Tuesday, March 17, 2026

ਪੰਚਮ ਤੀਰਥ—ਸ੍ਰੀ ਕਾਲੀਨਾਥ ਕਾਲੇਸ਼ਵਰ ਮਹਾਂਦੇਵ Sri Kalinath Kaleshavr Mahadev Mandir

ਗਰਲੀ ਤੋਂ ਅਸੀਂ ਇਕ ਤੰਗ ਪਹਾੜੀ ਸੜਕ ਰਾਹੀਂ ਅੱਗੇ ਵੱਧਦੇ ਹਾਂ ਤਾਂ 4-5 ਕਿਲੋਮੀਟਰ ਅੱਗੇ ਜਾ ਕੇ ਇਸ ਸੜਕ

ਰਾਹੀਂ ਬਿਆਸ ਨਦੀ ਦੇ ਕਿਨਾਰੇ ਤੇ ਪੁੱਜ ਜਾਂਦੇ ਹਾਂ। ਬਿਆਸ ਨਦੀ Beas River ਸਾਂਤ ਵਹਿ ਰਹੀ ਸੀ। ਹਵਾ ਵਿੱਚ ਇੱਕ ਅਗੰਮੀ ਮਹਿਕ ਸੀ, ਜਿਵੇਂ ਪਹਾੜਾਂ ਨੇ ਸਦੀਆਂ ਦੀ ਤਪੱਸਿਆ ਦਾ ਅਰਕ ਘੋਲਿਆ ਹੋਵੇ। ਮੈਂ ਤੇ ਮੇਰੀ ਪਤਨੀ ਕੁਝ ਦੇਰ ਨਦੀ ਕਿਨਾਰੇ ਬੈਠਦੇ ਹਾਂ ਤੇ ਅਨੰਤ ਕੁਦਰਤ ਨੂੰ ਆਪਣੇ ਧੁਰ ਅੰਦਰ ਤੱਕ ਮਹਿਸੂਸ ਕਰਦੇ ਹਾਂ। ਇੱਥੇ ਅਸੀਂ ਨਦੀ ਦੇ ਨਾਲ ਨਾਲ ਉਸ ਪਾਸੇ ਨੂੰ ਜਾਣ ਲੱਗਦੇ ਹਾਂ ਜਿਸ ਪਾਸੇ ਤੋਂ ਪਾਣੀ ਆ ਰਿਹਾ ਸੀ। ਨਦੀ ਦੇ ਦੱਖਣੀ ਕਿਨਾਰੇ ਤੇ ਇਕ ਪਾਸੇ ਡੁੰਘੀ ਖੱਡ ਵਿਚ ਨਦੀ ਵਹਿ ਰਹੀ ਸੀ ਤੇ ਦੂਜੇ ਪਾਸੇ ਸਨ ਉੱਚੀਆਂ ਪਹਾੜੀਆਂ, ਜੋ ਵਨਸਪਤੀ ਨਾਲ ਢਕੀਆ ਹੋਈਆਂ ਸੀ। ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਸਾਡੀ ਕਾਰ ਦੇ ਨਾਲ ਨਾਲ ਜਿਵੇਂ ਦੋ ਮੁਟਿਆਰਾ ਦੌੜ ਰਹੀਆਂ ਹੋਣ ਜਿਸ ਵਿਚੋਂ ਇਕ ਨੇ ਨੀਲੀ ਚੁੰਨੀ ਲਈ ਹੋਵੇ ਤੇ ਦੂਜੀ ਨੇ ਹਰੀ। ਥੋੜੀ ਦੇਰ ਵਿਚ ਹੀ ਅਸੀਂ ਸ੍ਰੀ ਕਾਲੀ ਨਾਥ ਕਾਲੇਸ਼ਵਰ ਮਹਾਂਦੇਵ ਮੰਦਰ Sri Kalinath Kaleshavr Mahadev Mandir ਤੇ ਪਹੁੰਚ ਜਾਂਦੇ ਹਾਂ। 

ਕਾਰ ਪਾਰਕ ਕਰਕੇ ਜਦ ਅਸੀਂ ਬਿਆਸ ਕਿਨਾਰੇ ਇਸ ਪੁਰਾਤਨ ਮੰਦਰ ਪਹੁੰਚੇ ਤਾਂ ਨਾਲ ਵਹਿ ਰਹੀ ਬਿਆਸ ਦੇ ਪਾਣੀਆਂ ਦੀ ਕਲ-ਕਲ ਸੁਣਾਈ ਦੇਣ ਲੱਗੀ, ਜੋ ਮਨ ਦੀਆਂ ਉਲਝਣਾਂ ਨੂੰ ਸ਼ਾਂਤ ਕਰਨ ਲਈ ਕਾਫ਼ੀ ਸੀ। ਬਿਆਸ ਕੁੰਡ Beas Kund ਤੋਂ ਨਿਕਲਣ ਵਾਲੀ ਬਿਆਸ ਇੱਥੋਂ ਥੋੜਾ ਅੱਗੇ ਆ ਕੇ ਮਨੁੱਖ ਵੱਲੋਂ ਬਣਾਏ ਮਹਾਂਕੁੰਡ ਪੋਂਗ ਡੈਮ Pong Dam ਵਿਚ ਆ ਕੇ ਵਿਸ਼ਰਾਮ ਕਰਦੀ ਹੈ, ਜਿਵੇਂ ਪਹਾੜਾਂ ਦੀ ਤੇਜ ਚਾਲ ਦੀ ਥਕਾਵਟ ਲਾਉਂਦੀ ਹੋਵੇ।

ਮੰਦਰ ਅੱਗੇ ਬਣੇ ਇਕ ਛੋਟੇ ਬਜਾਰ ਵਿਚੋਂ ਪੂਜਾ ਦੀ ਥਾਲੀ ਲੈਣ ਤੋਂ ਬਾਅਦ ਅਸੀਂ ਮੰਦਰ ਪਹੁੰਚਦੇ ਹਾਂ। ਮੰਦਰ ਦੇ ਮੁੱਖ ਦੁਆਰ ਦੇ ਅੰਦਰ ਮੁੱਖ ਮੰਦਰ ਤੋਂ ਇਲਾਵਾ ਕੁਝ ਹੋਰ ਛੋਟੇ ਮੰਦਰ ਵੀ ਹਨ। ਸੋਨ ਰੰਗੇ ਗੁੰਬਦਾਂ ਵਾਲੇ ਇਹ ਮੰਦਰ ਅਲੌਕਿਕ ਦ੍ਰਿਸ਼ ਸਿਰਜ ਰਹੇ ਹਨ ਜਿੱਥੇ ਆ ਕੇ ਮਨ ਦੁਨੀਆਵੀ ਉਲਝਣਾ ਤੋਂ ਮੁਕਤ ਹੋਇਆ ਪ੍ਰਤੀਤ ਹੁੰਦਾ ਹੈ। ਮੰਦਰ ਦੀ ਪੁਰਾਤਨ ਇਮਾਰਤਸ਼ਾਜ਼ੀ ਵਿੱਚ ਕਟੋਚ ਰਾਜਵੰਸ਼ (ਕਾਂਗੜਾ ਦੇ ਰਾਜੇ) ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਸਮੇਂ-ਸਮੇਂ 'ਤੇ ਇਸ ਮੰਦਰ ਦੀ ਸੇਵਾ ਸੰਭਾਲ ਅਤੇ ਨਵਿਆਉਣ ਦਾ ਕੰਮ ਕਰਵਾਇਆ।

ਮੰਦਰ ਦੇ ਅੰਦਰੂਨੀ ਗਰਭ-ਗ੍ਰਹਿ ਵਿੱਚ ਧਰਤੀ ਥੱਲੇ ਨੂੰ ਜਾ ਰਹੇ ਸਥਾਪਿਤ ਸ਼ਿਵਲਿੰਗ ਦੇ ਦਰਸ਼ਨ ਕਰਦਿਆਂ ਇੱਕ ਅਜੀਬ ਜਿਹੀ ਠੰਢਕ ਮਹਿਸੂਸ ਹੋਈ। ਧੂਫ਼-ਬੱਤੀਆਂ ਦੀ ਖੁਸ਼ਬੂ ਅਤੇ ਘੰਟੀਆਂ ਦੀ ਆਵਾਜ਼ ਨੇ ਮਾਹੌਲ ਨੂੰ ਬ੍ਰਹਿਮੰਡੀ ਬਣਾ ਦਿੱਤਾ ਸੀ। ਅੱਖਾਂ ਬੰਦ ਕਰਦਿਆਂ ਹੀ ਇੰਝ ਲੱਗਾ ਜਿਵੇਂ ਸਾਰੀ ਕਾਇਨਾਤ ਇੱਕੋ ਨੁਕਤੇ 'ਤੇ ਸਿਮਟ ਆਈ ਹੋਵੇ। ਇੱਥੇ ਮੰਗਣ ਲਈ ਕੁਝ ਨਹੀਂ ਸੀ, ਬੱਸ ਸ਼ੁਕਰਾਨਾ ਸੀ। 

ਅਸੀਂ ਇੱਥੇ ਮੰਦਰ ਵਿਚ ਨਤਮਸਤਕ ਹੋਣ ਤੋਂ ਬਾਅਦ ਕੁਝ ਦੇਰ ਬੈਠਦੇ ਹਾਂ ਅਤੇ ਪੁਜਾਰੀ ਤੋਂ ਇੱਥੋਂ ਦੀ ਕਥਾ ਸੁਣਦੇ ਹਾਂ।

ਪੁਜਾਰੀ ਕਥਾ ਸੁਣਾਉਣ ਲੱਗਦਾ ਹੈ, ਕਹਿੰਦੇ ਹਨ ਕਿ ਸਤਯੁਗ ਵਿਚ ਜਦੋਂ ਦੈਂਤਾਂ ਨੇ ਭਗਵਾਨ ਸ਼ਿਵ Lord Shiva ਤੋਂ ਵਰ ਪ੍ਰਾਪਤ ਕਰ ਲਏ ਤਾਂ ਉਨ੍ਹਾਂ ਨੇ ਧਰਤੀ ਤੇ ਆਪਣੇ ਜੁਲਮੋ ਸਿਤਮ ਨਾਲ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ। ਤ੍ਰਿਲੋਕੀ ਵਿਚ ਹਾਹਾਕਾਰ ਮੱਚ ਗਈ। ਦੇਵਤੇ ਪੰਚਾਇਤ ਰੂਪ ਵਿਚ ਭਗਵਾਨ ਸ਼ਿਵ ਜੀ ਕੋਲ ਮਦਦ ਦੀ ਗੁਹਾਰ ਲੈਕੇ ਪਹੁੰਚੇ। ਭਗਵਾਨ ਸ਼ਿਵ ਨੇ ਆਪਣੀ ਯੋਗਮਾਇਆ ਨਾਲ ਮਾਤਾ ਮਹਾਕਾਲੀ Mata Mahakali ਦੀ ਸਿਰਜਣਾ ਕੀਤੀ ਅਤੇ ਉਨ੍ਹਾਂ ਨੂੰ ਦੈਂਤਾਂ ਦਾ ਨਾਸ਼ ਕਰਨ ਲਈ ਭੇਜਿਆ। ਮਾਤਾ ਮਹਾਕਾਲੀ ਨੇ ਦੈਂਤ ਮਾਰ ਮੁਕਾਏ ਪਰ ਇਸ ਸੰਘਰਸ਼ ਵਿਚ ਉਹ ਬਹੁਤ ਕ੍ਰੋਧ ਵਿਚ ਆ ਗਏ। ਦੇਵਤਿਆਂ ਨੂੰ ਫਿਰ ਫਿਕਰ ਪਿਆ ਕਿ ਕਿਤੇ ਮਾਤਾ ਮਹਾਕਾਲੀ ਦਾ ਇਹ ਕ੍ਰੋਧ ਸ੍ਰਿਸ਼ਟੀ ਨੂੰ ਨਾ ਸਾੜ ਦੇਵੇ। ਉਹ ਫਿਰ ਭਗਵਾਨ ਦੇ ਦਰ ਤੇ ਆ ਸੁਆਲੀ ਬਣੇ। ਅਸੀਂ ਉਤਸੁਕਤਾ ਨਾਲ ਸੁਣ ਰਹੇ ਸੀ।

ਪੁਜਾਰੀ ਜੀ ਅੱਗੇ ਦੱਸਦੇ ਹਨ, ਭਗਵਾਨ ਸ਼ਿਵ ਮਾਨਵ ਰੂਪ ਵਿਚ ਮਾਤਾ ਮਹਾਕਾਲੀ ਦੇ ਰਾਹ ਵਿਚ ਲੇਟ ਗਏ। ਜਦ ਮਾਤਾ ਮਹਾਕਾਲੀ ਦਾ ਪੈਰ ਭਗਵਾਨ ਸ਼ਿਵ ਦੇ ਹਿਰਦੇ ਨੂੰ ਛੁਹਿਆ ਤਾਂ ਉਨ੍ਹਾਂ ਦਾ ਗੁੱਸਾ ਇਕਦਮ ਸ਼ਾਂਤ ਹੋ ਗਿਆ। ਪਰ ਹੁਣ ਮਾਤਾ ਮਹਾਕਾਲੀ ਨੂੰ ਪਸਚਾਤਾਪ ਹੋਣ ਲੱਗਿਆ ਕਿ ਉਨ੍ਹਾਂ ਨੇ ਆਪਣੇ ਪੈਰ ਨਾਲ ਭਗਵਾਨ ਸ਼ਿਵ ਨੂੰ ਛੁਹਿਆ ਹੈ ਜੋ ਸਭ ਦੇ ਅਰਾਧਿਆ ਹਨ। ਤਾਂ ਮਾਤਾ ਮਹਾਕਾਲੀ ਨੇ ਭਗਵਾਨ ਸ਼ਿਵ ਨੂੰ ਬੇਨਤੀ ਕੀਤੀ ਕਿ ਇਸ ਗੁਨਾਹ ਦੀ ਮਾਫੀ ਕਿਵੇਂ ਮਿਲੇ। ਭਗਵਾਨ ਸ਼ਿਵ ਨੇ ਉਨ੍ਹਾਂ ਨੂੰ ਇਸ ਥਾਂ ਤੇ ਤਪੱਸਿਆ ਕਰਨ ਲਈ ਕਿਹਾ। ਇੱਥੇ ਮੁੱਖ ਮੰਦਰ ਵਿਚ ਜੋ ਪਵਿੱਤਰ ਸ਼ਿਵ ਲਿੰਗ ਹੈ ਉਹ ਇਕ ਡੁੰਘੇ ਟੋਏ ਵਿਚ ਹੈ। ਇਹ ਹਰ ਸਾਲ ਚਾਵਲ ਦੇ ਦਾਣੇ ਜਿੰਨ੍ਹਾਂ ਨੀਚੇ ਜਾ ਰਿਹਾ ਹੈ। 

ਪੁਜਾਰੀ ਅੱਗੇ ਦੱਸਦਾ ਹੈ, ਜਦ ਇਹ ਪੂਰੀ ਤਰਾਂ ਧਰਤੀ ਵਿਚ ਸਮਾਂ ਜਾਵੇਗਾ ਤਾਂ ਕਲਯੁਗ ਦਾ ਅੰਤ ਹੋ ਜਾਵੇਗਾ। 

ਮੈਂ ਸੋਚਣ ਲੱਗਦਾ ਹਾਂ, ਫਿਰ ਸਤਯੁਗ ਵਿਚ ਸ਼ੁਰੂ ਹੋਈ ਇਹ ਇਕ ਮਹਾਕਥਾ ਚਾਰ ਯੁਗਾਂ ਤੱਕ ਫੈਲ ਜਾਵੇਗੀ। ਕਰਤੇ ਦੀ ਕਾਇਨਾਤ ਦਾ ਕੈਨਵਸ ਕਿੰਨਾ ਵੱਡਾ ਹੈ। 

ਇਸਦੇ ਨਾਲ ਹੀ ਇਕ ਪੰਚਤੀਰਥ ਮੰਦਰ Panchtirath Temple ਹੈ। ਸ੍ਰੀ ਕਾਲੀਨਾਥ ਕਾਲੇਸ਼ਵਰ ਮਹਾਂਦੇਵ Sri Kalinath Kaleshavr Mahadev Mandir ਤੋਂ ਬਾਅਦ ਅਸੀਂ ਇਸ ਮੰਦਰ ਵਿਚ ਪਹੁੰਚਦੇ ਹਾਂ। ਕਿਹਾ ਜਾਂਦਾ ਹੈ ਕਿ ਆਪਣੇ ਵਨਵਾਸ ਦੌਰਾਨ ਪਾਂਡਵ ਇੱਥੇ ਰੁਕੇ ਹੋਏ ਸਨ ਤਾਂ ਉਸ ਸਮੇਂ ਕੁੰਭ ਦਾ ਇਸ਼ਨਾਨ ਆ ਗਿਆ। ਜੰਗਲਵਾਸ ਕਰ ਰਹੇ ਪਾਂਡਵ ਅਤੇ ਦਰੋਪਤੀ ਕਾਸ਼ੀ ਨਹੀਂ ਜਾ ਸਕਦੇ ਸੀ ਇਸ ਲਈ ਪਾਂਡਵਾਂ ਨੇ ਪ੍ਰਭੂ ਦੀ ਅਰਾਧਨਾ ਕਰਕੇ ਤੀਰ ਮਾਰ ਕੇ ਇੱਥੇ ਹੀ ਇਕ ਜਲਧਾਰਾ ਪ੍ਰਗਟ ਕੀਤੀ।  ਕਹਿੰਦੇ ਹਨ ਕਿ ਇਹ ਅਸਥਾਨ ਉਨਾ ਹੀ ਪਵਿੱਤਰ ਹੈ ਜਿੰਨਾ ਕਾਸ਼ੀ (ਬਨਾਰਸ)। ਇਸ ਮੰਦਰ ਵਿਚ ਇਕ ਕੁੰਡ ਵਿਚ ਅੱਜ ਵੀ ਇਕ ਜਲ ਧਾਰਾ ਪਰਬਤ ਵਿਚੋਂ ਆਉਂਦੀ ਹੈ ਅਤੇ ਇੱਥੇ ਇਸਨਾਨ ਕਰਨ ਤੇ ਪੰਜ ਤੀਰਥਾਂ ਦੇ ਇਸ਼ਨਾਨ ਜਿੰਨ੍ਹਾਂ ਪੁੰਨ ਲੱਗਣ ਦੀ ਗੱਲ ਇੱਥੋਂ ਦੇ ਪੁਜਾਰੀ ਦੱਸਦੇ ਹਨ। 

ਨਾਲ ਵਹਿ ਰਹੀ ਬਿਆਸ ਦਾ ਨਿਰਮਲ ਪਾਣੀ ਇੰਨਾ ਪਾਰਦਰਸ਼ੀ ਕਿ ਨੀਚੇ ਪਏ ਪੱਥਰ ਵੀ ਮਨ ਦੇ ਕਿਸੇ ਸਾਫ਼ ਖ਼ਿਆਲ ਵਾਂਗ ਨਜ਼ਰ ਆ ਰਹੇ ਸਨ। ਇੱਥੇ ਬੈਠ ਕੇ ਮਹਿਸੂਸ ਹੋਇਆ ਕਿ ਮਨੁੱਖ ਕੁਦਰਤ ਦੇ ਕਿੰਨਾ ਕਰੀਬ ਹੈ। ਲਹਿਰਾਂ ਦੀ ਆਵਾਜ਼ 'ਓਮ ਨਮਹ ਸ਼ਿਵਾਏ' ਦੇ ਜਾਪ ਵਰਗੀ ਲੱਗ ਰਹੀ ਸੀ। ਸ਼ਰਧਾਲੂ ਪੰਜ ਤੀਰਥ ਕੁੰਡ Panj Tirath Kund ਦੇ ਪਵਿੱਤਰ ਜਲ ਵਿੱਚ ਇਸ਼ਨਾਨ ਕਰਕੇ ਆਪਣੇ ਮਨਾਂ ਦੀ ਮੈਲ ਧੋ ਰਹੇ ਸਨ। ਜਿਸ ਨੂੰ 'ਮਾਤ੍ਰਿਕਾ ਕੁੰਡ' ਵੀ ਕਿਹਾ ਜਾਂਦਾ ਹੈ। 

ਗੱਲ ਪਾਂਡਵਾਂ ਦੀ ਚੱਲੀ ਤਾਂ ਮਿਥਿਹਾਸਕ ਮਾਨਤਾਵਾਂ ਅਨੁਸਾਰ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ, ਜਦੋਂ ਪਾਂਡਵ ਆਪਣੇ ਬਨਵਾਸ (ਅਗਿਆਤਵਾਸ) ਦੌਰਾਨ ਇੱਥੇ ਰੁਕੇ ਸਨ, ਤਾਂ ਉਨ੍ਹਾਂ ਨੇ ਇਸ ਪਵਿੱਤਰ ਅਸਥਾਨ 'ਤੇ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ ਸੀ। ਇੱਕ ਪ੍ਰਚਲਿਤ ਕਥਾ ਹੈ ਕਿ ਪਾਂਡਵਾਂ ਨੇ ਇੱਥੇ ਬਿਆਸ ਨਦੀ ਦੇ ਕੰਢੇ ਤੋਂ ਸਵਰਗ ਤੱਕ ਪਹੁੰਚਣ ਲਈ 'ਸਵਰਗ ਦੀ ਪੌੜੀ' Stair to Heaven ਬਣਾਉਣ ਦੀ ਕੋਸ਼ਿਸ਼ ਕੀਤੀ ਸੀ।

ਸ਼ਰਤ ਇਹ ਸੀ ਕਿ ਇਹ ਪੌੜੀ ਇੱਕੋ ਰਾਤ ਵਿੱਚ ਮੁਕੰਮਲ ਹੋਣੀ ਚਾਹੀਦੀ ਸੀ।

ਪਾਂਡਵਾਂ ਨੇ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ, ਪਰ ਜਦੋਂ ਉਹ ਆਖਰੀ ਪੌੜੀ ਬਣਾ ਰਹੇ ਸਨ, ਤਾਂ ਭਗਵਾਨ ਨੇ ਉਨ੍ਹਾਂ ਦੀ ਪ੍ਰੀਖਿਆ ਲੈਣ ਲਈ ਮੁਰਗੇ ਦੀ ਬਾਂਗ ਦੀ ਆਵਾਜ਼ ਕੱਢ ਦਿੱਤੀ। ਪਾਂਡਵਾਂ ਨੂੰ ਲੱਗਾ ਕਿ ਸਵੇਰ ਹੋ ਗਈ ਹੈ ਅਤੇ ਕੰਮ ਅਧੂਰਾ ਰਹਿ ਗਿਆ। 

ਇਹ ਸਥਾਨ ਇਕ ਹੋਰ ਪੱਖ ਤੋਂ ਵੀ ਨਿਵੇਕਲਾ ਹੈ। ਇੱਥੇ ਬਿਆਸ ਨਦੀ ਦਾ ਉਲਟਾ ਵਹਾਅ (ਵਾਮ-ਵਾਹਿਨੀ) ਹੈ। ਇਸ ਅਸਥਾਨ ਦੀ ਸਭ ਤੋਂ ਵੱਡੀ ਭੂਗੋਲਿਕ ਅਤੇ ਅਧਿਆਤਮਿਕ ਖ਼ੂਬਸੂਰਤੀ ਇਹ ਹੈ ਕਿ ਇੱਥੇ ਬਿਆਸ ਨਦੀ ਦਾ ਵਹਾਅ ਉੱਤਰ ਵੱਲ (ਉਲਟੀ ਦਿਸ਼ਾ ਵਿੱਚ) ਹੋ ਜਾਂਦਾ ਹੈ। ਹਿੰਦੂ ਸ਼ਾਸਤਰਾਂ ਵਿੱਚ ਜਿੱਥੇ ਵੀ ਨਦੀ 'ਉੱਤਰ-ਵਾਹਿਨੀ' ਹੁੰਦੀ ਹੈ, ਉਸ ਸਥਾਨ ਨੂੰ ਬੇਹੱਦ ਪਵਿੱਤਰ ਅਤੇ ਮੁਕਤੀ ਪ੍ਰਦਾਨ ਕਰਨ ਵਾਲਾ ਮੰਨਿਆ ਜਾਂਦਾ ਹੈ। ਇਸੇ ਕਾਰਨ ਇਸ ਨੂੰ 'ਛੋਟਾ ਹਰਿਦੁਆਰ' ਵੀ ਕਿਹਾ ਜਾਂਦਾ ਹੈ।

ਧਾਰਮਿਕ ਗ੍ਰੰਥਾਂ ਅਨੁਸਾਰ, ਕਾਲੇਸ਼ਵਰ ਮਹਾਂਦੇਵ Sri Kalinath Kaleshavr Mahadev Mandir ਵਿੱਚ ਕੀਤਾ ਗਿਆ ਇਸ਼ਨਾਨ ਅਤੇ ਪੂਜਾ ਉਨੀ ਹੀ ਫਲਦਾਇਕ ਹੈ ਜਿੰਨੀ ਕਾਸ਼ੀ (ਬਨਾਰਸ) ਵਿੱਚ ਹੁੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਹਰਿਦੁਆਰ ਜਾਂ ਕਾਸ਼ੀ ਨਹੀਂ ਜਾ ਸਕਦਾ, ਤਾਂ ਕਾਲੇਸ਼ਵਰ ਦੇ ਦਰਸ਼ਨਾਂ ਨਾਲ ਹੀ ਉਸ ਨੂੰ ਮੁਕਤੀ ਮਿਲ ਜਾਂਦੀ ਹੈ। ਇੱਥੇ ਭਗਵਾਨ ਸ਼ਿਵ ਦਾ 'ਕਾਲੇਸ਼ਵਰ' (ਕਾਲ ਦੇ ਸੁਆਮੀ) ਰੂਪ ਵਿੱਚ ਹੋਣਾ ਇਸ ਨੂੰ ਮੌਤ ਅਤੇ ਮੁਕਤੀ ਦੇ ਮਹਾਤਮ ਨਾਲ ਜੋੜਦਾ ਹੈ।

ਜਦ ਅਸੀਂ ਗਰਲੀ ਤੋਂ ਚੱਲੇ ਸੀ ਤਾਂ ਸਾਨੂੰ ਇਸ ਮੰਦਰ ਦਾ ਪਤਾ ਲੱਗਿਆ ਸੀ ਅਤੇ ਇੱਥੋਂ ਤੱਕ ਆਏ ਸੀ, ਪਰ ਇੱਥੇ ਪੁੱਜ ਕੇ ਅੱਗੇ ਨੇੜੇ ਹੀ ਇਕ ਹੋਰ ਚੋਮੁੱਖ ਸ਼ਿਵ ਮੰਦਰ ਜਾਣ ਲਈ ਇਕ ਸਥਾਨਕ ਬਸਿੰਦਾ ਸਾਡਾ ਰਾਹ ਦਸੇਰਾ ਬਣਦਾ ਹੈ। ਸਾਡੇ ਕੋਲ ਟਾਇਮ ਤਾਂ ਬਹੁਤ ਸੀ ਅਸੀਂ ਵਾਪਿਸ ਮੁੜਨ ਦੀ ਬਜਾਏ ਅੱਗੇ ਨਦੌਨ ਵੱਲ ਜਾਂਦੀ ਸੜਕ ਤੇ ਗੱਡੀ ਪਾ ਲੈਂਦੇ ਹਾਂ। ਇਸਤੋਂ ਅਗਲੀ ਰੋਚਕ ਕਥਾ ਅਗਲੀ ਕੜੀ ਵਿਚ। 

ਇਸ ਨੂੰ ਹਿੰਦੀ ਵਿਚ ਪੜ੍ਹਨ ਲਈ ਨਿਮਨ ਲਿੰਕ ਤੇ ਕਲਿੰਕ ਕਰੋ।

पंचम तीर्थ — श्री कालीनाथ कालेेश्वर महादेव

ਇਸ ਲੜੀ ਦਾ ਇਸਤੋਂ ਪਹਿਲਾਂ ਭਾਗ ਪੜਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ।

ਦੇਸ਼ ਦੇ ਪਹਿਲੇ ਵਿਰਾਸਤੀ ਪਿੰਡ ਦੀ ਯਾਤਰਾ


No comments:

Post a Comment

ਪੰਜਾਬ ਦਾ ਸਭ ਤੋਂ ਉੱਚਾ ਸ਼ਿਵ ਮੰਦਰ

ਅਪ੍ਰੈਲ ਮਹੀਨੇ ਦੀ ਇਕ ਸ਼ਾਮ। ਮੈਂ ਤਲਵਾੜੇ Talwara ਤੋਂ ਸਫਰ ਸ਼ੁਰੂ ਕੀਤਾ। ਮੰਜਿਲ ਸੀ, Punjab ਦਾ ਸਭ ਤੋਂ ਉੱਚਾ ਸ਼ਿਵ ਮੰਦਰ Shiv Temple । ਵੈਸੇ ਤਾਂ ਇਸ ਮੰਦਰ ਤੱਕ ...