ਪਠਾਣੀਆਂ ਰਾਜਪੂਤ ਰਿਆਸਤ ਦੇ ਇਸ ਨੂਰਪੁਰ Nurpur ਦੇ ਕਿਲੇ ਦਾ ਨਿਰਮਾਣ ਵਾਸੂ ਨਾਂ ਦੇ ਰਾਜਾ ਸਮੇਂ ਸ਼ੁਰੂ ਹੋਇਆ ਸੀ, ਹਾਲਾਂਕਿ ਅਕਸਰ ਦੇਖਿਆ ਗਿਆ ਹੈ ਕਿ ਕਿਲਾ ਇੱਕ ਬਹੁਤ ਵੱਡਾ ਨਿਰਮਾਣ ਕਾਰਜ ਹੁੰਦਾ ਹੈ ਅਤੇ ਇਸਦਾ ਨਿਰਮਾਣ ਸੰਪੂਰਨਤਾ ਤੱਕ ਪਹੁੰਚਣ ਤੱਕ ਰਾਜਿਆਂ ਦੀਆਂ ਕਈ ਪੀੜੀਆਂ ਵੀ ਲੰਘ ਜਾਇਆ ਕਰਦੀਆਂ ਸਨ।
![]() |
| ਨੂਰਪੁਰ ਕਿਲੇ ਦਾ ਮੁੱਖ ਦਰਵਾਜਾ |
ਕਿਲੇ ਦੇ ਮੁੱਖ ਗੇਟ ਤੇ ਦੋਨੇ ਪਾਸੇ ਦੋ ਉੱਚੀਆਂ ਮੀਨਾਰ ਰੂਪੀ ਚੌਕੀਆਂ ਹਨ ਅਤੇ ਅੰਦਰ ਜਾਣ ਲਈ ਇੱਕ ਮਜਬੂਤ ਗੇਟ । ਇਹ ਕਿਲਾ ਗ੍ਰੇ ਰੰਗ ਦੇ ਹਿਮਾਚਲ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਮਿਲਣ ਵਾਲੇ ਪੱਥਰ ਤੋਂ ਹੀ ਬਣਿਆ ਹੋਇਆ ਹੈ ਅਤੇ ਜਿਸ ਤਰ੍ਹਾਂ ਦਾ ਪੱਥਰ ਰਾਜਸਥਾਨ ਦੇ ਕਿਲਿਆਂ ਵਿੱਚ ਦਿਖਾਈ ਦਿੰਦਾ ਹੈ ਉਸ ਤਰ੍ਹਾਂ ਦਾ ਇੱਥੇ ਸਿਰਫ ਇੱਕ ਪੱਥਰ ਦਾ ਟੁਕੜਾ ਹੀ ਲੱਗਿਆ ਹੋਇਆ ਦਿਖਾਈ ਦਿੱਤਾ ਜਿਸ ਦਾ ਜ਼ਿਕਰ ਅੱਗੇ ਕਰਾਂਗੇ।
ਕਿਲੇ ਦੇ ਉੱਚੇ ਦਰਵਾਜੇ ਰਾਹੀਂ ਅੰਦਰ ਆਉਂਦੇ ਹਾਂ ਤਾਂ ਦਰਵਾਜੇ ਦੇ ਦੋਵੇਂ ਪਾਸੇ ਪੌੜੀਆਂ ਚੜਦੀਆਂ ਦਿਖਾਈ ਦਿੰਦੀਆਂ ਹਨ ਜੋ ਦਰਵਾਜੇ ਦੇ ਸੱਜੇ ਖੱਬੇ ਬਣੀਆਂ ਉੱਚੀਆਂ ਨਿਗਰਾਨੀ ਚੌਂਕੀਆਂ ਤੱਕ ਜਾਂਦੀਆਂ ਹਨ। ਹਾਲਾਂਕਿ ਇਸ ਦੀ ਸਥਿਤੀ ਹੁਣ ਬਹੁਤ ਚੰਗੀ ਨਹੀਂ ਹੈ ਅਤੇ ਇਹ ਮੁੱਖ ਦਰਵਾਜ਼ਾ ਹੀ ਕਿਲੇ ਦਾ ਇੱਕੋ ਇੱਕ ਅਜਿਹਾ ਭਾਗ ਹੈ ਜੋ ਮੂਲ ਰੂਪ ਵਿੱਚ ਕਾਫੀ ਹੱਦ ਤੱਕ ਸੁਰੱਖਿਤ ਬਚਿਆ ਹੋਇਆ ਹੈ ਜਦਕਿ ਦਰਵਾਜ਼ੇ ਦੇ ਅੰਦਰ ਸਾਰੀਆਂ ਇਮਾਰਤਾਂ ਦੀਆਂ ਹੁਣ ਸਿਰਫ ਦੀਵਾਰਾਂ ਹੀ ਬਚੀਆਂ ਹਨ।
ਕਿਹਾ ਜਾਂਦਾ ਹੈ ਕਿ ਤੋਮਰ ਰਾਜਵੰਸ਼ ਦੇ ਰਾਜਾ ਜੇਠਪਾਲ ਨੇ ਗਿਆਰਵੀਂ ਸਦੀ ਵਿੱਚ ਇਸ ਪਠਾਣੀਆ ਰਾਜਵੰਸ਼ ਦੀ ਸ਼ੁਰੂਆਤ ਕੀਤੀ ਸੀ। ਨੂਰਪੁਰ ਦਾ ਪੁਰਾਣਾ ਨਾਂ ਧਮੇਰੀ ਸੀ। ਉਸ ਵੇਲੇ ਇਸ ਨੂੰ ਧਮੇਰੀ ਦਾ ਕਿਲਾ ਕਿਹਾ ਜਾਂਦਾ ਸੀ।
![]() |
| ਨੂਰਪੁਰ ਕਿਲੇ ਦੇ ਖੰਡਰ |
ਪੰਜਾਬ ਤੋਂ ਕਸ਼ਮੀਰ ਅਤੇ ਪਹਾੜੀ ਇਲਾਕਿਆਂ ਦੇ ਗੇਟਵੇ ਵਜੋਂ ਜਾਣੇ ਜਾਂਦੇ ਇਸ ਬਾਰੀ ਦੁਆਬ ਦੇ ਇਲਾਕੇ ਜੋ ਕਿ ਰਾਵੀ ਅਤੇ ਬਿਆਸ ਨਦੀਆਂ ਦੇ ਵਿਚਕਾਰਲਾ ਹਿੱਸਾ ਹੈ ਅੱਠ ਸਦੀਆਂ ਰਾਜਪੂਤ ਪਠਾਣੀਆਂ ਰਾਜਿਆਂ ਦਾ ਰਾਜ ਰਿਹਾ ਹੈ। ਹਾਲਾਂਕਿ ਇਹ ਮੁਕੰਮਲ ਤੌਰ ਤੇ ਹਰ ਸਮੇਂ ਆਜ਼ਾਦ ਨਹੀਂ ਰਹੇ ਸਗੋਂ ਮੁਗਲਾਂ ਦੇ ਸਮੇਂ ਇਹ ਮੁਗਲੀਆ ਸ਼ਾਸਕਾਂ ਦੀ ਅਧੀਨਗੀ ਅਧੀਨ ਇੱਥੇ ਰਾਜ ਕਰਦੇ ਰਹੇ ਹਨ।
ਧਮੇਰੀ ਦਾ ਨਾਂ 1622 ਵਿੱਚ ਮੁਗਲ ਪ੍ਰਭਾਵ ਹੇਠ ਹੀ ਨੂਰਪੁਰ ਰੱਖਿਆ ਗਿਆ। ਕਿਹਾ ਜਾਂਦਾ ਹੈ ਕਿ ਮੁਗਲ ਮਹਾਰਾਣੀ ਨੂਰ ਜਹਾਂ ਦੇ ਨਾਮ ਤੋਂ ਪ੍ਰੇਰਿਤ ਹੋ ਕੇ ਇਹ ਨਾਂ ਰੱਖਿਆ ਗਿਆ ਕਿਉਂਕਿ ਮਹਾਰਾਣੀ ਨੂਰ ਜਹਾਂ ਨੂੰ ਇਹ ਥਾਂ ਪਸੰਦ ਸੀ।
ਕਿਲੇ ਦੇ ਅੰਦਰ ਦਾਖਲ ਹੁੰਦਿਆਂ ਸੱਜੇ ਪਾਸੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਹੈ ਅਤੇ ਖੱਬੇ ਪਾਸੇ ਥੋੜਾ ਅੱਗੇ ਜਾ ਕੇ ਸਰਕਾਰੀ ਪ੍ਰਾਈਮਰੀ ਸਕੂਲ ਚਲਦਾ ਹੈ। ਹਾਲਾਂਕਿ ਪ੍ਰਾਇਮਰੀ ਸਕੂਲ ਦੀ ਪੂਰੀ ਇਮਾਰਤ ਨਵੀਂ ਬਣੀ ਹੋਈ ਹੈ ਅਤੇ ਸੀਨੀਅਰ ਸੈਕੈਂਡਰੀ ਸਕੂਲ ਦੀ ਇਮਾਰਤ ਦੀ ਇੱਕ ਵੱਡੇ ਸ਼ੈਡ ਦੇ ਹੇਠ ਬਣੇ ਕਮਰਿਆਂ ਅੰਦਰ ਚਲਦੀ ਹੈ।
ਨੂਰਪੁਰ ਸ਼ਹਿਰ ਇੱਕ ਉੱਚੀ ਪਹਾੜੀ ਤੇ ਵਸਿਆ ਹੋਇਆ ਹੈ ਜਿਸ ਦੇ ਕਿਲੇ ਵਾਲੇ ਹਿੱਸੇ ਤੇ ਇਹ ਪਹਾੜੀ ਉੱਤਰ ਵੱਲ ਨੂੰ ਵਧੀ ਹੋਈ ਹੈ। ਜਿਸਦੇ ਉੱਤਰੀ ਕਿਨਾਰੇ ਤੇ ਇਹ ਕਿਲਾ ਬਣਿਆ ਹੋਇਆ ਹੈ। ਇਸ ਤਰ੍ਹਾਂ ਇਸ ਕਿਲੇ ਦੇ ਤਿੰਨ ਪਾਸੇ ਡੂੰਘੀ ਖੱਡ ਹੈ ਅਤੇ ਉਥੋਂ ਦੀ ਚੱਕੀ ਦਰਿਆ ਦੀ ਸਹਾਇਕ ਨਦੀ ਇਸ ਨੂੰ ਘੇਰਦੇ ਹੋਏ ਲੰਘਦੀ ਹੈ। ਜਿਸ ਕਰਕੇ ਇਹ ਫੌਜੀ ਦ੍ਰਿਸ਼ਟੀ ਤੋਂ ਬਹੁਤ ਹੀ ਸੁਰੱਖਿਤ ਕਿਲਾ ਹੋ ਜਾਂਦਾ ਹੈ, ਕਿਉਂਕਿ ਤਿੰਨ ਪਾਸੇ ਦੀ ਡੂੰਘੀ ਖੱਡ ਅਤੇ ਉਸ ਤੋਂ ਅੱਗੇ ਨਦੀ ਦੀ ਧਾਰਾ ਦੁਸ਼ਮਣਾਂ ਤੋਂ ਇਸ ਕਿਲੇ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ ਅਤੇ ਕਿਲੇ ਦੀਆਂ ਫੌਜੀ ਟੁਕੜੀਆਂ ਨੂੰ ਸਿਰਫ ਇੱਕ ਪਾਸੇ ਤੋਂ ਹੀ ਹਮਲੇ ਦਾ ਮੁਕਾਬਲਾ ਕਰਨਾ ਹੁੰਦਾ ਸੀ।
![]() |
| ਦਿਵਾਨ ਏ ਖਾਸ ਵਾਲਾ ਚਬੂਤਰਾ ਜਿਸ ਤੇ ਕਦੇ ਸ਼ਾਨਦਾਰ ਇਮਾਰਤ ਸੀ |
ਮੁੱਖ ਦਰਵਾਜ਼ੇ ਤੋਂ ਦਾਖਲ ਹੁੰਦੇ ਹੀ ਅੱਗੇ ਖੁੱਲਾ ਸਥਾਨ ਹੈ। ਅੰਦਰ ਕੁਝ ਵੱਡੇ ਆਕਾਰ ਦੇ ਪੰਜ ਸੱਤ ਰੁੱਖ ਵੀ ਹਨ ਜੋ ਉਹਨਾਂ ਦੇ ਆਕਾਰ ਤੋਂ ਲਮੇਰੀ ਉਮਰ ਦਾ ਅੰਦਾਜ਼ਾ ਦਿੰਦੇ ਹਨ। ਬਾਬਾ ਬੋਹੜ ਬਣੇ ਇਹਨਾਂ ਰੁੱਖਾਂ ਨੇ ਇੱਥੇ ਕਿੰਨੇ ਹੀ ਰਾਜੇ ਜੰਮਦੇ, ਰਾਜ ਕਰਦੇ ਅਤੇ ਮਰਦੇ ਵੇਖੇ ਹੋਣਗੇ ਪਰ ਇਹ ਅੱਜ ਵੀ ਸਥਿਰ ਖੜੇ ਹਨ।ਖੁੱਲੇ ਵੇਹੜੇ ਵਿੱਚ ਥੋੜਾ ਅੱਗੇ ਜਾ ਕੇ ਸੱਜੇ ਪਾਸੇ ਇੱਕ ਖੰਡਰ ਨੂਮਾ ਚਬੂਤਰਾ ਦਿਖਾਈ ਦਿੰਦਾ ਹੈ।
ਇਸ ਚਬੂਤਰੇ ਦੀਆਂ ਪੌੜੀਆਂ ਚੜ ਕੇ ਅੱਗੇ ਇਥੇ ਅਤੀਤ ਵਿੱਚ ਰਹੀ ਸ਼ਾਨਦਾਰ ਇਮਾਰਤ ਦੀਆਂ ਖੰਡਰਨੂਮਾ ਨੀਹਾਂ ਹੀ ਦਿਖਾਈ ਦਿੰਦੀਆਂ ਹਨ।
ਮੈਂ ਸਭ ਤੋਂ ਪਹਿਲਾਂ ਇਸ ਦੇ ਚਾਰੇ ਪਾਸੇ ਚੱਕਰ ਲਗਾਉਂਦਾ ਹਾਂ। ਬਾਹਰਲੇ ਪਾਸੇ ਤੋਂ ਇਹ ਨੀਂਹਾਂ ਹਾਲੇ ਵੀ ਲਗਭਗ 10 ਫੁੱਟ ਉੱਚੀਆਂ ਦਿਖਦੀਆਂ ਹਨ ਜਦ ਕਿ ਜਦ ਇਸ ਦੇ ਉੱਪਰ ਜਾਂਦੇ ਹਾਂ ਤਾਂ ਉੱਪਰ ਫਰਸ਼ ਤੋਂ ਤਿੰਨ ਚਾਰ ਫੁੱਟ ਉੱਚੀਆਂ ਕੰਧਾਂ ਹੀ ਬਚੀਆਂ ਹਨ।
ਇਸ ਦੀ ਕੰਧਾਂ ਤੇ ਬਾਹਰਲੇ ਪਾਸੇ ਸ਼ਾਨਦਾਰ ਕਲਾ ਕ੍ਰਿਤਾਂ ਪੱਥਰ ਵਿੱਚ ਉਕੇਰੀਆਂ ਗਈਆਂ ਹਨ।
![]() |
| ਕਿਲੇ ਦੀਆਂ ਕੰਧਾਂ ਤੇ ਬਣੀਆਂ ਮੂਰਤੀਆਂ |
ਇਹਨਾਂ ਕਲਾਕ੍ਰਿਤਾਂ ਵਿੱਚ ਤੁਹਾਨੂੰ ਨ੍ਰਿਤ ਕਰਦੇ ਮਹਿਲਾ ਅਤੇ ਪੁਰਸ਼ਾਂ ਦੀਆਂ ਮੂਰਤੀਆਂ ਤੋਂ ਇਲਾਵਾ ਗਾਵਾਂ, ਘੋੜਿਆਂ, ਹਾਥੀਆਂ ਦੀਆਂ ਮੂਰਤੀਆਂ ਵੀ ਦਿਖਾਈ ਦਿੰਦੀਆਂ ਹਨ । ਧਿਆਨ ਮੁਦਰਾ ਵਿੱਚ ਬੈਠੇ ਵਿਅਕਤੀਆਂ ਦੀਆਂ ਮੂਰਤੀਆਂ ਵੀ ਹਨ। ਇਸ ਤੋਂ ਇਲਾਵਾ ਉਪਰੀ ਕਤਾਰ ਵਿੱਚ ਪੰਛੀਆਂ ਦੀਆਂ ਮੂਰਤੀਆਂ ਉਕੇਰੀਆਂ ਹੋਈਆਂ ਹਨ। ਥੋੜੀ ਥੋੜੀ ਦੂਰ ਤੇ ਅਰਧ ਸੂਰਜ ਦੇ ਆਕਾਰ ਦੇ ਚਿੱਤਰ ਹਨ ਜੋ ਇਸ ਤੇ ਭਾਰਤੀ ਹਿੰਦੂ ਨਿਰਮਾਣ ਕਲਾ ਦੇ ਪ੍ਰਭਾਵ ਨੂੰ ਦਰਸਾਉਂਦੇ ਹਨ।
ਇਸ ਬਾਹਰੀ ਦੀਵਾਰ ਤੇ ਇੱਕ ਥਾਂ ਤੇ ਊਠਾਂ ਦੀਆਂ ਮੂਰਤੀਆਂ
![]() |
| ਕਿਲੇ ਦੀਆਂ ਕੰਧਾਂ ਤੇ ਬਣੀਆਂ ਊਠਾਂ ਦੀਆਂ ਮੁਰਤੀਆਂ |
ਉਕਰੀਆਂ ਦਿਖਾਈ ਦਿੰਦੀਆਂ ਹਨ। ਊਠ ਜੋ ਕਿ ਰਾਜਸਥਾਨ ਵਿੱਚ ਬਹੁਤਾਤ ਵਿੱਚ ਪਾਏ ਜਾਂਦੇ ਹਨ ਅਤੇ ਪਹਾੜੀ ਖੇਤਰਾਂ ਵਿੱਚ ਊਠ ਨਾ ਤਾਂ ਪਾਏ ਜਾਂਦੇ ਹਨ ਅਤੇ ਨਾ ਹੀ ਭੂਗੋਲਿਕ ਤੌਰ ਤੇ ਇਹ ਥਾਂ ਉਹਨਾਂ ਦੇ ਰਹਿਣ ਦੇ ਯੋਗ ਹੁੰਦੀ ਹੈ ਫਿਰ ਵੀ ਇੱਥੇ ਉਹਨਾਂ ਦੀਆਂ ਮੂਰਤੀਆਂ ਉਕਰੀਆਂ ਹੋਣੀਆਂ ਮੈਨੂੰ ਕਾਫੀ ਅਜੀਬ ਲੱਗਦੀਆਂ ਹਨ।
![]() |
| ਕਿਲੇ ਵਿਚ ਲੱਗਿਆ ਇਕੋ ਇਕ ਲਾਲ ਰੰਗ ਦਾ ਪੱਥਰ ਮੇਰੀ ਤਸਵੀਰ ਦੇ ਪਿੱਛੇ ਵਿਖਾਈ ਦੇ ਰਿਹਾ ਹੈ। |
ਕੁਝ ਲੋਕ ਦੱਸਦੇ ਹਨ ਕਿ ਇਹ ਥਾਂ ਸਥਾਨਕ ਰਾਜਿਆਂ ਦਾ ਦੀਵਾਨ ਏ ਖਾਸ ਸੀ। ਕੁਝ ਹੋਰ ਲੋਕ ਆਖਦੇ ਹਨ ਕਿ ਬਾਅਦ ਵਿੱਚ ਇਸ ਨੂੰ ਮੰਦਰ ਦਾ ਰੂਪ ਦੇ ਦਿੱਤਾ ਗਿਆ ਸੀ। ਇਸ ਕਿਲੇ ਦੇ ਅੰਦਰ ਹੀ ਇੱਕ ਮੰਦਰ ਬਣਿਆ ਹੋਇਆ ਹੈ ਜਿਸ ਦਾ ਜ਼ਿਕਰ ਅੱਗੇ ਜਾ ਕੇ ਹੋਵੇਗਾ। ਉਹ ਮੰਦਰ ਹੁਣ ਜਿਸ ਸਥਾਨ ਤੇ ਹੈ ਅਤੀਤ ਵਿੱਚ ਉਥੇ ਨਹੀਂ ਸੀ ਅਤੇ ਉਹ ਨਵੀਂ ਇਮਾਰਤ ਬਣੀ ਹੈ । ਜਿਸ ਕਰਕੇ ਇਸ ਗੱਲ ਵਿੱਚ ਦਮ ਲੱਗਦਾ ਹੈ ਕਿ ਅਤੀਤ ਵਿੱਚ ਉਹ ਮੰਦਰ ਇੱਥੇ ਹੀ ਹੋਵੇਗਾ। ਇਸ ਦਾ ਹੋਰ ਵਿਸਥਾਰ ਆਪਾਂ ਮੰਦਰ ਕੋਲੇ ਜਾ ਕੇ ਪ੍ਰਾਪਤ ਕਰਾਂਗੇ।
ਇਸ ਢਾਂਚੇ ਤੋਂ ਵਾਪਸ ਆ ਕੇ ਮੈਂ ਕਿਲੇ ਦੀ ਪਿਛਲੀ ਕੰਧ ਵੱਲ ਜਾਂਦਾ ਹਾਂ। ਹੇਠਾਂ ਡੂੰਘੀ ਖੱਡ ਹੈ।
ਇਸ ਚਬੂਤਰੇ ਦੇ ਨਾਲ ਹੀ ਇੱਕ ਪਾਸੇ ਵੱਡਾ ਖੂਹ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਪੀਣ ਦੇ ਪਾਣੀ ਦਾ ਇਹ ਕਿਲੇ ਦੇ ਅੰਦਰ ਪ੍ਰਮੁੱਖ ਸਰੋਤ ਸੀ ਜਦਕਿ ਇਸ ਚਬੂਤਰੇ ਦੇ ਸਾਹਮਣੇ ਵਾਲੇ ਪਾਸੇ ਇੱਕ ਵੱਡੇ ਤਲਾਬ ਹੋਣ ਦੇ ਸੰਕੇਤ ਵੀ ਮਿਲਦੇ ਹਨ।
ਚਲਦਾ. . .
ਇਸ ਸਬੰਧੀ ਵੀਡੀਓ ਤੁਸੀਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਵੇਖ ਸਕਦੇ ਹੋ।
ਅਗਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ।
ਇਸਤੋਂ ਪਿੱਛਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਸ ਲੜੀ ਦਾ ਸਭ ਤੋਂ ਪਹਿਲਾਂ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ।
हिंदी में पढ़ने के लिए यहाँ क्लिक करें
To read in English Click Here



.jpeg)


No comments:
Post a Comment