ਨੂਰਪੁਰ ਦੇ ਕਿਲੇ ਦਾ ਦੀਵਾਨੇ ਖਾਸ ਵਾਲਾ ਹਿੱਸਾ ਵੇਖਣ ਤੋਂ ਬਾਅਦ ਮੈਂ ਕੁਝ ਹੀ ਕਦਮਾਂ ਤੇ ਦੂਰ ਇਸ ਕਿਲੇ ਦੇ ਦੂਸਰੇ ਹਿੱਸੇ ਵੱਲ ਵਧਣ ਲੱਗਦਾ ਹਾਂ। ਮੇਰੀ ਸੋਚਾਂ ਦੀ ਤੰਦ ਇਤਿਹਾਸ ਵੱਲ ਚਲੀ ਜਾਂਦੀ ਹੈ।
![]() |
| ਕਿਲੇ ਦੀ ਡਿਊਢੀ ਕੋਲ ਲੇਖਕ |
1848-49 ਵਿੱਚ ਵਜ਼ੀਰ ਰਾਮ ਸਿੰਘ ਵੱਲੋਂ ਅੰਗਰੇਜ਼ਾਂ ਖਿਲਾਫ ਕੀਤੀ ਬਗਾਵਤ ਦਾ ਕਿੱਸਾ ਤੁਸੀਂ ਪਿਛਲੀ ਕੜੀ ਵਿੱਚ ਪੜ੍ਹ ਚੁੱਕੇ ਹੋ।
ਆਪਾਂ ਕਾਲ ਚੱਕਰ ਨੂੰ ਪੁੱਠਾ ਗੇੜਾ ਦੇ ਕੇ ਲਗਭਗ ਢਾਈ ਸੌ ਸਾਲ ਪਿੱਛੇ ਜਾਂਦੇ ਹਾਂ।
ਜਿੱਥੇ ਅੱਜ ਮੈਂ ਘੁੰਮ ਰਿਹਾ ਸੀ ਉੱਥੇ 1770 ਤੋਂ 1805 ਤੱਕ ਪ੍ਰਿਥਵੀ ਸਿੰਘ ਨਾਂ ਦੇ ਰਾਜੇ ਦਾ ਰਾਜ ਸੀ। ਦੂਜੇ ਪਾਸੇ 18ਵੀਂ ਸਦੀ ਦੇ ਆਖਰੀ ਸਾਲਾਂ ਵਿੱਚ ਗੁਆਂਡੀ ਪੰਜਾਬ ਵਾਲੇ ਇਲਾਕੇ ਵਿੱਚ ਸਿੱਖ ਮਿਸਲਾਂ ਜੋਰ ਫੜ ਰਹੀਆਂ ਸਨ। ਨੂਰਪੁਰ ਦੇ ਨਾਲ ਲੱਗਦੇ ਮੁਕੇਰੀਆਂ, ਹਾਜੀਪੁਰ ਆਦਿ ਇਲਾਕੇ ਵਿੱਚ ਜੈ ਸਿੰਘ ਕਨਹਈਆ ਮਿਸਲ ਦਾ ਪ੍ਰਭਾਵ ਵਧਣ ਲੱਗਿਆ ਸੀ ਅਤੇ ਇਸ ਪਾਸਿਓਂ ਨੂਰਪੁਰ ਦੀ ਰਿਆਸਤ ਨਾਲ ਟਕਰਾ ਵਾਲੇ ਹਾਲਾਤ ਬਣਨ ਲੱਗੇ ਸਨ।
![]() |
| ਨੂਰਪੁਰ ਦੇ ਕਿਲੇ ਦੇ ਦ੍ਰਿਸ਼ |
ਇਸ ਤੋਂ ਪਹਿਲਾਂ ਇਹ ਪਹਾੜੀ ਰਿਆਸਤ ਹੋਰ ਪਹਾੜੀ ਰਿਆਸਤਾਂ ਵਾਂਗ ਮੁਗਲ ਸਾਮਰਾਜ ਦੀ ਅਧੀਨਗੀ ਅਧੀਨ ਇੱਥੇ ਚੱਲ ਰਹੀਆਂ ਸਨ। ਪਰ 18ਵੀਂ ਸਦੀ ਦੇ ਅੱਧ ਤੋਂ ਬਾਅਦ ਜਿਵੇਂ ਜਿਵੇਂ ਮੁਗਲ ਸਾਮਰਾਜ ਕਮਜ਼ੋਰ ਹੁੰਦਾ ਗਿਆ ਇਹਨਾਂ ਰਿਆਸਤਾਂ ਨੇ ਵੀ ਆਪਣੇ ਆਪ ਨੂੰ ਆਪੇ ਹੀ ਇੱਕ ਤਰ੍ਹਾਂ ਨਾਲ ਆਜਾਦ ਰਿਆਸਤਾਂ ਵਜੋਂ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਨੂਰਪੁਰ ਦੀ ਰਿਆਸਤ ਵੀ ਉਹਨਾਂ ਵਿੱਚੋ ਇੱਕ ਸੀ।
ਇਸ ਦੌਰਾਨ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਲਾਹੌਰ ਤੇ ਸਿੱਖ ਰਾਜ ਦੀ ਸਥਾਪਨਾ ਹੋਈ ਅਤੇ ਉਹਨਾਂ ਵੱਲੋਂ ਲਗਾਤਾਰ ਆਪਣੇ ਰਾਜ ਦਾ ਵਿਸਥਾਰ ਕੀਤਾ ਜਾ ਰਿਹਾ ਸੀ।
![]() |
| ਮਹਾਰਾਜਾ ਰਣਜੀਤ ਸਿੰਘ |
ਇਸੇ ਦੌਰਾਨ 1806 ਵਿੱਚ ਨੇਪਾਲ ਦੇ ਗੋਰਖਿਆਂ ਨੇ ਰਾਜਾ ਅਮਰ ਸਿੰਘ ਥਾਪਾ ਦੀ ਅਗਵਾਈ ਵਿੱਚ ਕਾਂਗੜਾ ਤੇ ਹਮਲਾ ਕਰਕੇ ਉਥੋਂ ਦੇ ਰਾਜਾ ਸੰਸਾਰ ਚੰਦ ਤੋਂ ਕਾਂਗੜੇ ਦਾ ਕਿਲਾ ਜਿੱਤ ਲਿਆ। ਇਸ ਤਰ੍ਹਾਂ ਗੋਰਖਿਆਂ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਨੇੜਲੇ ਇਲਾਕੇ ਤੱਕ ਆ ਗਿਆ ਸੀ ਅਤੇ ਇਹ ਉਹਨਾਂ ਦੇ ਕਸ਼ਮੀਰ ਅਤੇ ਪੰਜਾਬ ਵਾਲੇ ਇਲਾਕੇ ਲਈ ਖਤਰਾ ਬਣ ਸਕਦਾ ਸੀ। ਇਸ ਲਈ ਮਹਾਰਾਜਾ ਰਣਜੀਤ ਸਿੰਘ ਇਸ ਪਾਸੇ ਵੱਲ ਸੋਚ ਰਹੇ ਸਨ। ਇਸ ਤੋਂ ਬਿਨਾਂ ਅੰਗਰੇਜ਼ਾਂ ਨਾਲ ਸਤਲੁਜ ਨਾ ਪਾਰ ਕਰਨ ਦੀ ਸੰਧੀ ਕਾਰਨ ਆਪਣੇ ਰਾਜ ਨੂੰ ਵਿਸਥਾਰ ਦੇਣ ਲਈ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਹੋਰ ਪਾਸਿਆਂ ਵੱਲ ਵੇਖਣਾ ਪੈਣਾ ਸੀ।
ਇਸ ਦੌਰਾਨ ਰਾਜਾ ਸੰਸਾਰ ਚੰਦ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਅਤੇ 1809 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਨੇ ਗੋਰਖਿਆਂ ਨੂੰ ਹਰਾ ਕੇ ਕਾਂਗੜੇ ਦਾ ਕਿਲਾ ਜਿੱਤ ਲਿਆ ਅਤੇ ਇਹ ਇਲਾਕਾ ਸਿੱਖ ਰਾਜ ਅਧੀਨ ਆ ਗਿਆ । ਉਸ ਮੌਕੇ ਨੂਰਪੁਰ ਤੇ ਰਾਜਾ ਵੀਰ ਸਿੰਘ ਦਾ ਰਾਜ ਸੀ।
![]() |
| ਨੂਰਪੁਰ ਦੇ ਕਿਲੇ ਦੇ ਖੰਡਰ |
ਰਾਜਾ ਵੀਰ ਸਿੰਘ ਨੇ ਇਹ ਨਜ਼ਰਾਨਾ ਸਮੇਂ ਸਿਰ ਭੇਜਣ ਤੋਂ ਹੌਲੀ ਹੌਲੀ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ 1816 ਵਿੱਚ ਇਸ ਖਿੱਤੇ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਿੱਧੇ ਤੌਰ ਤੇ ਆਪਣੇ ਅਧੀਨ ਕਰ ਲਿਆ ਅਤੇ ਇੱਥੇ ਆਪਣੇ "ਕਰਦਾਰ" ਨਿਯੁਕਤ ਕੀਤੇ ਜਿਸ ਤੋਂ ਬਾਅਦ ਇਹ ਇਲਾਕਾ ਸਿੱਧੇ ਤੌਰ ਤੇ ਸਿੱਖ ਰਾਜ ਦੇ ਅਧੀਨ ਆ ਗਿਆ।
ਪਰ ਬਾਵਜੂਦ ਇਸ ਦੇ ਕੇ ਇਹ ਇਲਾਕਾ ਸਿੱਖ ਰਾਜ ਦੇ ਅਧੀਨ ਹੋ ਗਿਆ ਇਥੋਂ ਦੇ ਸਮਾਜਿਕ ਧਾਰਮਿਕ ਜੀਵਨ ਵਿੱਚ ਇੱਕ ਧਰਮ ਨਿਰਪੱਖ ਰਾਜੇ ਨੇ ਕੋਈ ਦਖਲ ਨਹੀਂ ਦਿੱਤਾ। ਇਥੋਂ ਦੇ ਕਾਫੀ ਲੋਕ ਫੌਜ ਵਿੱਚ ਵੀ ਭਰਤੀ ਹੋਏ।
ਇਸ ਦੌਰਾਨ 1816 ਤੋਂ ਲੈ ਕੇ 1846 ਤੱਕ ਨੂਰਪੁਰ ਲਾਹੌਰ ਦਰਬਾਰ ਦੇ ਅਧੀਨ ਰਿਹਾ। 1846 ਵਿੱਚ ਪਹਿਲੇ ਐਂਗਲੋ ਸਿੱਖ ਯੁੱਧ ਦੇ ਦੌਰਾਨ ਮੌਕਾ ਵੇਖ ਕੇ ਰਾਜਾ ਵੀਰ ਸਿੰਘ ਨੇ ਨੂਰਪੁਰ ਵਿਚ ਮੁੜ ਆਪਣਾ ਕਿਲਾ ਪ੍ਰਾਪਤ ਦਾ ਯਤਨ ਕੀਤਾ ਜਿਸ ਦੌਰਾਨ ਉਹ ਕਿਲੇ ਦੇ ਗੇਟ ਤੇ ਹੀ ਮਾਰਿਆ ਗਿਆ । ਇਸ ਪ੍ਰਕਿਰਿਆ ਵਿੱਚ ਅੰਗਰੇਜ਼ਾਂ ਨੇ ਵੀ ਪਹਾੜੀ ਰਿਆਸਤਾਂ ਨੂੰ ਲਾਹੌਰ ਦਰਬਾਰ ਤੋਂ ਅਲੱਗ ਹੋਣ ਲਈ ਉਕਸਾਇਆ ਸੀ।
![]() |
| ਮਹਾਰਾਜਾ ਦਲੀਪ ਸਿੰਘ |
ਜਿੰਨਾ ਪਹਾੜੀ ਰਾਜਿਆਂ ਨੇ ਅੰਗਰੇਜ਼ਾਂ ਦੀ ਚੱਕ ਵਿੱਚ ਆ ਕੇ ਲਾਹੌਰ ਦਰਬਾਰ ਖਿਲਾਫ ਬਗਾਵਤ ਕੀਤੀ ਸੀ ਉਹਨਾਂ ਦੇ ਹੱਥ ਕੁਝ ਨਾ ਲੱਗਿਆ ਕਿਉਂਕਿ ਹੁਣ ਉਹ ਇੱਕ ਵਿਦੇਸ਼ੀ ਕੰਪਨੀ ਈਸਟ ਇੰਡੀਆ ਦੇ ਅਧੀਨ ਹੋ ਕੇ ਰਹਿ ਗਏ ਸਨ ।
ਇਸ ਦੌਰਾਨ ਰਾਜਾ ਵੀਰ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਰਾਜਕੁਮਾਰ ਜਸਵੰਤ ਸਿੰਘ ਨੂੰ ਅੰਗਰੇਜ਼ਾਂ ਨੇ ਰਾਜਾ ਨਾ ਮੰਨਣ ਦਾ ਬਹਾਨਾ ਬਣਾ ਕੇ ਉਸ ਦਾ ਰਾਜ ਪੱਕੇ ਤੌਰ ਤੇ ਖੋਹਣ ਦੀ ਨੀਤੀ ਬਣਾਈ ਜਿਸ ਬਾਰੇ ਤੁਸੀਂ ਵਜ਼ੀਰ ਰਾਮ ਸਿੰਘ ਦੀ ਗਾਥਾ ਵਾਲੀ ਕੜੀ ਵਿੱਚ ਪੜ੍ਹ ਚੁੱਕੇ ਹੋ।
ਵਜ਼ੀਰ ਰਾਮ ਸਿੰਘ ਨੂੰ ਦੇਸ਼ ਨਿਕਾਲਾ ਦੇਣ ਤੋਂ ਬਾਅਦ ਅੰਗਰੇਜ਼ਾਂ ਨੇ ਰਾਜਕੁਮਾਰ ਜਸਵੰਤ ਸਿੰਘ ਨੂੰ 5000 ਰੁਪਏ ਦੀ ਪੈਨਸ਼ਨ ਲਗਾ ਕੇ ਉਸ ਦਾ ਇਹ ਇਲਾਕਾ ਪੂਰੀ ਤਰਹਾਂ ਨਾਲ ਅੰਗਰੇਜ਼ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ।
ਦੂਜੇ ਪਾਸੇ ਦੂਜੀ ਐਂਗਲੋ ਸਿੱਖ ਵਾਰ 1848 ਤੋਂ ਬਾਅਦ ਲਾਹੌਰ ਦਰਬਾਰ ਦਾ ਪੂਰਾ ਸਿੱਖ ਰਾਜ ਵੀ ਸਿੱਧੇ ਅੰਗਰੇਜ਼ਾਂ ਅਧੀਨ ਆ ਗਿਆ ਅਤੇ ਭਾਰਤ ਦੇ ਆਖਰੀ ਸੁਤੰਤਰ ਰਾਜ ਦੀ ਗੁਲਾਮੀ ਦੀਆਂ ਜੰਜੀਰਾਂ ਵਿੱਚ ਚਲਾ ਗਿਆ।
ਮੈਂ ਤੁਰਦਾ ਤੁਰਦਾ ਹੁਣ ਕਿਲੇ ਦੇ ਉਸ ਭਾਗ ਵਿੱਚ ਆ ਗਿਆ ਹਾਂ ਜਿੱਥੇ ਰਾਜੇ ਦਾ ਨਿਵਾਸ ਅਤੇ ਦਫਤਰ ਸੀ।
ਚਲਦਾ....





No comments:
Post a Comment