Monday, December 1, 2025

ਪੰਜਾਬ ਦਾ ਹਿੱਸਾ ਰਹੇ ਇਲਾਕੇ ਵੱਲ ਨੂੰ ਸਫ਼ਰ 2

हिंदी में पढ़ने के लिए जहाँ क्लिक करें          

To read in English Click Here

ਭਾਵੇਂ ਬੱਸ ਦਿੱਲੀ ਤੋਂ ਚੰਬੇ ਤੱਕ ਦੇ ਬਹੁਤ ਲੰਬੇ ਰੂਟ ਵਾਲੀ ਸੀ ਪਰ ਜਿਉਂ ਹੀ ਇਹ ਹਿਮਾਚਲ ਵਿੱਚ ਦਾਖਲ ਹੋਈ ਤਾਂ ਇਹ ਹਰੇਕ ਪਿੰਡ ਦੇ ਅੱਡੇ ਤੇ ਰੁਕ ਰਹੀ ਸੀ। ਇਸ ਕਾਰਨ ਸਫਰ ਹੌਲੀ ਹੌਲੀ ਨਿਬੜ ਰਿਹਾ ਸੀ। ਮੈਂ ਆਪਣੇ ਨਾਲ ਸਫਰ ਕਰ ਰਹੇ ਹਿਮਾਚਲੀ ਨਾਲ ਗੱਲ ਕਰਦਾ ਹਾਂ ਤਾਂ ਉਹ ਦੱਸਦਾ ਹੈ ਕਿ ਤਲਵਾੜਾ ਤੋਂ ਜਾਸੂਰ ਵਾਲੀ ਇਸ ਸੜਕ ਤੇ ਨਾਲ ਨਾਲ ਹੁਣ ਆਬਾਦੀ ਵਧ ਰਹੀ ਹੈ । ਇਸ ਮੁੱਖ ਸੜਕ ਤੋਂ ਹਟਵੇਂ ਪਿੰਡਾਂ ਤੋਂ ਵੀ ਲੋਕ ਮੁੱਖ ਸੜਕ ਦੇ ਨਾਲ ਆ ਕੇ ਰਹਿਣ ਲੱਗੇ ਹਨ ਕਿਉਂਕਿ ਸੜਕ ਨਾਲ ਹੀ ਰੁਜ਼ਗਾਰ ਹੈ। ਉਹ ਦੱਸਦਾ ਹੈ ਕਿ ਇਸ ਸੜਕ ਦੇ ਨਾਲ ਨਾਲ ਹੁਣ ਪ੍ਰੋਪਰਟੀ ਖਰੀਦਣੀ ਬਹੁਤ ਮਹਿੰਗੀ ਹੋ ਗਈ ਹੈ।

         ਮੈਂ ਪਿੰਡਾਂ ਦੇ ਜੀਵਨ ਬਾਰੇ ਪੁੱਛ ਰਿਹਾ ਸੀ ਕਿ ਅਗਲੇ ਪਿੰਡ ਦੇ ਅੱਡੇ ਨੇੜੇ ਇੱਕ ਗੁੰਬਦ ਵਰਗੀ ਵੱਡੀ ਟੈਂਕੀ ਨੂੰਮਾ ਢਾਂਚਾ ਦਿਖਾਈ ਦਿੱਤਾ। ਮੇਰੇ ਸਹਿਯਾਤਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਪੀਣ ਦਾ ਪਾਣੀ ਹਰ ਪਿੰਡ ਤੱਕ ਸਰਕਾਰ ਨੇ ਪਹੁੰਚਾਇਆ ਹੋਇਆ ਹੈ ਅਤੇ ਟੂਟੀ ਰਾਹੀਂ ਪਾਣੀ ਪਹੁੰਚਦਾ ਹੈ। ਉਹ ਆਪਣੇ ਪਿੰਡ ਮਕਡੋਲੀ ਦਾ ਜ਼ਿਕਰ ਕਰਦਿਆਂ ਦੱਸਦਾ ਹੈ ਕਿ ਉਸ ਦੇ ਪਿੰਡ ਪਾਣੀ ਉਦੋਂ ਪਹੁੰਚਿਆ ਸੀ ਜਦੋਂ Punjab ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਸੀ। ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਹਿਮਾਚਲ ਦਾ ਇਹ ਕਾਂਗੜੇ ਵਾਲਾ ਹਿੱਸਾ ਵੀ ਪੰਜਾਬ ਦਾ ਹੀ ਭਾਗ ਹੁੰਦਾ ਸੀ। ਉਹ ਦੱਸਦਾ ਹੈ ਕਿ ਪਾਣੀ ਧਰਤੀ ਥੱਲੋਂ ਕੱਢਣ ਲਈ ਸਰਕਾਰ ਵੱਲੋਂ ਟਿਊਬਵੈਲ ਵੀ ਲਗਾਏ ਗਏ ਹਨ ਅਤੇ ਇੱਥੋਂ ਪਾਣੀ ਦੀ ਸਪਲਾਈ ਪਿੰਡਾਂ ਵਿੱਚ ਬਣੀਆਂ ਵੱਡੀਆਂ ਟੈਂਕੀਆਂ ਤੱਕ ਹੁੰਦੀ ਹੈ ਤੇ ਫਿਰ ਉਹਨਾਂ ਟੈਂਕੀਆਂ ਤੋਂ ਅੱਗੇ ਘਰਾਂ ਤੱਕ ਪਾਣੀ ਦੀ ਸਪਲਾਈ ਹੁੰਦੀ ਹੈ। ਇਸ ਤੋਂ ਬਿਨਾਂ ਸਰਕਾਰ ਨੇ ਖੇਤੀ ਲਈ ਸਪਲਾਈ ਦੇਣ ਲਈ ਵੀ ਕੁਝ ਟਿਊਬਲ ਲਾਏ ਹਨ।
        ਪੋਂਗ ਡੈਮ ਦੇ ਨੇੜੇ ਦੇ ਇਲਾਕਿਆਂ ਵਿੱਚ ਧਰਤੀ ਹੇਠਲਾ ਪਾਣੀ ਉੱਪਰ ਹੈ ਪਰ ਜਿਵੇਂ ਹੀ ਹੋਰ ਉਚੇਰੇ ਪਾਸੇ ਵੱਲ ਜਾਂਦੇ ਹਾਂ ਤਾਂ ਧਰਤੀ ਹੇਠ ਪਾਣੀ ਹੋਰ ਡੂੰਘਾ ਚਲਾ ਜਾਂਦਾ ਹੈ। ਮੇਰੇ ਸਹਿਯਾਤਰੀ ਦਾ ਪਿੰਡ ਪੌਂਗ ਡੈਮ ਤੋਂ ਕੋਈ 30 ਕੁ ਕਿਲੋਮੀਟਰ ਦੂਰ ਮੁੱਖ ਸੜਕ ਤੋਂ ਪੱਛਮ ਵਾਲੇ ਪਾਸੇ ਨੂੰ ਹਟਵਾਂ ਸੀ । ਉਹ ਦੱਸਦਾ ਹੈ ਕਿ ਉਸਦੇ ਇਲਾਕੇ ਵਾਲੇ ਪਿੰਡ ਸੋਕੇ ਵਾਲੇ ਹਾਲਾਤਾਂ ਵਾਲੇ ਪਿੰਡ ਹਨ ਕਿਉਂਕਿ ਉੱਥੇ ਧਰਤੀ ਹੇਠਲਾ ਪਾਣੀ ਵੀ ਬਹੁਤ ਡੂੰਘਾ ਹੈ।
        ਸੜਕ ਦੇ ਦੋਨੇ ਪਾਸੇ ਕਾਫੀ ਆਬਾਦੀ ਹੈ। ਪਿੰਡ ਨੇੜੇ ਨੇੜੇ ਆ ਰਹੇ ਹਨ। ਹਾਲਾਂਕਿ ਪਿੰਡਾਂ ਦਾ ਆਕਾਰ ਛੋਟਾ ਹੈ। ਢਲਾਣਦਾਰ ਛੱਤਾਂ ਜੋ ਪਹਾੜੀ ਘਰਾਂ ਦੀ ਨਿਸ਼ਾਨੀ ਹੁੰਦੀ ਹੈ ਉਹ ਹੁਣ ਬਹੁਤ ਘੱਟ ਹਨ । ਜਿਆਦਾਤਰ ਮਕਾਨ ਪੱਕੇ ਅਤੇ ਲੈਟਰ ਵਾਲੇ ਸਨ। ਜੋ ਇਹਨਾਂ ਲੋਕਾਂ ਦੀ ਆਰਥਿਕਤਾ ਠੀਕ ਠਾਕ ਹੋਣ ਦੀ ਗਵਾਹੀ ਭਰਦੇ ਹਨ ।
        ਮੇਰੇ ਉਸੇ ਸਹਿਯਾਤਰੀ ਨੇ ਦੱਸਿਆ ਕਿ ਇਸ ਵਾਲੇ ਇਲਾਕੇ ਵਿੱਚ ਟੂਰਿਸਟ ਘੱਟ ਹਨ ਅਤੇ ਇੱਥੋਂ ਦੇ ਜਿਆਦਾਤਰ ਲੋਕ ਜਾਂ ਤਾਂ ਫੌਜ ਵਿੱਚ ਹਨ ਜਾਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਲਈ ਬਾਹਰ ਰਹਿੰਦੇ ਹਨ ਅਤੇ ਪਿੱਛੇ ਉਹਨਾਂ ਦੇ ਪਰਿਵਾਰ ਆਪਣੇ ਪਿੰਡਾਂ ਵਿੱਚ ਰਹਿੰਦੇ ਹਨ। ਉਹ ਖੁਦ ਵੀ 42 ਸਾਲਾਂ ਤੋਂ ਦਿੱਲੀ ਵਿਖੇ ਨੌਕਰੀ ਕਰ ਰਿਹਾ ਹੈ।
        ਗੱਲਾਂ ਗੱਲਾਂ ਵਿੱਚ ਇਸ ਬਸ ਰੂਟ ਦਾ ਵੀ ਜ਼ਿਕਰ ਕਰਦਿਆਂ ਦੱਸਦਾ ਹੈ ਕਿ ਜਦੋਂ ਤੋਂ ਉਹ ਦਿੱਲੀ ਗਿਆ ਹੈ ਉਦੋਂ ਤੋਂ ਇਹ ਬੱਸ ਰੂਟ ਚੱਲ ਰਿਹਾ ਹੈ। ਰਾਤ ਸਾਢੇ 10 ਵਜੇ ਦਿੱਲੀ ਤੋਂ ਸਵੇਰੇ 9 ਵਜੇ ਤਲਵਾੜਾ ਹੁੰਦੇ ਹੋਏ ਸ਼ਾਮ ਨੂੰ ਚੰਬੇ ਪਹੁੰਚਦੀ ਹੈ। ਉਹ ਇਹ ਵੀ ਦੱਸਦਾ ਹੈ ਕਿ ਸੜਕਾਂ ਵਧੀਆ ਹੋ ਜਾਣ ਦੇ ਬਾਵਜੂਦ ਵੀ ਇਸ ਬੱਸ ਦਾ ਦਿੱਲੀ ਤੋਂ ਚੱਲਣ ਦਾ ਸਮਾਂ ਅਤੇ ਚੰਬੇ ਪਹੁੰਚਣ ਦਾ ਸਮਾਂ ਨਹੀਂ ਬਦਲਿਆ ਭਾਵ ਜਿੰਨਾ ਸਮਾਂ ਇਹ 40 ਸਾਲ ਪਹਿਲਾਂ ਸਫਰ ਮੁਕੰਮਲ ਕਰਨ ਵਿੱਚ ਲੈਂਦੀ ਸੀ ਅੱਜ ਵੀ ਉਹਨਾਂ ਹੀ ਸਮਾਂ ਲੈਂਦੀ ਹੈ।
        ਬੱਸ ਨੇ ਅੱਗੋਂ ਜਸੂਰ ਤੋਂ ਪਠਾਣਕੋਟ ਹੁੰਦੇ ਹੋਏ ਚੰਬੇ ਤੱਕ ਜਾਣਾ ਸੀ। ਬੱਸ ਵਿੱਚ ਪਠਾਨਕੋਟ ਦੀ ਵੀ ਇੱਕ ਸਵਾਰੀ ਸਾਥੋਂ ਅਗਲੀ ਸੀਟ ਤੇ ਬੈਠੀ ਸੀ। ਉਸ ਨੂੰ ਵੀ ਮੇਰੇ ਸਹਿ ਯਾਤਰੀ ਨੇ ਸੋਹਣੀ ਸਲਾਹ ਦਿੰਦਿਆਂ ਦੱਸਿਆ ਕਿ ਜੇਕਰ ਪਠਾਨਕੋਟ ਜਾਣਾ ਹੋਵੇ ਤਾਂ ਇਹ ਵਾਲਾ ਰੂਟ ਸਹੀ ਨਹੀਂ। ਦਿੱਲੀ ਤੋਂ ਬਾਇਆ ਲੁਧਿਆਣਾ ਪਠਾਣਕੋਟ ਤੇ ਇਸ ਰੂਪ ਨਾਲੋਂ ਚਾਰ ਘੰਟੇ ਘੱਟ ਸਮੇਂ ਵਿੱਚ ਪਹੁੰਚਿਆ ਜਾ ਸਕਦਾ ਹੈ। ਅਸਲ ਵਿੱਚ ਮੇਰਾ ਸਹਿਯਾਤਰੀ ਜੋ ਪਹਿਲਾਂ ਗੁੰਮ ਸੁੰਮ ਬੈਠਾ ਸੀ ਹੁਣ ਆਪਣੇ ਹਿਮਾਚਲ ਦੀਆਂ ਵਾਦੀਆਂ ਨੂੰ ਵੇਖ ਕੇ ਖੁੱਲ ਕੇ ਗੱਲਾਂ ਕਰਨ ਲੱਗਿਆ ਸੀ।
ਚਲਦਾ....

ਤੀਜਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ

No comments:

Post a Comment

ਪੰਜਾਬ ਦਾ ਸਭ ਤੋਂ ਉੱਚਾ ਸ਼ਿਵ ਮੰਦਰ

ਅਪ੍ਰੈਲ ਮਹੀਨੇ ਦੀ ਇਕ ਸ਼ਾਮ। ਮੈਂ ਤਲਵਾੜੇ Talwara ਤੋਂ ਸਫਰ ਸ਼ੁਰੂ ਕੀਤਾ। ਮੰਜਿਲ ਸੀ, Punjab ਦਾ ਸਭ ਤੋਂ ਉੱਚਾ ਸ਼ਿਵ ਮੰਦਰ Shiv Temple । ਵੈਸੇ ਤਾਂ ਇਸ ਮੰਦਰ ਤੱਕ ...