀ ਹੁਣ ਆਪਣੀ ਦਿਨ ਦੀ ਯਾਤਰਾ ਪੂਰੀ ਕਰਕੇ ਪੱਛਮ ਵਿਚ ਉਸੇ ਸਥਾਨ ਤੇ ਪੁੱਜ ਚੁੱਕਾ ਸੀ। ਛਿਪ ਰਹੇ ਸੂਰਜ ਦੀ ਲਾਲਿਮਾ ਨੇ ਚੌਗਿਰਦਾ ਹੋਰ ਵੀ ਸੋਹਣਾ ਕਰ ਦਿੱਤਾ ਸੀ। ਮੈਂ ਪੌੜੀਆਂ ਰਾਹੀਂ ਨੀਚੇ ਦਾ ਸਫਰ ਸ਼ੁਰੂ ਕਰਦਾ ਹਾਂ। ਆਸਪਾਸੇ ਦੇ ਪਿੰਡਾਂ ਦੇ ਲੋਕ ਅਤੇ ਕੁਝ ਕਾਰਾਂ ਗੱਡੀਆਂ ਰਾਹੀਂ ਪੁੱਜੇ ਲੋਕ ਹਾਲੇ ਵੀ ਮੰਦਰ ਵੱਲ ਜਾ ਰਹੇ ਹਨ। ਪੌੜੀਆਂ ਦੇ ਸੱਜੇ ਖੱਬੇ ਰੁੱਖਾਂ ਵਿਚ ਪੰਛੀ ਕੁਦਰਤ ਦੀ ਉਸਤਤ ਦੇ ਗੀਤ ਗਾ ਰਹੇ ਹਨ। ਆਖਰੀ ਪੌੜੀ ਤੋਂ ਪੈਰ ਹੇਠਾਂ ਰੱਖ ਇਕ ਵਾਰ ਫਿਰ ਮੰਦਰ ਵੱਲ ਮੂੰਹ ਕਰ ਮੱਥਾ ਟੇਕ ਮੈਂ ਆਪਣੀ ਵਾਪਸੀ ਦਾ ਸਫਰ ਸ਼ੁਰੂ ਕਰ ਲੈਂਦਾ ਹਾਂ।



.jpeg)
No comments:
Post a Comment