To read in English, click here
हिंदी में पढ़ने के लिए जहाँ क्लिक करें
ਇਕ ਠੰਡੀ ਸਵੇਰ ਬਸ ਹੌਲੀ ਹੌਲੀ ਰਫਤਾਰ ਫੜ ਰਹੀ ਹੈ। ਦਿੱਲੀ ਤੋਂ ਚੰਬੇ ਜਾ ਰਹੀ ਇਸ ਬੱਸ ਵਿੱਚ ਇੱਕ ਪਾਸੇ ਦਿੱਲੀ ਤੋਂ ਹਿਮਾਚਲ ਵਿੱਚ ਵਿਆਹ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ ਇੱਕ ਵੱਡਾ ਪਰਿਵਾਰ ਹੈ। ਇਹ ਪਰਿਵਾਰ ਹਿਮਾਚਲੀ ਨਹੀਂ ਹੈ ਸਗੋਂ ਦਿੱਲੀ ਵਿੱਚ ਆਪਣੇ ਗੁਆਂਢੀ ਹਿਮਾਚਲ ਦੇ ਮੂਲ ਨਿਵਾਸੀ ਦੀ ਬੇਟੀ ਦੇ ਵਿਆਹ ਲਈ ਪਹਿਲੀ ਵਾਰ ਹਿਮਾਚਲ ਆ ਰਹੇ ਹਨ। ਤਿੰਨਾਂ ਵਾਲੀ ਸੀਟ ਤੇ ਮੇਰੇ ਨਾਲ ਇਸ ਪਰਿਵਾਰ ਦਾ ਇੱਕ ਬੰਦਾ ਮੇਰੇ ਖੱਬੇ ਪਾਸੇ ਬੈਠਾ ਹੈ ਜਦਕਿ ਸੱਜੇ ਪਾਸੇ ਇੱਕ ਹੋਰ ਜਿੰਦਗੀ ਦੇ ਲਗਭਗ ਛੇ ਕੁ ਦਹਾਕੇ ਲੰਘਾ ਚੁੱਕਿਆ ਬੰਦਾ ਸਫਰ ਕਰ ਰਿਹਾ। ਦਿੱਲੀ ਵਾਲੇ ਪਰਿਵਾਰ ਦੇ ਮੈਂਬਰ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਹਨ ਜਿਨਾਂ ਤੋਂ ਹੀ ਇਹ ਪਤਾ ਲੱਗਿਆ ਕਿ ਉਹ ਵਿਆਹ ਵਿੱਚ ਸ਼ਾਮਿਲ ਹੋਣ ਲਈ ਆਏ ਹਨ। ਫਿਰ ਮੈਂ ਆਪ ਹੀ ਉਹਨਾਂ ਤੋਂ ਇੱਥੇ ਆਉਣ ਬਾਰੇ ਹੋਰ ਪੁੱਛ ਲਿਆ। ਉਹਨਾਂ ਦੇ ਨਿਆਣਿਆਂ ਦੀਆਂ ਗੱਲਾਂ ਤੋਂ ਜਾਪਦਾ ਸੀ ਕਿ ਉਹਨਾਂ ਨੂੰ ਧਾਮ ਖਾਣ ਬਾਰੇ ਬੜੀ ਉਤਸੁਕਤਾ ਹੈ। ਧਾਮ ਹਿਮਾਚਲ ਵਿੱਚ ਵਿਆਹ ਮੌਕੇ ਦਿੱਤੇ ਜਾਣ ਵਾਲੇ ਨਿਉਂਦੇ ਦੇ ਖਾਣੇ ਨੂੰ ਆਖਦੇ ਹਨ। ਜਿਸ ਵਿੱਚ ਪ੍ਰਮੁੱਖ ਤੌਰ ਤੇ ਚਾਵਲ, ਦਾਲ ਅਤੇ ਮਾਣੀ ਸ਼ਾਮਿਲ ਹੁੰਦੀ ਹੈ।

ਜਿਵੇਂ ਹੀ ਬਸ Punjab ਤੋਂ Himachal Pradesh ਵਿੱਚ ਦਾਖਲ ਹੁੰਦੀ ਹੈ ਤਾਂ ਮੇਰੇ ਸੱਜੇ ਪਾਸੇ ਬੈਠੇ ਵਿਅਕਤੀ ਦੇ ਚਿਹਰੇ ਤੇ ਇੱਕ ਵੱਖਰੀ ਮੁਸਕਾਨ ਆ ਜਾਂਦੀ ਹੈ। ਉਹ ਸਹਿਜ ਸੁਭਾਅ ਹੀ ਸਾਡੇ ਨਾਲ ਬੋਲਣਾ ਸ਼ੁਰੂ ਕਰ ਦਿੰਦਾ ਹੈ ਜੋ ਕਿ ਪਿਛਲੇ 10-15 ਕੁ ਮਿੰਟਾਂ ਤੋਂ ਚੁੱਪ ਚਾਪ ਬੈਠਾ ਸੀ। ਬਸ Pong ਡੈਮ ਦੇ ਬੰਨ ਤੇ ਬਣੀ ਸੜਕ ਉੱਤੋਂ ਲੰਘਣ ਲੱਗਦੀ ਹੈ ਤਾਂ ਉਹ ਪੂਰਾ ਚਹਿਕਦਾ ਹੋਇਆ ਸਾਨੂੰ ਡੈਮ ਵਿਖਾਉਣ ਲੱਗਦਾ ਹੈ। ਦੂਰ ਤੱਕ ਫੈਲੇ ਪਾਣੀ ਦਾ ਨਜ਼ਾਰਾ ਬਹੁਤ ਹੀ ਦਿਲ ਖਿਚਵਾਂ ਹੈ ਅਤੇ ਹੁਣ ਸੂਰਜ ਦਾ ਸੇਕ ਵੀ ਬਸ ਨੂੰ ਨਿੱਘਾ ਕਰ ਰਿਹਾ ਸੀ ਤਾਂ ਇਸ ਨੂੰ ਵੇਖਣ ਦਾ ਆਨੰਦ ਹੋਰ ਵੀ ਵਧੇਰੇ ਹੋ ਗਿਆ। ਸਰਦੀਆਂ ਵਿੱਚ ਤਾਂ ਇਸ ਡੈਮ ਦੇ ਇਲਾਕੇ ਵਿੱਚ ਧੁਰ ਉੱਤਰ ਦੇ ਠੰਡੇ ਮੁਲਕਾਂ ਤੋਂ ਵਿਦੇਸ਼ੀ ਮਹਿਮਾਨ ਅਨੇਕ ਪ੍ਰਜਾਤੀਆਂ ਦੇ ਪੰਛੀ ਵੀ ਆਉਂਦੇ ਹਨ। ਬੇਸ਼ੱਕ ਇਹ ਡੈਮ ਕੁਝ ਕਿਲੋਮੀਟਰਾਂ ਦੇ ਇਲਾਕੇ ਵਿੱਚ ਹੀ ਫੈਲਿਆ ਹੋਇਆ ਹੈ ਪਰ ਇਥੋਂ ਸਿੰਚਾਈ ਲਈ ਜਾਣ ਵਾਲਾ ਪਾਣੀ ਲੱਖਾਂ ਏਕੜ ਖੇਤੀ ਲਈ ਵਰਦਾਨ ਸਾਬਿਤ ਹੁੰਦਾ ਹੈ ਅਤੇ ਲੱਖਾਂ ਹੀ ਪਰਿਵਾਰਾਂ ਦੀ ਰੋਜ਼ੀ ਰੋਟੀ ਉਸ ਖੇਤੀ ਤੋਂ ਚਲਦੀ ਹੈ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਆਰਥਿਕਤਾ ਦਾ ਅਸਲ ਆਧਾਰ ਪੰਜਾਬ ਹਿਮਾਚਲ ਦੀ ਹੱਦ ਤੇ ਬਣੇ ਵੱਖ ਵਖ ਡੈਮ ਹੀ ਹਨ। ਦਿੱਲੀ ਵਾਲੇ ਪਰਿਵਾਰ ਨੇ ਇੱਥੋਂ ਦੇ ਸਾਫ ਵਾਤਾਵਰਨ ਅਤੇ Delhi ਦੇ ਪ੍ਰਦੂਸ਼ਣ ਦੀ ਤੁਲਨਾਤਮਕ ਟਿੱਪਣੀ ਰੱਖੀ। ਨਾਲ ਬੈਠਾ ਹਿਮਾਚਲੀ ਵੀ ਦਿੱਲੀ ਵਿਖੇ ਨੌਕਰੀ ਕਰਦਾ ਹੈ ਅਤੇ ਉਹ ਵੀ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਚ ਸ਼ਾਮਿਲ ਹੋਣ ਲਈ ਹੀ ਆ ਰਿਹਾ ਸੀ। ਹਿਮਾਚਲ ਦੇ ਸਾਫ ਵਾਤਾਵਰਨ ਦੀ ਵਡਿਆਈ ਸੁਣ ਕੇ ਉਸਨੂੰ ਹੋਰ ਵੀ ਚੰਗਾ ਲੱਗਿਆ। ਆਖਿਰਕਾਰ ਕੋਈ ਉਸਦੀ ਜੰਮਣ ਭੋਂਏ ਦੀ ਤਾਰੀਫ ਕਰ ਰਿਹਾ ਸੀ। ਤਦ ਤੱਕ ਬਸ #ਖਜਿਆੜ ਪਹੁੰਚ ਜਾਂਦੀ ਹੈ। ਹਿਮਾਚਲ ਵਾਲਾ ਸਖਸ ਸਹਜ ਸੁਭਾਅ ਸਾਨੂੰ ਪੁੱਛਦਾ ਹੈ ਕਿ ਤੁਸੀਂ ਵੈਜ ਹੋ ਜਾਂ ਨੋਨ ਵੈਜ। ਫਿਰ ਉਹ ਆਪ ਹੀ ਦੱਸਣ ਲੱਗਦਾ ਹੈ ਕਿ ਖਜਿਆੜ ਵਿੱਚ ਮੱਛੀ ਬਹੁਤ ਵਧੀਆ ਪਕਾਈ ਜਾਂਦੀ ਹੈ ਜੇ ਤੁਸੀਂ ਖਾਂਦੇ ਹੋ ਤਾਂ ਇਥੇ ਮੱਛੀ ਜਰੂਰ ਖਾ ਕੇ ਜਾਇਓ। ਇਸ ਤੋਂ ਅੱਗੇ ਹੀ ਮਾਣਗੜ ਪਿੰਡ ਆ ਜਾਂਦਾ ਹੈ ਅਤੇ ਫਿਰ ਦਿੱਲੀ ਵਾਲੇ ਵੱਡੇ ਪਰਿਵਾਰ ਦੇ ਲੋਕ ਇੱਥੇ ਉਤਰ ਜਾਂਦੇ ਹਨ। ਹੁਣ ਮੈਂ ਉਸ ਹਿਮਾਚਲ ਦੇ ਸ਼ਖਸ ਤੋਂ ਹੋਰ ਸਥਾਨਕ ਜਾਣਕਾਰੀਆਂ ਹਾਸਲ ਕਰਨ ਲੱਗਦਾ ਹਾਂ ਕਿਉਂਕਿ ਉਸ ਦਾ ਪਿੰਡ ਵੀ ਹੋਰ 20-30 ਕਿਲੋਮੀਟਰ ਅੱਗੇ ਆ ਜਾਣਾ ਸੀ ਅਤੇ ਮੈਂ ਚਾਹੁੰਦਾ ਸੀ ਕਿ ਉਸ ਤੋਂ ਇਸ ਇਲਾਕੇ ਦੇ ਸਥਾਨਕ ਪੱਖਾਂ ਬਾਰੇ ਜਾਣਕਾਰੀ ਹਾਸਿਲ ਕਰਾਂ। ਵੈਸੇ ਮੈਂ ਦੱਸ ਦਿਆ ਮੈਂ ਇਸ ਬੱਸ ਵਿੱਚ ਤਲਵਾੜੇ ਤੋਂ ਜਸੂਰ ਤੱਕ ਦਾ ਸਫਰ ਕਰ ਰਿਹਾ ਸੀ।
ਪੰਜਾਬ ਦਾ ਹਿੱਸਾ ਰਹੇ ਇਲਾਕੇ ਦੇ ਸਫਰ ਵਾਲੇ ਸਿਰਲੇਖ ਦੀ ਗੱਲ ਨੂੰ ਅਗਲੀ ਕੜੀ ਵਿਚ ਅੱਗੇ ਤੋਰਾਂਗੇ।
ਚਲਦਾ
No comments:
Post a Comment