Monday, December 1, 2025

ਕਾਂਗੜੇ ਦੀ ਕ੍ਰਿਸ਼ੀ - ਨੂਰਪੁਰ ਯਾਤਰਾ 3

 हिंदी में पढ़ने के लिए  यहाँ क्लिक करें
To Read in English Click Here 
ਬੱਸ ਲਗਾਤਾਰ #ਜਸੂਰ ਵੱਲ ਵੱਧ ਰਹੀ ਹੈ। ਸੜਕ ਕਿਨਾਰੇ ਲੱਗੇ ਰੁੱਖ-ਬੂਟੇ ਪਿੱਛੇ ਵੱਲ ਦੌੜਦੇ ਪ੍ਰਤੀਤ ਹੁੰਦੇ ਹਨ। ਸੜਕ ਕਿਨਾਰੇ ਨਿੱਕੇ ਨਿੱਕੇ ਖੇਤ ਹਨ। ਕਣਕ ਦੀ ਬਿਜਾਈ ਕੀਤੀ ਹੋਈ ਹੈ। ਪਰ ਕਿਤੇ ਵੀ ਕਣਕ ਨੂੰ ਕੋਰ (ਬਿਜਾਈ ਤੋਂ ਬਾਅਦ ਪਹਿਲੀ ਸਿੰਚਾਈ) ਨਹੀਂ ਲਗਾਈ ਸੀ। ਖੇਤਾਂ ਵਿਚ ਖੁਸ਼ਕੀ ਸੀ ਕਿਉਂਕਿ ਕਈ ਦਿਨਾਂ ਤੋਂ ਬਾਰਿਸ਼ ਨਹੀਂ ਸੀ ਪਈ। ਕਿਤੇ ਕਿਤੇ ਟਾਂਵੇ ਖੇਤ ਦੀ ਗੁੱਠ ਵਿਚ ਸਬਜੀਆਂ ਦੀ ਕਾਸਤ ਵੀ ਕੀਤੀ ਹੋਈ ਦਿੱਖਦੀ ਸੀ। ਖੇਤਾਂ ਵਿਚ ਪਿੱਛਲੀ ਫਸਲ ਮੱਕੀ ਦੇ ਟਾਂਡੇ ਸਿਆਲਾਂ ਵਿਚ ਪਸ਼ੂ ਚਾਰੇ ਵਜੋਂ ਵਰਤਨ ਲਈ ਸੰਭਾਲੇ ਹੋਏ ਸਨ। ਕਿਸੇ ਹਰੇ ਭਰੇ ਦਰੱਖਤ ਦੇ ਮੁੱਢ ਨਾਲ ਇੰਨ੍ਹਾਂ ਨੂੰ ਇਸ ਤਰਾਂ ਬੰਨਿਆ ਹੋਇਆ ਸੀ ਕਿ ਮੀਂਹ ਦਾ ਪਾਣੀ ਇਸ ਸੁੱਕੇ ਚਾਰੇ ਨੂੰ ਘੱਟ ਤੋਂ ਘੱਟ ਖਰਾਬ ਕਰੇ ਅਤੇ ਮੀਂਹ ਦਾ ਪਾਣੀ ਨਾਲੋ ਨਾਲ ਨੂੱਚੜ ਜਾਵੇ।ਕਿਤੇ ਕਿਤੇ ਝੋਨੇ ਦੀ ਪਰਾਲੀ ਵੀ ਗੋਲ ਗੋਲ ਢੇਰ ਬਣਾ ਕੇ ਸੰਭਾਲੀ ਹੋਈ ਸੀ।

ਮੈਂ ਸਹਿਯਾਤਰੀ ਨੂੰ ਇੱਥੋਂ ਦੀ ਖੇਤੀ ਬਾਰੇ ਪੁੱਛਦਾ ਹਾਂ। ਉਹ ਜਿਵੇਂ ਆਪਣੇ ਹਿਮਾਚਲ ਬਾਰੇ ਮੈਨੂੰ ਹਰ ਗੱਲ ਦੱਸਣ ਲਈ ਕਾਹਲਾ ਹੋਵੇ। ਪਿੱਛੇ ਰਹਿ ਗਏ ਪੌਂਗ ਡੈਮ ਵੱਲ ਇਸ਼ਾਰਾ ਕਰਕੇ ਕਹਿਣ ਲੱਗਿਆ ਕਿ ਡੈਮ ਦੇ ਨੇੜੇ ਦੇ ਥਾਂਵਾਂ ਤੇ ਜਿੱਥੋਂ ਤੱਕ ਬਰਸਾਤਾਂ ਦੀ ਰੁੱਤ ਵਿਚ ਪਾਣੀ ਜਮੀਨਾਂ ਦੇ ਹੋਰ ਨੇੜੇ ਆ ਜਾਂਦਾ ਹੈ ਉਥੋਂ ਤੱਕ ਲੋਕ ਝੋਨਾ ਵੀ ਲਗਾਉਂਦੇ ਹਨ। ਬਾਕੀ ਉਪਰ ਮੱਕੀ ਲਗਾਉਂਦੇ ਹਨ। ਉਹ #ਕਾਂਗੜਾ ਜ਼ਿਲ੍ਹੇ ਦੇ Punjab ਨਾਲ ਲੱਗਦੇ ਹਿੱਸਿਆਂ ਵਿਚ ਖੇਤੀ ਦੀ ਜਾਣਕਾਰੀ ਦੇ ਰਿਹਾ ਸੀ। ਉਸ ਆਖਿਆ, ਖੇਤ ਭਾਂਵੇਂ ਛੋਟੇ ਹਨ ਪਰ ਖੇਤੀ ਹੁਣ ਟਰੈਕਟਰਾਂ ਨਾਲ ਹੀ ਹੁੰਦੀ ਹੈ। ਇਸ ਦਾ ਸਬੂਤ ਸੀ ਕਿ ਮੇਰੇ ਇਸ 60 ਕੁ ਕਿਲੋਮੀਟਰ ਸਫਰ ਵਿਚ ਮੈਂ ਟਰੈਕਟਰਾਂ ਦੀਆਂ ਤਿੰਨ ਏਂਜਸੀਆਂ ਦੇਖੀਆ। ਮਤਲਬ ਜਿੱਥੇ ਗਏ ਬਾਣੀਏ ਉਥੇ ਗਏ ਬਜਾਰ ਦਾ ਉਲਟ ਜਿੱਥੇ ਸਮਾਨ ਦੀ ਮੰਗ ਹੋਵੇਗੀ ਉਥੇ ਵਪਾਰੀ ਤਾਂ ਹੱਟੀ ਪਾਵੇਗਾ ਹੀ।
ਫਿਰ ਉਹ ਆਪ ਹੀ ਦੱਸਣ ਲੱਗਿਆ ਕਿ ਹੁਣ ਖੇਤੀ ਘਟ ਰਹੀ ਹੈ। ਇਸ ਇਲਾਕੇ ਵਿਚ ਲੋਕ ਖੇਤੀ ਛੱਡ ਰਹੇ ਹਨ। ਮੈਂ ਹੈਰਾਨੀ ਨਾਲ ਪੁੱਛਿਆ ਕਿ ਅਜਿਹਾ ਕਿਉਂ। ਕਿਉਂਕਿ ਪੰਜਾਬ ਵਿਚ ਅਕਸਰ ਲੋਕ ਗੱਲਾਂ ਕਰਦੇ ਰਹਿੰਦੇ ਹਨ ਕਿ ਕਿਸਾਨਾਂ ਤੋਂ ਜਮੀਨ ਖੋਹਕੇ ਕੰਪਨੀਆਂ ਨੂੰ ਦੇਣ ਲਈ ਪਰਦੇ ਪਿੱਛੇ ਕੰਮ ਚੱਲ ਰਿਹਾ ਹੈ ਅਤੇ ਲੋਕ ਆਪਣੀਆਂ ਜਮੀਨਾਂ ਤੇ ਖੇਤੀ ਨਾਲ ਭਾਵਨਾਤਮਕ ਤੌਰ ਤੇ ਜੁੜੇ ਹੋਏ ਹਨ ਪਰ ਇੱਥੇ ਖੇਤੀ ਛੱਡ ਕਿਉਂ ਰਹੇ ਹਨ, ਮੇਰੀ ਇਹ ਜਾਣਨ ਦੀ ਦਿਲਚਸਪੀ ਪ੍ਰਗਟ ਹੁੰਦੀ ਹੈ।
ਉਹ ਆਖਦਾ ਹੈ ਕਿ ਇਸ ਇਲਾਕੇ ਵਿਚ ਹਿਰਨ, ਜੰਗਲੀ ਸੂਰ ਅਤੇ ਬਾਂਦਰ ਕਾਰਨ ਕਿਸਾਨ ਬਹੁਤ ਦੁੱਖੀ ਹਨ। ਹਿਰਨ ਬਕਰੀ ਵਾਂਗ ਸਾਰਾ ਖੇਤ ਚਰ ਜਾਂਦੇ ਹਨ, ਸੂਰ ਖੇਤ ਵਿਚੋਂ ਫਸਲਾਂ ਸਬਜੀਆਂ ਉਖਾੜ ਜਾਂਦੇ ਹਨ ਤੇ ਬਾਂਦਰ ਵੀ ਫਲ ਸਬਜੀਆਂ ਦਾ ਨੁਕਸਾਨ ਕਰਦੇ ਹਨ। ਇਸ ਲਈ ਖੇਤੀ ਕਰਨ ਨਾਲ ਲੋਕ ਖੇਤ ਨੂੰ ਉੰਝ ਹੀ ਛੱਡ ਰਹੇ ਹਨ। ਦੂਜਾ ਨਵੀਂ ਪੀੜ੍ਹੀ ਇੱਥੇ ਵੀ ਮਿੱਟੀ ਨਾਲ ਮਿੱਟੀ ਹੋਣ ਨੂੰ ਤਿਆਰ ਨਹੀਂ। ਹਾਂਲਾਕਿ ਉਹ ਆਖਦਾ ਹੈ ਕਿ ਸਾਡੀ ਉਪਜ ਜਹਿਰਾਂ ਅਤੇ ਖਾਦਾਂ ਤੋਂ ਬਹੁਤ ਹੱਦ ਤੱਕ ਸੁਰੱਖਿਅਤ ਹੁੰਦੀ ਹੈ। ਮੈਨੂੰ ਵੀ ਆਪਣੇ ਖੇਤ ਚੇਤੇ ਆ ਗਏ। ਜੰਗਲੀ ਸੂਰਾਂ ਤੋਂ ਤਾਂ ਅਸੀਂ ਵੀ ਬੜੇ ਔਖੇ ਹਾਂ।
ਬੱਸ ਅਗਲੇ ਅੱਡੇ ਤੇ ਮੁੜ ਰੁਕਦੀ ਹੈ ਤਾਂ ਇਕ ਵਾਰ ਫਿਰ ਸਾਡੀ ਗੱਲਾਂ ਦੀ ਲੜੀ ਟੁੱਟਦੀ ਹੈ।
ਚਲਦਾ ।

ਇਸ ਤੋਂ ਪਹਿਲਾਂ ਵਾਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋੋ।
ਨੂਰਪੁਰ ਯਾਤਰਾ ਦਾ ਭਾਗ ਪਹਿਲਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।

No comments:

Post a Comment

ਪੰਜਾਬ ਦਾ ਸਭ ਤੋਂ ਉੱਚਾ ਸ਼ਿਵ ਮੰਦਰ

ਅਪ੍ਰੈਲ ਮਹੀਨੇ ਦੀ ਇਕ ਸ਼ਾਮ। ਮੈਂ ਤਲਵਾੜੇ Talwara ਤੋਂ ਸਫਰ ਸ਼ੁਰੂ ਕੀਤਾ। ਮੰਜਿਲ ਸੀ, Punjab ਦਾ ਸਭ ਤੋਂ ਉੱਚਾ ਸ਼ਿਵ ਮੰਦਰ Shiv Temple । ਵੈਸੇ ਤਾਂ ਇਸ ਮੰਦਰ ਤੱਕ ...