Wednesday, December 17, 2025

ਬ੍ਰਿਜ ਰਾਜ ਸਵਾਮੀ ਮੰਦਰ ਨੂਰਪੁਰ (ਹਿਮਾਚਲ ਪ੍ਰਦੇਸ਼)

ਨੂਰਪੁਰ Nurpur Fort ਕਿਲੇ ਦੇ ਅੰਦਰ ਧੁਰ ਪੱਛਮ ਵਾਲੇ ਕੋਣੇ ਤੇ ਬਣਿਆ ਹੋਇਆ ਹੈ ਬ੍ਰਿਜ ਰਾਜ ਸਵਾਮੀ

ਮੰਦਰ Brij Raj Swami Mandir. ਇਕ ਛੋਟੇ ਗੇਟ ਵਿਚੋਂ ਲੰਘ ਕੇ ਮੰਦਰ ਦੇ ਵੇਹੜੇ ਵਿਚ ਦਾਖਲ ਹੁੰਦਾ ਹਾਂ ਤਾਂ ਸਾਹਮਣੇ ਸਦੀਆਂ ਪੁਰਾਣਾ ਬੋਹੜ ਦਾ ਵੱਡਾ ਰੁੱਖ ਸ਼ਰਧਾਲੂਆਂ ਨੂੰ ਜੀ ਆਇਆਂ ਨੂੰ ਆਖਦਾ ਪ੍ਰਤੀਤ ਹੁੰਦਾ ਹੈ। ਸੱਜੇ ਹੱਥ ਛੋਟਾ ਪਾਰਕ ਬਣਿਆ ਹੈ ਜਿਸ ਦੇ ਦੁਆਲੇ ਛੋਟੀ ਛੋਟੀ ਚਾਰਦਿਵਾਰੀ ਹੈ। ਬਿੱਲਕੁਲ ਸਾਹਮਣੇ ਯੱਗਸ਼ਾਲਾ ਹੈ ਅਤੇ ਖੱਬੇ ਹੱਥ ਛੋਟਾ ਜਿਹਾ ਲੰਗਰ ਹਾਲ। ਸੱਜੇ ਹੱਥ ਬਣੇ ਪਾਰਕ ਦੇ ਨਾਲ ਨਾਲ ਚਲੱਦਿਆਂ 50 ਕੁ ਫੁੱਟ ਅੱਗੇ ਜਾ ਕੇ ਸੱਜੇ ਪਾਸੇ ਨੂੰ ਮੁੜ ਕੇ ਮੁੱਖ ਮੰਦਰ ਹੈ। 

ਇਸ ਪਵਿੱਤਰ ਮੰਦਰ ਵਿਚ ਆ ਕੇ ਬਹੁਤ ਸਾਂਤੀ ਮਹਿਸੂਸ ਹੁੰਦੀ ਹੈ। ਮੰਦਰ ਦੇ ਅੰਦਰ ਸਾਹਮਣੇ ਭਗਵਾਨ ਦੀਆਂ ਮੂਰਤੀਆਂ ਨੂੰ ਨਤਮਸਤਕ ਹੋ ਕੇ ਇਸ ਮੰਦਰ ਦੇ ਮੁੱਖ ਉਪਰੀ ਭਾਗ ਤੇ ਜਾਣ ਲਈ ਖੱਬੇ ਹੱਥ ਵਾਲੇ ਪਾਸੇ ਤੋਂ ਪੌੜੀਆਂ ਚੜਦੀਆਂ ਹਨ। 

2125 ਫੁੱਟ ਦੀ ਉਚਾਈ ਤੇ ਵਸੇ ਨੂਰਪੂਰ ਸ਼ਹਿਰ ਦੇ ਇਸ ਕਿਲੇ ਦਾ ਇਹ ਬ੍ਰਿਜ ਰਾਜ ਸਵਾਮੀ ਮੰਦਰ ਪੁਰਾਤਨ ਸਮੇਂ ਇੱਥੇ ਨਹੀਂ ਸੀ। ਇਹ ਮੰਦਰ ਜਿਵੇਂ ਆਪਾਂ ਪਿੱਛਲੀ ਲੜੀ ਵਿਚ ਜਾਣਿਆ ਕਿ ਪੁਰਾਣੇ ਸਮੇਂ ਵਿਚ ਕਿਲੇ ਦੇ ਦਰਬਾਰ ਏ ਖਾਸ ਵਾਲੇ ਹਿੱਸੇ ਵਿਚ ਸੀ।

ਕਿਲਾ ਭਾਂਵੇਂ 10-11ਵੀਂ ਸਦੀ ਵਿਚ ਬਣਿਆ ਸੀ ਅਤੇ ਤਦ ਇਸਦਾ ਦਰਬਾਰ ਏ ਖਾਸ ਮੰਦਰ ਨਹੀਂ ਸੀ। ਉਸਨੂੰ ਮੰਦਰ ਦਾ ਰੂਪ ਦੇਣ ਦੀ ਕਹਾਣੀ ਵੀ ਬੜੀ ਰੌਚਕ ਹੈ।

ਗੱਲ 1619 ਤੋਂ 1623 ਦੇ ਵਿਚਕਾਰ ਦੀ ਦੱਸੀ ਜਾਂਦੀ ਹੈ ਜਦੋਂ ਇਸ ਕਿਲੇ ਤੇ ਰਾਜਾ ਜਗਤ ਸਿੰਘ ਦਾ ਰਾਜ ਸੀ। ਉਕਤ ਸਮੇਂ ੳਹ ਚਿਤੌੜਗੜ੍ਹ (ਰਾਜਸਥਾਨ) ਦੇ ਰਾਜਾ ਦੇ ਸੱਦੇ ਤੇ ਚਿਤੌੜਗੜ੍ਹ ਗਿਆ ਸੀ। ਜਿਵੇਂ ਆਪਾਂ ਆਪਣੇ ਦੋਸਤਾਂ ਮਿੱਤਰਾਂ ਕੋਲ ਜਾਂਦੇ ਹਾਂ ਰਾਜਿਆਂ ਦੇ ਦੋਸਤ ਮਿੱਤਰ ਵੀ ਤਾਂ ਰਾਜੇ ਹੀ ਹੁੰਦੇ ਸਨ। ਰਾਜਿਆਂ ਦੀਆਂ ਰਿਸਤੇਦਾਰੀਆਂ ਵਿਚ ਰਾਜਿਆਂ ਦੇ ਹੁੰਦੀਆਂ ਸੀ, ਜਿਵੇਂ ਅੱਜ ਕੱਲ ਦੇ ਸਿਆਸਤਦਾਨ ਆਪਣੇ ਧੀਆਂ ਪੁੱਤਾਂ ਦੇ ਰਿਸਤੇ ਸਿਆਸਤਦਾਨਾਂ ਦੇ ਕਰਦੇ ਹਨ। ਜਨਤਾ ਨੂੰ ਭਾਂਵੇਂ ਇਹ ਧਰਮ ਦੇ ਨਾਂਅ ਤੇ ਲੜਾਈ ਜਾਣ ਪਰ ਇਹ ਸਿਆਸਤਦਾਨ ਆਪਣੇ ਧੀਆਂ ਪੁੱਤਾਂ ਦੇ ਰਿਸਤੇ ਧਰਮ ਤੋਂ ਉਪਰ ਉਠ ਕੇ ਅਜਿਹੇ ਘਰਾਣਿਆਂ ਵਿਚ ਕਰਦੇ ਹਨ ਜੋ ਅੱਜਕਲ ਰਾਜ ਸੱਤਾ ਦੇ ਗਲਿਆਰਿਆਂ ਵਿਚ ਵਿਚਰਦੇ ਹਨ।

ਨੂਰਪੁਰ ਦੇ ਰਾਜਾ ਜਗਤ ਸਿੰਘ ਪਠਾਣੀਆਂ ਰਾਜਪੂਤ ਸਨ ਜਦ ਕਿ ਚਿਤੋੜਗੜ੍ਹ ਦਾ ਰਾਜਵੰਸ਼ ਸਿਸੋਸਦੀਆਂ ਰਾਜਪੂਤ ਸੀ। ਇਸ ਤਰਾਂ ਦੋਹੇਂ ਰਾਜੇ ਰਾਜਪੂਤ ਸਨ ਜਿਸ ਕਾਰਨ ਇੰਨ੍ਹਾਂ ਦੀ ਨੇੜਤਾ ਹੋਣੀ ਹੋਰ ਵੀ ਸੁਭਾਵਿਕ ਹੈ। 

ਖੈਰ ਗੱਲ ਹੋਰ ਪਾਸੇ ਨਾ ਜਾਵੇ, ਦੱਸਦੇ ਹਨ ਕਿ ਰਾਜਾ ਜਗਤ ਸਿੰਘ, ਚਿੱਤੌੜਗੜ੍ਹ ਦੇ ਰਾਜਾ ਦੇ ਮਹਿਲ ਵਿਚ ਜਿੱਥੇ ਰੁਕੇ ਸਨ ਉਥੇ ਨਜਦੀਕ ਹੀ ਮੰਦਰ ਸੀ। ਉਨ੍ਹਾਂ ਨੂੰ ਰਾਤ ਨੂੰ ਮੰਦਰ ਵਿਚੋਂ ਭਜਨ ਸੁਣਾਈ ਦਿੰਦੇ ਰਹੇ। ਰਾਜਾ ਦੇ ਨਾਲ ਉਸਦਾ ਪੁਰੋਹਿਤ ਵੀ ਗਿਆ ਸੀ।

ਰਾਜਸਥਾਨ ਦੇ ਚਿਤੋੜਗੜ੍ਹ ਰਾਜਘਰਾਨੇ ਵਿਚ ਹੀ ਮੀਰਾ ਬਾਈ ਜੀ ਵਿਆਹ ਕੇ ਆਏ ਸਨ। ਉਨ੍ਹਾਂ ਦਾ ਜਨਮ ਸੰਨ 1500 ਦੇ ਆਸ ਪਾਸ ਦਾ ਮੰਨਿਆ ਜਾਂਦਾ ਹੈ। ਉਹ ਸ੍ਰੀ ਕ੍ਰਿਸ਼ਨ ਭਗਵਾਨ ਦੇ ਭਗਤ ਸਨ। 

ਜਦ ਉਕਤ ਮਹਿਲ ਵਿਚ ਰਾਜਾ ਜਗਤ ਸਿੰਘ ਨੇ ਰਾਤ ਸਮੇਂ ਭਜਨ ਤੇ ਘੁੰਗਰੂਆਂ ਦੀ ਅਵਾਜ ਸੁਣੀ ਤਾਂ ਉਨ੍ਹਾਂ ਨੇ ਇਸ ਬਾਰੇ ਆਪਣੇ ਪੁਰੋਹਿਤ ਨਾਲ ਗੱਲ ਕੀਤੀ। ਪੁਰੋਹਿਤ ਦੀ ਸਲਾਹ ਤੇ ਰਾਜਾ ਜਗਤ ਸਿੰਘ ਨੇ ਵਾਪਿਸੀ ਸਮੇਂ ਚਿਤੋੜਗੜ੍ਹ ਦੇ ਰਾਜਾ ਤੋਂ ਕ੍ਰਿਸ਼ਨ ਭਗਵਾਨ ਅਤੇ ਮੀਰਾ ਬਾਈ ਦੀਆਂ ਮੂਰਤੀਆਂ ਦੀ ਮੰਗ ਕੀਤੀ ਜਿੰਨ੍ਹਾਂ ਨੂੰ ਉਨ੍ਹਾਂ ਨੇ ਲਿਆ ਕੇ ਆਪਣੇ ਕਿਲੇ ਦੇ ਸਭ ਤੋਂ ਪ੍ਰਮੁੱਖ ਭਾਗ ਦਰਬਾਰ ਏ ਖਾਸ ਵਿਚ ਸਥਾਪਿਤ ਕੀਤਾ ਅਤੇ ਇਸ ਨੂੰ ਬ੍ਰਿਜ ਰਾਜ ਸਵਾਮੀ ਮੰਦਰ ਬਣਾਇਆ। ਪਰ ਬਾਅਦ ਵਿਚ 1905 ਵਿਚ ਆਏ ਭੁਚਾਲ ਵਿਚ ਇਹ ਸਥਾਨ ਬੁਰੀ ਤਰਾਂ ਨੁਕਸਾਨਿਆ ਗਿਆ ਜਿਸ ਤੋਂ ਬਾਅਦ ਇਹ ਮੰਦਰ ਵਰਤਮਾਨ ਸਥਾਨ ਤੇ ਨਵੇਂ ਸਥਾਨ ਤੇ ਬਣਾਇਆ ਗਿਆ ਹੈ।

ਪੌੜੀਆਂ ਚੜ੍ਹ ਕੇ ਉਪਰ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀ ਕਾਲੇ ਸੰਗਮਰਮਰ ਨਾਲ ਰਾਜਸਥਾਨੀ ਕਲਾ ਦੇ ਪ੍ਰਭਾਵ ਹੇਠ ਬਣੀ ਮੂਰਤੀ ਤੋਂ ਇਲਾਵਾ ਮੀਰਾ ਬਾਈ ਜੀ ਦੀ ਮੂਰਤੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕੀਤਾ। ਪੁਜਾਰੀ ਤੋਂ ਪ੍ਰਸ਼ਾਦ ਗ੍ਰਹਿਣ ਕਰਕੇ ਵਾਪਿਸ ਨੀਚੇ ਆ ਜਾਂਦਾ ਹੈ। 

ਇੱਥੇ ਹੀ ਇਕ ਮੌਲਸਰੀ ਦਾ ਪੌਦਾ ਲੱਗਿਆ ਹੋਇਆ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਵੀ ਚਿਤੌੜਗੜ੍ਹ ਦੇ ਰਾਜਾ ਤੋਂ ਮੂਰਤੀਆਂ ਨਾਲ ਭੇਂਟ ਵਿਚ ਰਾਜਾ ਜਗਤ ਸਿੰਘ ਲੈ ਕੇ ਆਏ ਸਨ।

ਮੰਦਰ ਦੇ ਨਾਲ ਅੱਗਲੇ ਪਾਸੇ ਇਕ ਹੋਰ ਪਾਰਕ ਹੈ ਜਿੱਥੋਂ ਦੂਰ ਤੱਕ ਦੇ ਪਹਾੜੀਆਂ ਦੇ ਨਜਾਰੇ ਵੇਖੇ ਜਾ ਸਕਦੇ ਹਨ ਅਤੇ ਹੇਠਾਂ ਵਹਿ ਰਹੀ ਚੱਕੀ ਨਦੀ ਦੀ ਸਹਾਇਕ ਧਾਰਾ ਵੀ ਵੇਖੀ ਜਾ ਸਕਦੀ ਹੈ। ਇਸਦੇ ਨਾਲ ਹੀ ਇਕ ਨੀਵੇਂ ਪਾਸੇ ਨੂੰ ਹੋਰ ਮੰਦਰ ਵੀ ਬਣਿਆ ਹੋਇਆ ਹੈ ਜਿਸ ਦੇ ਆਸਪਾਸ ਦੇ ਮੈਦਾਨ ਨੂੰ ਸੁੰਦਰ ਘਾਹ ਨਾਲ ਢੱਕਿਆ ਗਿਆ ਹੈ ਅਤੇ ਸੋਹਣਾ ਲੈਂਡ ਸਕੇਪ ਕੀਤਾ ਹੋਇਆ ਹੈ। ਇੱਥੇ ਕੁਝ ਨੌਜਵਾਨ ਮੁੰਡੇ ਕੁੜੀਆਂ ਦਾ ਝੁੰਡ ਵੀ ਘੁੰਮਣ ਆਇਆ ਹੋਇਆ ਹੈ।

ਮੇਰੀ ਨੂਰਪੁਰ ਦੇ ਕਿਲੇ ਦੀ ਯਾਤਰਾ ਇੱਥੇ ਮੁੱਕ ਗਈ ਹੈ ਪਰ ਵਾਪਿਸੀ ਤੋਂ ਪਹਿਲਾਂ ਮੈਂ ਇੱਥੋਂ ਦਾ ਇਕੋ ਪਾਰਕ ਹੋਰ ਵੇਖਣ ਲਈ ਨਿਕਲ ਪੈਂਦਾ ਹਾਂ। 

ਚਲਦਾ.....

ਅਗਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪਿੱਛਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ

ਇਸ ਲੜੀ ਦਾ ਸਭ ਤੋਂ ਪਹਿਲਾਂ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ।

हिंदी में पढ़ने के लिए यहाँ क्लिक करें 

To read it in English Click Here


No comments:

Post a Comment

ਪੰਜਾਬ ਦਾ ਸਭ ਤੋਂ ਉੱਚਾ ਸ਼ਿਵ ਮੰਦਰ

ਅਪ੍ਰੈਲ ਮਹੀਨੇ ਦੀ ਇਕ ਸ਼ਾਮ। ਮੈਂ ਤਲਵਾੜੇ Talwara ਤੋਂ ਸਫਰ ਸ਼ੁਰੂ ਕੀਤਾ। ਮੰਜਿਲ ਸੀ, Punjab ਦਾ ਸਭ ਤੋਂ ਉੱਚਾ ਸ਼ਿਵ ਮੰਦਰ Shiv Temple । ਵੈਸੇ ਤਾਂ ਇਸ ਮੰਦਰ ਤੱਕ ...